Close
Menu

ਹਾਕੀ: ਆਸਟਰੇਲੀਆ ਨੇ ਭਾਰਤ ਦੀ ਜੇਤੂ ਮੁਹਿੰਮ ਰੋਕੀ

-- 16 May,2019

ਪਰਥ, 16 ਮਈ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਸਟਰੇਲਿਆਈ ਦੌਰੇ ਦੇ ਚੌਥੇ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਦੀ ਕੌਮੀ ਟੀਮ ਤੋਂ 0-4 ਨਾਲ ਤਕੜੀ ਹਾਰ ਝੱਲਣੀ ਪਈ। ਮੇਜ਼ਬਾਨ ਟੀਮ ਵੱਲੋਂ ਬਲੈਕ ਗੋਵਰਜ਼ ਅਤੇ ਜੇਰੇਮੀ ਹੇਵਾਰਡ ਨੇ ਦੋ-ਦੋ ਗੋਲ ਦਾਗ਼ੇ। ਆਸਟਰੇਲੀਆ ਦੌਰੇ ਦੇ ਪਹਿਲੇ ਤਿੰਨ ਮੈਚ ਜਿੱਤਣ ਵਾਲੀ ਵਿਸ਼ਵ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ ਨੂੰ ਆਸਟਰੇਲੀਆ ਨੇ ਹਾਕੀ ਦਾ ਸਖ਼ਤ ਸਬਕ ਸਿਖਾਇਆ। ਆਸਟਰੇਲੀਆ ਲਈ ਗੋਵਰਜ਼ ਨੇ 15ਵੇਂ ਅਤੇ 60ਵੇਂ ਮਿੰਟ, ਜਦਕਿ ਹੈਵਾਰਡ ਨੇ 20ਵੇਂ ਅਤੇ 59ਵੇਂ ਮਿੰਟ ਵਿੱਚ ਗੋਲ ਕੀਤੇ।
ਭਾਰਤ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਸੀ। ਉਸ ਨੇ ਸ਼ੁਰੂ ਵਿੱਚ ਆਸਟਰੇਲੀਆ ’ਤੇ ਦਬਾਅ ਵੀ ਬਣਾਇਆ। ਭਾਰਤ ਨੂੰ ਪੰਜਵੇਂ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਮਿਲਿਆ, ਪਰ ਹਰਮਨਪ੍ਰੀਤ ਕੌਰ ਦਾ ਸ਼ਾਟ ਡਿਫੈਂਸ ਦੇ ਖਿਡਾਰੀ ਨੇ ਹੀ ਰੋਕ ਦਿੱਤਾ। ਖੇਡ ਦੇ 12ਵੇਂ ਮਿੰਟ ਵਿੱਚ ਹਰਮਨਪ੍ਰੀਤ ਅਤੇ ਨੀਲਕਾਂਤ ਸ਼ਰਮਾ ਸੱਜੇ ਪਾਸੇ ਤੋਂ ਗੇਂਦ ਨਾਲ ਅੱਗੇ ਵਧੇ, ਪਰ ਉਹ ਇਸ ਨੂੰ ਟੀਚੇ ਤੱਕ ਨਹੀਂ ਪਹੁੰਚਾ ਸਕੇ। ਆਸਟਰੇਲੀਆ ਨੂੰ ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ਵਿੱਚ ਪੈਨਲਟੀ ਕਾਰਨਰ ਮਿਲਿਆ, ਜੋ ਬਾਅਦ ਵਿੱਚ ਪੈਨਲਟੀ ਸਟਰੋਕ ਵਿੱਚ ਬਦਲ ਗਿਆ ਅਤੇ ਗੋਵਰਜ਼ ਨੇ ਇਸ ’ਤੇ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਦੂਜੇ ਕੁਆਰਟਰ ਦੇ ਪੰਜਵੇਂ ਮਿੰਟ ਵਿੱਚ ਆਸਟਰੇਲੀਆ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ। ਇਨ੍ਹਾਂ ਵਿੱਚੋਂ ਦੂਜੇ ਮੌਕੇ ’ਤੇ ਹੇਵਾਰਡ ਨੇ ਪੂਰੀ ਖ਼ੂਬਸੂਰਤੀ ਨਾਲ ਫਲਿੱਕ ਕਰਕੇ ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਦੇ ਸੱਜੇ ਪਾਸੇ ਤੋਂ ਗੋਲ ਕਰ ਦਿੱਤਾ। ਇਸ ਤੋਂ ਤਿੰਨ ਮਿੰਟ ਮਗਰੋਂ ਪਾਠਕ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਤੋਂ ਰੋਕ ਦਿੱਤਾ। ਖੇਡ ਦੇ 25ਵੇਂ ਮਿੰਟ ਵਿੱਚ ਆਰੋਨ ਕਲੈਂਸ਼ਮਿਟ ਸਾਹਮਣੇ ਕੋਈ ਨਹੀਂ ਸੀ, ਪਰ ਉਸ ਦਾ ਸ਼ਾਟ ਬਾਹਰ ਚਲਾ ਗਿਆ। ਭਾਰਤ ਨੂੰ ਵੀ ਇਸ ਮਗਰੋਂ ਪੰਜਵਾਂ ਪੈਨਲਟੀ ਕਾਰਨਰ ਮਿਲਿਆ, ਪਰ ਆਸਟਰੇਲਿਆਈ ਗੋਲਕੀਪਰ ਜੌਹਨ ਡੁਰਸਟ ਨੇ ਹਰਮਨਪ੍ਰੀਤ ਦੇ ਯਤਨ ਨੂੰ ਅਸਫਲ ਕਰ ਦਿੱਤਾ। ਆਸਟਰੇਲੀਆ ਨੂੰ ਵੀ ਦੂਜੇ ਕੁਆਰਟਰ ਦੇ ਅਖ਼ੀਰ ਵਿੱਚ ਪੰਜਵਾਂ ਪੈਨਲਟੀ ਕਾਰਨਰ ਮਿਲਿਆ, ਜਿਸ ਦਾ ਪਾਠਕ ਨੇ ਚੰਗਾ ਬਚਾਅ ਕੀਤਾ।
ਤੀਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਵਿਚਾਲੇ ਕਰੀਬੀ ਮੁਕਾਬਲਾ ਵੇਖਣ ਨੂੰ ਮਿਲਿਆ। ਆਸਟਰੇਲੀਆ ਨੇ ਭਾਰਤੀ ਹਮਲੇ ਦੇ ਜ਼ਬਰਦਸਤ ਬਚਾਅ ਕੀਤੇ। ਭਾਰਤ ਨੇ ਅੰਤਿਮ ਕੁਆਰਟਰ ਦੀ ਵੀ ਚੰਗੀ ਸ਼ੁਰੂਆਤ ਕੀਤੀ ਸੀ। ਕਪਤਾਨ ਮਨਪ੍ਰੀਤ ਸਿੰਘ ਨੇ ਇਸ ਕੁਆਰਟਰ ਵਿੱਚ ਪਹਿਲਾ ਚੰਗਾ ਮੌਕਾ ਬਣਾਇਆ ਸੀ, ਪਰ ਡੁਰਸਟ ਨੇ ਡਾਈਵ ਮਾਰ ਕੇ ਉਸ ਦਾ ਸ਼ਾਟ ਰੋਕ ਦਿੱਤਾ। ਭਾਰਤ ਨੂੰ 51ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਹਰਮਨਪ੍ਰੀਤ ਇੱਕ ਵਾਰ ਫਿਰ ਆਸਟਰੇਲਿਆਈ ਗੋਲਕੀਪਰ ਨੂੰ ਚਕਮਾ ਦੇਣ ਵਿੱਚ ਅਸਫਲ ਰਿਹਾ। ਭਾਰਤ ਗੋਲ ਕਰਨ ਲਈ ਬੇਤਾਬ ਸੀ ਅਤੇ ਅਜਿਹੇ ਵਿੱਚ ਅੰਤਿਮ ਪਲਾਂ ਵਿੱਚ ਉਸ ਨੇ ਗੋਲਕੀਪਰ ਨੂੰ ਹਟਾ ਕੇ ਵਾਧੂ ਖਿਡਾਰੀ ਉਤਾਰਿਆ। ਇਹ ਫ਼ੈਸਲਾ ਗ਼ਲਤ ਸਾਬਿਤ ਹੋਇਆ ਅਤੇ ਆਸਟਰੇਲੀਆ ਨੇ ਆਖ਼ਰੀ ਦੋ ਮਿੰਟ ਵਿੱਚ ਦੋ ਗੋਲ ਦਾਗ਼ ਕੇ ਜਿੱਤ ਦਾ ਫ਼ਰਕ ਵਧਾ ਦਿੱਤਾ। ਭਾਰਤੀ ਟੀਮ ਆਸਟਰੇਲਿਆਈ ਦੌਰਾ ਦਾ ਆਪਣਾ ਪੰਜਵਾਂ ਅਤੇ ਆਖ਼ਰੀ ਮੈਚ ਮੇਜ਼ਬਾਨ ਟੀਮ ਨਾਲ ਸ਼ੁੱਕਰਵਾਰ ਨੂੰ ਖੇਡੇਗੀ।

Facebook Comment
Project by : XtremeStudioz