Close
Menu

ਅਕਾਲੀ ਦਲ ਨੇ ਬਾਗੀਆਂ ਤੇ ਵਿਰੋਧੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਦੀ ਮੁਹਿੰਮ ਛੇੜੀ

-- 21 April,2019

ਚੰਡੀਗੜ੍ਹ, 21 ਅਪਰੈਲ
ਪੰਜਾਬ ’ਚ ਸਿਆਸੀ ਸੰਕਟ ’ਚੋਂ ਲੰਘ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਸੰਸਦੀ ਚੋਣਾਂ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਮੁਹਿੰਮ ਵਿੱਢੀ ਹੈ। ਪਿਛਲੇ ਸਵਾ ਦੋ ਸਾਲ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਈ ਆਗੂ ਅਕਾਲੀ ਦਲ ’ਚ ਸ਼ਾਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਨੇ ਰੁੱਸਿਆਂ ਨੂੰ ਮਨਾਉਣ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਮਰਹੂਮ ਜਥੇਦਾਰ ਗੁਰਚਨ ਸਿੰਘ ਟੌਹੜਾ ਦੇ ਪਰਿਵਾਰ ਵੱਲੋਂ ਭਲਕੇ ਅਕਾਲੀ ਦਲ ਵਿੱਚ ਵਾਪਸੀ ਕੀਤੇ ਜਾਣ ਦੇ ਆਸਾਰ ਹਨ। ਅੱਜ ਜਗਮੀਤ ਸਿੰਘ ਬਰਾੜ ਨੇ ਬਾਦਲ ਪਰਿਵਾਰ ਦਾ ਲੜ ਫੜ ਲਿਆ ਹੈ। ਦੂਜੇ ਪਾਸੇ ਕਾਂਗਰਸ ’ਚ ਹਾਲੇ ਤੱਕ ਕੋਈ ਵੱਡਾ ਸਿਆਸੀ ਆਗੂ ਸ਼ਾਮਲ ਨਹੀਂ ਹੋਇਆ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਅਜਿਹਾ ਝਟਕਾ ਲੱਗਿਆ ਸੀ ਕਿ ਪਾਰਟੀ ਨੂੰ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਹੋ ਹੋਇਆ ਸੀ। ਅਕਾਲੀ ਦਲ ਦਾ ਦਾਅਵਾ ਹੈ ਕਿ ਸੱਤਾ ’ਚੋਂ ਬਾਹਰ ਹੋਣ ਮਗਰੋਂ ਹੁਣ ਤੱਕ 25 ਸਿਆਸੀ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚ 6 ਆਗੂ ਤਾਂ ਅਜਿਹੇ ਹਨ ਜਿਹੜੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਇਸੇ ਤਰ੍ਹਾਂ ਕਾਂਗਰਸ ਦਾ ਇੱਕ ਉਮੀਦਵਾਰ ਵੀ ਸੱਤਾ ਦਾ ਸੁਖ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ। ਕੁੱਲ 25 ਸਿਆਸਤਦਾਨਾਂ ਵਿੱਚੋਂ 11 ਆਗੂ ਹਾਕਮ ਧਿਰ ਕਾਂਗਰਸ ਨਾਲ ਸਬੰਧਤ ਹਨ।
ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਈ ਹੈ। ਇਸੇ ਤਰ੍ਹਾਂ ਸਾਬਕਾ ਸੰਸਦੀ ਮੈਂਬਰਾਂ ਮਹਿੰਦਰ ਸਿੰਘ ਕੇ.ਪੀ. ਅਤੇ ਸੰਤੋਸ਼ ਚੌਧਰੀ ਵੱਲੋਂ ਵੀ ਬਾਗੀ ਸੁਰ ਅਲਾਪੀ ਜਾ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਗੱਠਜੋੜ ਸਰਕਾਰ ਵੇਲੇ ਸਿੰਜਾਈ ਵਿਭਾਗ ਸਮੇਤ ਅੱਧੀ ਦਰਜਨ ਵਿਭਾਗਾਂ ਵਿੱਚ ਹੋਏ ਵੱਡੇ ਘਪਲਿਆਂ ਉਪਰ ਪਰਦਾਪੋਸ਼ੀ ਵਾਲਾ ਰੁਖ਼ ਅਪਣਾਉਣ ਮਗਰੋਂ ਅਕਾਲੀਆਂ ਦੇ ਹੌਸਲੇ ਬੁਲੰਦ ਹਨ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਦਰਜਨਾਂ ‘ਆਪ’ ਨੇਤਾਵਾਂ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਸੀ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸੱਤਾ ਵਿੱਚ ਹੁੰਦੇ ਹੋਏ ਵੀ ਵਿਰੋਧੀ ਧਿਰ ਵਾਲੇ ਹਾਲਾਤ ਪੈਦਾ ਹੋਏ ਪਏ ਹਨ। ਪੰਜਾਬ ਵਿੱਚ ਸਾਲ 2017 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ’ਚ ਆਈ ਤਾਂ ਸਰਕਾਰੀ ਦੀ ਕਾਰਗੁਜ਼ਾਰੀ ’ਤੇ ਆਪਣਿਆਂ (ਕਾਂਗਰਸੀਆਂ) ਨੇ ਹੀ ਸਵਾਲ ਖੜ੍ਹੇ ਕਰਨੇ ਸ਼ੁਰੂ ਨਹੀਂ ਕੀਤੇ ਸਗੋਂ ਅਕਾਲੀਆਂ ਨਾਲ ਰਲ਼ੇ ਹੋਣ ਦੇ ਦੋਸ਼ ਵੀ ਲੱਗਣ ਲੱਗੇ। ਕਾਂਗਰਸ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਨੇਤਾਵਾਂ ਦਾ ਅਕਾਲੀ ਦਲ ਵਿੱਚ ਜਾਣਾ ਵਾਕਿਆ ਹੀ ਚਿੰਤਾਜਨਕ ਹੈ, ਕਿਉਂਕਿ ਸਰਕਾਰ ਦਾ ਅਜੇ ਤਕਰੀਬਨ 3 ਸਾਲ ਦਾ ਸਮਾਂ ਬਾਕੀ ਹੈ ਤੇ ਅਕਸਰ ਸਿਆਸੀ ਲੋਕ ਕੰਮ ਕਾਰ ਕਰਾਉਣ ਲਈ ਹਾਕਮ ਪਾਰਟੀਆਂ ਵਿੱਚ ਹੀ ਸ਼ਮੂਲੀਅਤ ਕਰਦੇ ਰਹਿੰਦੇ ਹਨ।

Facebook Comment
Project by : XtremeStudioz