Close
Menu

ਖ਼ਜ਼ਾਨੇ ਦਾ ਲਾਲਚ

-- 24 March,2017

ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ। ਪਿੰਡ ਵਿੱਚ ਇੱਕ ਕਿਲਾ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਕਿਲਾ ਬੜੇ ਪੁਰਾਣੇ ਸਮੇਂ ਤੋਂ ਹੈ ਤੇ ਇਸ ਦੇ ਹੇਠ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਖ਼ਜ਼ਾਨੇ ਵਿੱਚ ਸੋਨਾ, ਚਾਂਦੀ, ਹੀਰੇ ਤੇ ਮੋਤੀ ਸ਼ਾਮਲ ਹਨ। ਪਿੰਡ ਦੇ ਲੋਕ ਲਾਲਚੀ ਨਹੀਂ ਸਨ, ਸਗੋਂ ਬਹੁਤ ਮਿਹਨਤੀ ਸਨ। ਉਨ੍ਹਾਂ ਨੇ ਇਸ ਕਿਲੇ ਨੂੰ ਚਾਰੇ ਪਾਸਿਓਂ ਸਜਾ ਕੇ ਰੱਖਿਆ ਸੀ। ਰਾਤ ਨੂੰ ਕਿਲੇ ’ਤੇ ਚਮਕਦੀ ਰੌਸ਼ਨੀ ਤੋਂ ਇੰਜ ਲੱਗਦਾ ਸੀ ਜਿਵੇਂ ਚੰਨ ਧਰਤੀ ’ਤੇ ਉਤਰਿਆ ਹੋਵੇ।
ਉਸ ਪਿੰਡ ਨੂੰ ਲੋਕ ਦੂਰੋਂ-ਦੂਰੋਂ ਦੇਖਣ ਆਉਂਦੇ। ਇੱਕ ਦਿਨ ਕੁਝ ਲਾਲਚੀ ਆਦਮੀ ਵੀ ਆਏ। ਉਹ ਕਿਲੇ ਨੂੰ ਦੇਖਕੇ ਕਹਿਣ ਲੱਗੇ, ‘‘ਸੱਚਮੁੱਚ ਇੱਥੇ ਖ਼ਜ਼ਾਨਾ ਹੋਵੇਗਾ। ਕਿਉਂ ਨਾ ਆਪਾਂ ਇੱਥੋਂ ਦੇ ਲੋਕਾਂ ਨੂੰ ਆਪਣੇ ਵੱਲ ਕਰੀਏ। ਜਦੋਂ ਆਪਾਂ ਉਨ੍ਹਾਂ ਨੂੰ ਲਾਲਚ ਦਿੱਤਾ ਤਾਂ ਉਹ ਆਪਣੇ-ਆਪ ਹੀ ਆਪਣੀ ਗੱਲ ਮੰਨਣ ਵਾਸਤੇ ਤਿਆਰ ਹੋ ਜਾਣਗੇ। ਇਸ ਤਰ੍ਹਾਂ ਸਲਾਹ ਕਰਕੇ ਉਹ  ਪਿੰਡ ਦੀ ਸਾਂਝੀ ਥਾਂ ਜਿੱਥੇ ਲੋਕ ਇਕੱਠੇ ਹੋ ਕੇ ਬੈਠਦੇ ਸਨ, ਉੱਥੇ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਬੜੀ ਨਿਮਰਤਾ ਨਾਲ ਲੋਕਾਂ ਨੂੰ ਕਿਹਾ, ‘‘ਅਸੀਂ ਤੁਹਾਡੇ ਪਿੰਡ ਦੀ ਪ੍ਰਸ਼ੰਸਾ ਸੁਣ ਕੇ ਪਿੰਡ ਦੇਖਣ ਆਏ ਹਾਂ।’’ ਇਹ ਗੱਲ ਸੁਣ ਕੇ ਪਿੰਡ ਦੇ ਮੁਖੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਚਾਹ-ਪਾਣੀ ਪਿਲਾਇਆ ਤੇ ਰੋਟੀ ਖਵਾਈ।
ਖਾਣ-ਪੀਣ ਪਿੱਛੋਂ ਉਨ੍ਹਾਂ ਲਾਲਚੀ ਆਦਮੀਆਂ ਦਾ ਮੁਖੀ ਕਹਿਣ ਲੱਗਾ, ‘‘ਸਰਦਾਰ ਜੀ, ਇਹ ਕਿਲਾ ਤਾਂ ਬਹੁਤ ਵਧੀਆ ਹੈ ਪਰ…।’’
‘‘ਪਰ ਕੀ?’’
