Close
Menu

ਮੈਡਰਿਡ ਓਪਨ ਟੈਨਿਸ: ਸਿਟਸਿਪਾਸ ਨੇ ਨਡਾਲ ਨੂੰ ਹਰਾ ਕੇ ਕੀਤਾ ਉਲਟ-ਫੇਰ

-- 13 May,2019

ਮੈਡਰਿਡ, 13 ਮਈ
ਯੂਨਾਨ ਦੇ ਸਟੈਫਾਨੋਜ਼ ਸਿਟਸਿਪਾਸ ਨੇ ਸੈਮੀ ਫਾਈਨਲ ਵਿੱਚ ਦੁਨੀਆਂ ਦੇ ਦੂਜੇ ਨੰਬਰ ਦੇ ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਨੂੰ ਹਰਾ ਕੇ ਉਲਟਫੇਰ ਕਰਦਿਆਂ ਮੈਡਰਿਡ ਓਪਨ ਦੇ ਫਾਈਨਲ ਵਿੱਚ ਥਾਂ ਬਣਾ ਲਈ। ਹੁਣ ਉਸ ਦਾ ਸਾਹਮਣਾ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨਾਲ ਹੋਵੇਗਾ। ਮੁਕਾਬਲੇ ਤੋਂ ਪਹਿਲਾਂ ਨਡਾਲ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ 20 ਸਾਲ ਦੇ ਯੂਨਾਨੀ ਖਿਡਾਰੀ ਨੇ ਉਸ ਨੂੰ 6-4, 2-6, 6-3 ਨਾਲ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸ ਜਿੱਤ ਨਾਲ ਹੀ ਸਿਟਸਿਪਾਸ ਨੇ ਚੌਥੀ ਵਾਰ ਏਟੀਪੀ ਫਾਈਨਲ ਵਿੱਚ ਥਾਂ ਪੱਕੀ ਕੀਤੀ ਹੈ।
ਮੁਕਾਬਲਾ ਜਿੱਤਣ ਮਗਰੋਂ ਸਿਟਸਿਪਾਸ ਨੇ ਕਿਹਾ, ‘‘ਸੱਚਮੁੱਚ ਇਹ ਬਹੁਤ ਮੁਸ਼ਕਲ ਚੁਣੌਤੀ ਸੀ, ਜੋ ਮੇਰੀਆਂ ਮੁਸ਼ਕਲ ਜਿੱਤਾਂ ਵਿੱਚੋਂ ਇੱਕ ਸੀ।’’ ਨਡਾਲ ਨੂੰ ਕਲੇਅ ਕੋਰਟ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਉਸ ਨੂੰ ਹਰਾਉਣ ਮਗਰੋਂ ਸਿਟਸਿਪਾਸ ਦਾ ਹੌਸਲਾ ਵਧਿਆ ਹੋਵੇਗਾ, ਜਿਸ ਦਾ ਅਗਲਾ ਮੁਕਾਬਲਾ ਜੋਕੋਵਿਚ ਨਾਲ ਹੈ। ਸਿਟਸਿਪਾਸ ਨੇ ਕੁਆਰਟਰ ਫਾਈਨਲ ਵਿੱਚ ਅਲੈਕਜ਼ੈਂਡਰ ਜ਼ੈਵੇਰੇਵ ਨੂੰ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ ਸੀ।
ਦੂਜੇ ਪਾਸੇ ਜੋਕੋਵਿਚ ਨੇ ਸੈਮੀ ਫਾਈਨਲ ਦੇ ਰੋਮਾਂਚਕ ਮੁਕਾਬਲੇ ਵਿੱਚ ਡੌਮੀਨਿਕ ਥੀਮ ਦੀ ਚੁਣੌਤੀ 7-6, 7-6 ਨਾਲ ਖ਼ਤਮ ਕਰ ਦਿੱਤੀ। ਦੋ ਵਾਰ ਦੇ ਚੈਂਪੀਅਨ ਜੋਕੋਵਿਚ ਨੇ ਕਿਹਾ, ‘‘ਦੁਨੀਆਂ ਦੇ ਸਰਵੋਤਮ ਖਿਡਾਰੀਆਂ ਵਿੱਚ ਸ਼ੁਮਾਰ ਥੀਮ ਖ਼ਿਲਾਫ਼ ਇਹ ਜਿੱਤ ਮੇਰੇ ਲਈ ਅਹਿਮ ਹੈ।’’
ਆਸਟਰੀਆ ਦੇ ਪੰਜਵਾਂ ਦਰਜਾ ਪ੍ਰਾਪਤ ਥੀਮ ਨੇ ਕੁਆਰਟਰ ਫਾਈਨਲ ਵਿੱਚ ਦੁਨੀਆਂ ਦੇ ਤੀਜੇ ਨੰਬਰ ਦੇ ਸਵਿੱਸ ਖਿਡਾਰੀ ਰੋਜਰ ਫੈਡਰਰ ਨੂੰ ਹਰਾ ਕੇ ਉਸ ਦਾ ਸਫ਼ਰ ਇੱਥੇ ਹੀ ਖ਼ਤਮ ਕਰ ਦਿੱਤਾ ਸੀ। 37 ਸਾਲ ਦੇ ਖਿਡਾਰੀ ਫੈਡਰਰ ਨੇ ਤਿੰਨ ਸਾਲ ਮਗਰੋਂ ਇਸ ਟੂਰਨਾਮੈਂਟ ਰਾਹੀਂ ਕਲੇਅ ਕੋਰਟ ’ਤੇ ਵਾਪਸੀ ਕੀਤੀ ਸੀ। ਉਹ ਕਲੇਅ ਕੋਰਟ ਵਿੱਚ ਆਪਣਾ ਆਖ਼ਰੀ ਮੈਚ ਰੋਮ 2016 ਵਿੱਚ ਥੀਮ ਤੋਂ ਹੀ ਹਾਰਿਆ ਸੀ।

Facebook Comment
Project by : XtremeStudioz