Close
Menu

ਸਿੱਖਿਆ ਅਤੇ ਸਬਕ

-- 01 April,2017

ਗਰਮੀ ਦੀ ਰੁੱਤ ਹੋਣ ਕਰਕੇ ਪ੍ਰੀਤ ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਲਈ ਮਿੱਟੀ ਦੇ ਬਣੇ ਵੱਡੇ ਕੁੱਜੇ ਵਿੱਚ ਰੋਜ਼ਾਨਾ ਪਾਣੀ ਰੱਖਦਾ ਸੀ। ਕੋਲ ਹੀ ਚੁਗ਼ਣ ਲਈ ਜੁਆਰ, ਬਾਜਰਾ, ਕਣਕ, ਮੱਕੀ ਆਦਿ ਵੀ ਖਿਲਾਰ ਦਿੰਦਾ ਸੀ। ਚਿੜੀਆਂ, ਕਬੂਤਰ ਅਤੇ ਹੋਰ ਪੰਛੀ ਆਉਂਦੇ, ਚੋਗਾ ਚੁਗਦੇ ਅਤੇ ਉੱਡ ਜਾਂਦੇ। ਜੀਅ ਨਾ ਕਰੇ ਤਾਂ ਨਾ ਚੁਗਦੇ ਅਤੇ ਪਾਣੀ ਹੀ ਪੀਂਦੇ। ਪ੍ਰੀਤ ਅੱਖ ਬਚਾ ਕੇ ਉਨ੍ਹਾਂ ਨੂੰ ਦੇਖਦਾ ਰਹਿੰਦਾ। ਉੱਥੇ ਕਦੇ ਤਾਂ ਕੋਈ ਵੀ ਦਾਣਾ ਨਾ ਬਚਿਆ ਹੁੰਦਾ ਅਤੇ ਕਦੇ ਥੋੜ੍ਹੇ ਬਹੁਤ ਪਏ ਹੁੰਦੇ। ਉਹ ਕਈ ਦਿਨਾਂ ਤੋਂ ਗਹੁ ਨਾਲ ਦੇਖ ਰਿਹਾ ਸੀ। ਪੰਛੀਆਂ ਨੂੰ ਰਲ਼ ਮਿਲ ਕੇ ਚੋਗਾ ਚੁਗਦਿਆਂ ਦੇਖ ਕੇ ਉਹ ਬਹੁਤ ਖ਼ੁਸ਼ ਹੁੰਦਾ। ਉਨ੍ਹਾਂ ਬਾਰੇ ਕਈ ਗੱਲਾਂ ਸੋਚਦਾ, ਸੁਭਾਅ ਅਤੇ ਸਲੀਕੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ। ਉਸਨੇ ਇੱਕ ਦੋ ਵਾਰ ਇਹ ਵੀ ਦੇਖਿਆ ਕਿ ਉਸ ਵੱਲੋਂ ਰੱਖੇ ਹੋਏ ਪਾਣੀ ਵਿੱਚ ਕਣਕ ਦੇ ਦਾਣੇ ਵੀ ਪਏ ਹੁੰਦੇ ਸਨ। ਹੋ ਸਕਦਾ ਸੀ ਕਿ ਸਖ਼ਤ ਦਾਣਿਆਂ ਨੂੰ ਉਹ ਆਪਣੀ ਚੁੰਝ ਨਾਲ ਪਾਣੀ ਵਿੱਚ ਪਾ ਕੇ ਨਰਮ ਕਰਕੇ ਖਾਣ ਯੋਗ ਬਣਾਉਂਦੇ ਹੋਣ।