‘‘ਸੁਣਿਐ, ਇੱਥੇ ਕੋਈ ਖ਼ਜ਼ਾਨਾ ਹੈ।’’
‘‘ਹਾਂ, ਅਸੀਂ ਵੀ ਸੁਣਿਆ ਹੈ। ਆਪਣੇ ਵੱਡੇ-ਵਡੇਰਿਆਂ ਤੋਂ।’’
‘‘ਕਿਸੇ ਨੇ ਇਹ ਖ਼ਜ਼ਾਨਾ ਪੁੱਟਿਆ ਵੀ?’’
‘‘ਨਹੀਂ! ਇਸ ਨੂੰ ਪੁੱਟਣ ਦੀ ਲੋੜ ਨਹੀਂ ਪਈ। ਸਾਡੇ ਪਿੰਡ ਦੇ ਸਾਰੇ ਲੋਕ ਬਹੁਤ ਮਿਹਨਤੀ ਹਨ।’’
‘‘ਮਿਹਨਤੀ ਹੋਣ ਕਾਰਨ ਨਹੀਂ ਪੁੱਟਿਆ ਕਿ ਭੂਤਾਂ-ਪ੍ਰੇਤਾਂ ਦੇ ਡਰ ਕਾਰਨ ਨਹੀਂ ਪੁੱਟਿਆ।’’
‘‘ਇੱਥੇ ਕੋਈ ਭੂਤ-ਪ੍ਰੇਤ ਨਹੀਂ।’’
‘‘ਕਿਉਂ, ਨਹੀਂ। ਸਾਨੂੰ ਤਾਂ ਉੱਥੇ ਡਰ ਲੱਗਾ। ਕੀ ਤੁਹਾਨੂੰ ਡਰ ਨੀ ਲੱਗਦਾ।’’
‘‘ਨਹੀਂ, ਸਾਨੂੰ ਤਾਂ ਡਰ ਨਹੀਂ ਲੱਗਦਾ। ਤੁਹਾਨੂੰ ਕਿਵੇਂ ਪਤਾ ਲੱਗਿਆ?’’
‘‘ਸਾਡੇ ਵਿੱਚੋਂ ਇੱਕ ਜੋਤਸ਼ੀ ਹੈ।’’
‘‘ਕੌਣ ਐ ਜੋਤਸ਼ੀ?’’ ਬੁੱਢੇ ਸਰਦਾਰ ਨੇ ਪੁੱਛਿਆ।
‘‘ਮੈਂ!’’ ਇੱਕ ਆਦਮੀ ਨੇ ਅੱਗੇ ਹੁੰਦਿਆਂ ਕਿਹਾ।
‘‘ਅੱਛਾ, ਇਹ ਦੱਸ ਤੈਨੂੰ ਭੂਤਾਂ ਦਾ ਕਿਵੇਂ ਪਤਾ ਲੱਗਿਆ।’’
‘‘ਮੈਨੂੰ ਉੱਥੇ ਕਾਲੇ-ਕਾਲੇ ਆਦਮੀ ਨਜ਼ਰ ਆਏ। ਉਹ ਕਹਿਣ ਲੱਗੇ ਕਿ ਅੱਜ ਤੋਂ ਇੱਥੇ ਕਿਸੇ ਨੇ ਵੀ ਨਹੀਂ ਆਉਣਾ। ਅਸੀਂ ਥੋੜ੍ਹੇ ਹੀ ਦਿਨਾਂ ਵਿੱਚ ਇਸ ਪਿੰਡ ਨੂੰ ਬਰਬਾਦ ਕਰ ਦਿਆਂਗੇ।’’
ਉਸ ਆਦਮੀ ਦੀ ਗੱਲ ਸੁਣ ਕੇ ਬੁੱਢੇ ਸਰਦਾਰ ਕੋਲ ਬੈਠੇ ਆਦਮੀ ਡਰ ਗਏ।
‘‘ਜੇ ਤੁਸੀਂ ਖ਼ਜ਼ਾਨਾ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਖ਼ਜ਼ਾਨਾ ਲੈ ਕੇ ਦੇ ਸਕਦਾ ਹਾਂ।’’ ਬਾਹਰਲੇ ਆਦਮੀਆਂ ਦਾ ਸਰਦਾਰ ਬੋਲਿਆ।
‘‘ਕਿਵੇਂ?’’ ਪਿੰਡ ਦੇ ਲੋਕਾਂ ਨੇ ਪੁੱਛਿਆ।
‘‘ਪਹਿਲਾਂ ਮੇਰੀ ਸ਼ਰਤ ਮੰਨਣੀ ਪਊ।’’
‘‘ਤੇਰੀ ਸ਼ਰਤ ਕੀ ਐ?’’
