Close
Menu

ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਪਿੰਡ ਬਾਦਲ ਵਿਖੇ ਅਕਾਲੀ ਦਲ ਪ੍ਰਧਾਨ ਦੇ ਰਿਹਾਇਸ਼ ਅੱਗੇ ਗਿਣਿਆ- ਮਿਥਿਆ ਪ੍ਰਦਰਸ਼ਨ ਕਰਵਾਉਣ ਲਈ ਮੁਕਤਸਰ ਪੁਲਿਸ ਖ਼ਿਲਾਫ ਕਾਰਵਾਈ ਕਰਨ ਦੀ ਅਪੀਲ

-- 08 May,2019

ਚੋਣ ਕਮਿਸ਼ਨ ਨੂੰ ਪੂਰੀ ਘਟਨਾ ਦੀ ਜਾਂਚ ਕਰਵਾਉਣ ਲਈ ਕਿਹਾ, ਕਿਉਂਕਿ ਇਹ ਘਟਨਾ ਕਾਂਗਰਸ ਸਰਕਾਰ ਵੱਲੋਂ ਕਰਵਾਈ ਗਈ ਹੈ
ਘਟਨਾ ਨੂੰ ਪਟਿਆਲਾ ਵਿਚ ਹਾਰ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਨੇ ਨਿਰਾਸ਼ਾ ‘ਚ ਕਰਵਾਈ ਘਟੀਆ ਕਾਰਵਾਈ ਕਰਾਰ ਦਿੱਤਾ
ਚੰਡੀਗੜ੍ਹ/08 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਦਾ ਗਿਣੀ-ਮਿਥੀ ਸਾਜ਼ਿਸ਼ ਤਹਿਤ ਘਿਰਾਓ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਮੁਕਸਤਰ ਜ਼ਿਲ੍ਹਾ ਪੁਲਿਸ ਖ਼ਿਲਾਫ ਕਾਰਵਾਈ ਕਰਨ ਦਾ ਆਦੇਸ਼ ਦੇਣ।
ਇਸ ਸੰਬੰਧੀ ਇੱਕ ਸ਼ਿਕਾਇਤ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਇਸ ਸਮੁੱਚੀ ਘਟਨਾ ਦੀ ਜਾਂਚ ਕਰਵਾਉਣ ਲਈ ਕਿਹਾ। ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਇਹ ਸਾਰੀ ਕਾਰਵਾਈ ਕਾਂਗਰਸ ਪਾਰਟੀ ਦੀ ਪੁਸ਼ਤਪਨਾਹੀ ਥੱਲੇ ਕੀਤੀ ਗਈ ਹੈ ਅਤੇ ਸਿਰਫ ਸਰਕਾਰ ਹੀ ਇਸ ਗੱਲ ਦਾ ਜੁਆਬ ਦੇ ਸਕਦੀ ਹੈ ਕਿ ਜ਼ਿਲ੍ਹਾ ਪੁਲਿਸ ਨੇ ਪ੍ਰਦਰਸ਼ਨ ਕਰਨ ਵਾਲੇ ਕਾਂਗਰਸ ਪਾਰਟੀ ਦੇ ਨਾਮੀ ਝੋਲੀਚੁੱਕਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਦੀ ਘਿਰਾਓ ਕਰਨ ਵਿਚ ਮੱਦਦ ਕਿਉਂ ਕੀਤੀ? ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਕਰਵਾਈ ਗਈ ਇਹ ਘਿਨੌਣੀ ਕਾਰਵਾਈ ਮੁੱਖ ਮੰਤਰੀ ਅੰਦਰ ਇਸ ਗੱਲੋਂ ਉਪਜੀ ਨਿਰਾਸ਼ਤਾ ਦਾ ਨਤੀਜਾ ਜਾਪਦੀ ਹੈ ਕਿ ਉਹ ਆਪਣੇ ਜ਼ੱਦੀ ਹਲਕੇ ਪਟਿਆਲਾ ਵਿਚ ਬੁਰੀ ਤਰ੍ਹਾਂ ਹਾਰ ਰਿਹਾ ਹੈ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਨਾਮੀ ਕਾਂਗਰਸੀ ਝੋਲੀਚੁੱਕ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਗਿਣੇ-ਮਿਥੇ ਢੰਗ ਨਾਲ ਕੀਤੀ ਇਹ ਘਟਨਾ ਇੱਕ ਬਹੁਤ ਹੀ ਖਤਰਨਾਕ ਕਾਰਵਾਈ ਸੀ, ਜਿਸ ਦੇ ਬਹੁਤ ਮਾੜੇ ਨਤੀਜੇ ਹੋ ਸਕਦੇ ਸਨ ਅਤੇ ਇਹ ਘਟਨਾ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਖਤਰਾ ਖੜ੍ਹਾ ਕਰ ਸਕਦੀ ਸੀ। ਉਹਨਾਂ ਕਿਹਾ ਕਿ ਇਸ ਸਾਰੀ ਸਾਜ਼ਿਸ਼ ਵਿਚ ਦਾਦੂਵਾਲ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਦਾਦੂਵਾਲ ਨੂੰ ਜ਼ੈਡ ਪਲੱਸ ਸੁਰੱਖਿਆ ਨਾਲ ਲੈਸ ਅਕਾਲੀ ਦਲ ਪ੍ਰਧਾਨ ਦੀ ਰਿਹਾਇਸ਼ ਦੇ ਦਰਵਾਜੇ ਤਕ ਪਹੁੰਚਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ?
ਡਾਕਟਰ ਚੀਮਾ ਨੇ ਕਿਹਾ ਕਿ ਮੁਕਤਸਰ ਐਸਐਸਪੀ ਮਨਜੀਤ ਸਿੰਘ ਢੇਸੀ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉਹ ਮੁੱਖ ਮੰਤਰੀ ਦੇ ਓਐਸਡੀ ਸੋਨੂੰ ਢੇਸੀ ਦਾ ਭਰਾ ਹੈ, ਜਿਸ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਵੇਲੇ ਕਾਂਗਰਸੀਆਂ ਦੇ ਬੂਥਾਂ ਉੱਤੇ ਕਬਜ਼ੇ ਕਰਵਾਏ ਸਨ।
ਅਕਾਲੀ ਦਲ ਦੇ ਵਫ਼ਦ ਨੇ ਚੋਣ ਕਮਿਸ਼ਨ ਨੂੰ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਇਸ ਲਈ ਜਰੂਰੀ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

Facebook Comment
Project by : XtremeStudioz