ਇਸ ਬਾਰੇ ਉਹ ਆਪਣੀ ਮਾਂ ਅਤੇ ਦੋਸਤਾਂ ਨੂੰ ਵੀ ਦੱਸਦਾ। ਪੰਛੀਆਂ ਦੀ ਸੂਝ ਅਤੇ ਸਿਆਣਪ ਬਾਰੇ ਸੁਣ ਕੇ ਸਾਰਿਆਂ ਨੂੰ ਬੜੀ ਹੈਰਾਨੀ ਹੁੰਦੀ। ਉਹ ਰੋਜ਼ਾਨਾ ਪੰਛੀਆਂ ਸਬੰਧੀ ਉਨ੍ਹਾਂ ਨੂੰ ਨਵੀਂ ਗੱਲ ਸੁਣਾਉਂਦਾ। ਕਿਹੜੇ ਪੰਛੀ ਨੂੰ ਜੁਆਰ ਪਸੰਦ ਹੈ ਅਤੇ ਕਿਹੜੇ ਨੂੰ ਬਾਜਰਾ। ਇਸ ਬਾਰੇ ਉਸਨੂੰ ਪੂਰੀ ਜਾਣਕਾਰੀ ਸੀ। ਮਾਂ ਪਿਓ ਪੰਛੀਆਂ ਬਾਰੇ ਉਸਦੇ ਅਨੁਭਵ ਤੋਂ ਪ੍ਰਾਪਤ ਕੀਤੀ ਜਾਣਕਾਰੀ ਸੁਣ ਕੇ ਉਸਨੂੰ ਸ਼ਾਬਾਸ਼ ਦਿੰਦੇ। ਪੰਛੀ ਉਸਨੂੰ ਬਹੁਤ ਚੰਗੇ ਲੱਗਦੇ ਸਨ। ਉਸਦੇ ਛੱਤ ਉੱਪਰ ਹੁੰਦੇ ਹੋਏ ਵੀ ਉਹ ਬਿਨਾਂ ਕਿਸੇ ਡਰ ਤੋਂ ਚੋਗਾ ਚੁਗਦੇ ਰਹਿੰਦੇ। ਚੁੰਝ ਵਿੱਚ ਚੁੰਝ ਪਾ ਕੇ ਕਲੋਲਾਂ ਕਰਦੇ ਜਿਸ ਤੋਂ ਉਸਨੇ ਅੰਦਾਜ਼ਾ ਲਗਾ ਲਿਆ ਸੀ ਕਿ ਪੰਛੀ ਵੀ ਪਿਆਰ ਦੀ ਬੋਲੀ ਸਮਝਦੇ ਹਨ ਅਤੇ ਚੰਗੇ ਮਾੜੇ ਦੀ ਪਛਾਣ ਕਰਦੇ ਹਨ।
ਇੱਕ ਦਿਨ ਪ੍ਰੀਤ ਅਤੇ ਉਸਦੇ ਚਾਰ ਪੰਜ ਦੋਸਤ ਮੇਲਾ ਦੇਖਣ ਗਏ। ਉੱਥੇ ਕਈ ਤਰ੍ਹਾਂ ਦੇ ਖਿਡੌਣੇ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਰੇਹੜੀਆਂ ਸਨ। ਰੰਗਦਾਰ ਚੀਜ਼ਾਂ ਨੂੰ ਦੇਖ ਕੇ ਤਾਂ ਕਈਆਂ ਦੇ ਮੂੰਹ ’ਚ ਪਾਣੀ ਭਰ ਗਿਆ। ਦਿਲ ਕਰੇ ਕਿ ਸਾਰੀਆਂ ਹੀ ਖਾ ਲਈਏ। ਸੁਆਦ ਸੁਆਦ ਵਿੱਚ ਉਹ ਕਾਫ਼ੀ ਕੁਝ ਖਾ ਵੀ ਗਏ, ਪਰ ਪ੍ਰੀਤ ਨੇ ਕੁਝ ਵੀ ਨਾ ਖਾਧਾ। ਘਰ ਆ ਕੇ ਉਨ੍ਹਾਂ ਵਿੱਚੋਂ ਮੰਟੂ ਤਾਂ ਬਿਮਾਰ ਵੀ ਹੋ ਗਿਆ। ਅਗਲੇ ਦਿਨ ਪਤਾ ਲੱਗਣ ’ਤੇ ਪ੍ਰੀਤ ਆਪਣੀ ਮੰਮੀ ਨੂੰ ਲੈ ਕੇ ਉਸਦਾ ਪਤਾ ਕਰਨ ਗਿਆ। ਮੰਟੂ ਦੇ ਢਿੱਡ ਪੀੜ ਸੀ। ਪ੍ਰੀਤ ਕਹਿਣ ਲੱਗਾ ,‘‘ਮੈਂ ਕਿਹਾ ਸੀ ਓਨਾ ਕੁ ਖਾਇਓ ਜਿੰਨੀ ਕੁ ਲੋੜ ਹੈ। ਬਿਨਾਂ ਲੋੜ ਤੋਂ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ।’’ ਉਸਦੀ ਗੱਲ ਸੁਣ ਕੇ ਮੰਟੂ ਦੀ ਮੰਮੀ ਕਹਿਣ ਲੱਗੀ ,‘‘ ਪ੍ਰੀਤ ਬੜਾ ਸਿਆਣਾ ਹੋ ਗਿਆ ਏ। ਕਿੱਥੋਂ ਸਿੱਖੀਆਂ ਇਹ ਸਾਰੀਆਂ ਗੱਲਾਂ?’’ ‘‘ਅੰਟੀ, ਪੰਛੀਆਂ ਤੋਂ। ਸਾਡੀ ਛੱਤ ’ਤੇ ਪੰਛੀ ਆਉਂਦੇ ਹਨ। ਮੈਂ ਉਨ੍ਹਾਂ ਨੂੰ ਹਰ ਰੋਜ਼ ਚੋਗਾ ਪਾਉਂਦਾ ਹਾਂ। ਵਾਧੂ ਖਾਣ ਦਾ ਲਾਲਚ ਉਹ ਕਦੀ ਨਹੀਂ ਕਰਦੇ। ਨਾ ਭੁੱਖ ਹੋਵੇ ਤਾਂ ਚੋਗਾ ਉਸੇ ਤਰ੍ਹਾਂ ਛੱਡ ਜਾਂਦੇ ਹਨ। ਨਾ ਹੀ ਦਾਣਿਆਂ ਨਾਲ ਆਪਣੇ ਆਲ੍ਹਣੇ ਭਰਦੇ ਹਨ। ਇਹ ਗੱਲਾਂ ਮੈਂ ਉਨ੍ਹਾਂ ਕੋਲੋਂ ਹੀ ਸਿੱਖੀਆਂ ਹਨ।’’ ‘‘ਹੋਰ ਕੀ ਸਿੱਖਿਆ ਹੈ?’’ ‘‘ਇਹ ਵੀ ਕਿ ਕਿਵੇਂ ਰਲ਼ ਮਿਲ ਕੇ ਰਹਿਣਾ ਚਾਹੀਦਾ ਹੈ।’’ ਪ੍ਰੀਤ ਨੇ ਜਵਾਬ ਦਿੱਤਾ।
ਪ੍ਰੀਤ ਦੀਆਂ ਗੱਲਾਂ ਸਾਰੇ ਹੀ ਧਿਆਨ ਨਾਲ ਸੁਣ ਰਹੇ ਸਨ। ਮੰਟੂ ਵੀ ਸੋਚੀਂ ਪੈ ਗਿਆ ਸੀ। ‘‘ਗੱਲਾਂ ਤੇਰੀਆਂ ਬੜੀਆਂ ਦਿਲਚਸਪ ਅਤੇ ਸਿੱਖਿਆਦਾਇਕ ਹਨ। ਹੁਣ ਮੈਨੂੰ ਪਤਾ ਲੱਗ ਗਿਆ ਕਿ ਅਸੀਂ ਬਿਮਾਰ ਕਿਉਂ ਹੁੰਦੇ ਹਾਂ? ਅੱਗੇ ਤੋਂ ਮੈਂ ਫਾਲਤੂ ਚੀਜ਼ਾਂ ਨਹੀਂ ਖਾਵਾਂਗਾ।’’ ‘‘ ਬਹੁਤ ਚੰਗਾ। ਹੁਣ ਤੂੰ ਆਪਣਾ ਧਿਆਨ ਰੱਖੀਂ।’’ ਆਖਦਾ ਹੋਇਆ ਪ੍ਰੀਤ ਆਪਣੀ ਮੰਮੀ ਨਾਲ ਆਪਣੇ ਘਰ ਮੁੜ ਆਇਆ।

Facebook Comment
Project by : XtremeStudioz