‘‘ਇਹ ਖ਼ਜ਼ਾਨਾ ਅੱਧਾ ਮੇਰਾ ਤੇ ਅੱਧਾ ਤੁਹਾਡਾ ਹੋਵੇਗਾ।’’
‘‘ਅਸੀਂ ਇਹ ਖ਼ਜ਼ਾਨਾ ਨਹੀਂ ਲਵਾਂਗੇ। ਸਾਡਾ ਇਸ ’ਤੇ ਕੋਈ ਹੱਕ ਨਹੀਂ, ਇਹ ਸਾਡੇ ਦੇਸ਼ ਦਾ ਖ਼ਜ਼ਾਨਾ ਹੈ। ਇਹ ਦੇਸ਼ ਦੀ ਧਰਤੀ ਹੈ। ਇਸ ’ਤੇ ਸਿਰਫ਼ ਦੇਸ਼ ਦਾ ਅਧਿਕਾਰ ਹੈ।’’ ਬੁੱਢੇ ਸਰਦਾਰ ਦੇ ਕਹਿਣ ’ਤੇ ਉਸ ਦੇ ਨਾਲ ਦੂਜੇ ਆਦਮੀਆਂ ਨੇ ਕਿਹਾ।
‘‘ਤੁਸੀਂ ਇਹ ਖ਼ਜ਼ਾਨਾ ਸਾਨੂੰ ਦੇ ਦਿਉ। ਤੁਸੀਂ ਥੋੜ੍ਹੇ ਦਿਨਾਂ ਨੂੰ ਉੱਜੜ ਹੀ ਜਾਣਾ ਹੈ। ਭੂਤਾਂ ਨੇ ਕਿਹਾ ਹੈ।’’
ਬੁੱਢਾ ਸਰਦਾਰ ਤੇ ਉਸ ਦੇ ਸਾਥੀ ਚੁੱਪ ਕਰ ਗਏ। ਉਹ ਉਨ੍ਹਾਂ ਦੀ ਬੇਈਮਾਨੀ ਨੂੰ ਸਮਝ ਚੁੱਕੇ ਸਨ। ਬੁੱਢੇ ਸਰਦਾਰ ਨੇ ਚਲਾਕੀ ਨਾਲ ਪੁੱਛਿਆ, ‘‘ਕੀ ਤੁਸੀਂ ਭੂਤਾਂ ਨੂੰ ਭਜਾ ਦਿਓਗੇ?’’
‘‘ਹਾਂ, ਅਸੀਂ ਭੂਤਾਂ ਨੂੰ ਭਜਾ ਦਿਆਂਗੇ।’’
‘‘ਠੀਕ ਐ, ਪਰ ਸਾਡੀ ਇੱਕ ਸ਼ਰਤ ਐ।’’
‘‘ਦੱਸੋ ਤੁਹਾਡੀ ਕੀ ਸ਼ਰਤ ਐ?’’
‘‘ਔਹ ਸਾਹਮਣੇ ਪਹਾੜੀ ਉੱਤੇ ਜਿੱਥੇ ਲਾਲ ਰੰਗ ਦਾ ਝੰਡਾ ਹੈ। ਉੱਥੇ ਅਸੀਂ ਇਸ ਕਿਲੇ ਦੇ ਮਾਲਕ ਦੀ ਪੂਜਾ ਕਰਦੇ ਹਾਂ, ਪਹਿਲਾਂ ਤੁਹਾਨੂੰ ਉੱਥੇ ਜਾ ਕੇ ਪੂਜਾ ਕਰਨੀ ਪਵੇਗੀ।’’ ਬੁੱਢੇ ਨੇ ਪਹਾੜੀ ’ਤੇ ਝੂਲ ਰਹੇ ਝੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ। ਲਾਲਚੀ ਆਦਮੀ ਖ਼ਜ਼ਾਨੇ ਦੇ ਲਾਲਚ ਵਿੱਚ ਪਹਾੜੀ ਉੱਤੇ ਜਾਣ ਲਈ ਤਿਆਰ ਹੋ ਗਏ।
ਝੰਡੇ ਵਾਲੀ ਥਾਂ ਖ਼ਤਰਨਾਕ ਸੀ। ਲਾਲ ਝੰਡਾ ਇਸ ਲਈ ਲਟਕਾਇਆ ਹੋਇਆ ਸੀ ਕਿ ਕੋਈ ਵੀ ਉੱਥੇ ਨਾ ਜਾਏ। ਸਾਰੇ ਆਦਮੀਆਂ ਦੇ ਪਹਾੜੀ ਵੱਲ ਤੁਰ ਜਾਣ ’ਤੇ ਬੁੱਢਾ ਸਰਦਾਰ ਮੁਸਕਰਾਇਆ ਤੇ ਕਹਿਣ ਲੱਗਾ, ‘‘ਖ਼ਜ਼ਾਨਾ ਤੇ ਇਨ੍ਹਾਂ ਨੂੰ ਮਿਲ ਈ ਜਾਣਾ ਏਂ।’’
ਪਹਾੜੀ ’ਤੇ ਜਾਣ ਦਾ ਰਸਤਾ ਬਹੁਤ ਟੇਢਾ ਸੀ। ਉਹ ਕੁਝ ਦੂਰ ਗਏ ਤਾਂ ਇੱਕ ਆਦਮੀ ਖੁੱਡ ਵਿੱਚ ਡਿੱਗ ਪਿਆ ਤਾਂ ਬੁੱਢਾ ਕਹਿਣ ਲੱਗਾ, ‘‘ਦੇਖੋ, ਇੱਕ ਬੇਈਮਾਨ ਗਿਆ। ਇੱਕ ਸਾਥੀ ਦੇ ਡਿੱਗ ਜਾਣ ਤੋਂ ਬਾਅਦ ਉਸ ਨੂੰ ਕਿਸੇ ਨੇ ਦੇਖਿਆ ਵੀ ਨਹੀਂ। ਉਹ ਆਪਣੀ ਚਾਲ ਨਾਲ ਚਲਦੇ ਰਹੇ। ਇਸ ਤਰ੍ਹਾਂ ਉਹ ਇੱਕ-ਇੱਕ ਕਰਕੇ ਡਿੱਗਦੇ ਗਏ। ਸਿਰਫ਼ ਇੱਕ ਹੀ ਬਾਕੀ ਬਚਿਆ। ਉਹ ਜਦੋਂ ਝੰਡੇ ਕੋਲ ਪਹੁੰਚਿਆ ਤਾਂ ਉਸ ਨੇ ਹੇਠਾਂ ਦੇਖਿਆ ਤੇ ਪੈਰ ਫਿਸਲਣ ਕਾਰਨ ਉਹ ਵੀ ਹੇਠਾਂ ਡਿੱਗ ਪਿਆ। ਬੁੱਢਾ ਸਰਦਾਰ ਤੇ ਉਸ ਦੇ ਸਾਥੀ ਇਹ ਸਭ ਦੇਖ ਰਹੇ ਸਨ। ਬੁੱਢੇ ਸਰਦਾਰ ਨੇ ਸਾਰਿਆਂ ਨੂੰ ਕਿਹਾ, ‘‘ਕਿਉਂ ਦੇਖ ਲਿਆ, ਲਾਲਚ ਦਾ ਫ਼ਲ।’’

Facebook Comment
Project by : XtremeStudioz