Close
Menu

ਅਤਿਵਾਦੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰੇਗਾ ਕੇਂਦਰ: ਸ਼ਾ

-- 25 February,2019

ਅੰਮ੍ਰਿਤਸਰ, 25 ਫਰਵਰੀ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਇਥੇ ਸ਼ਕਤੀ ਕੇਂਦਰਾਂ ਦੇ ਕਾਰਜਕਰਤਾ ਸੰਮੇਲਨ ਦੌਰਾਨ ਆਖਿਆ ਕਿ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਅਤੇ ਕੇਂਦਰ ਸਰਕਾਰ ਅਤਿਵਾਦੀਆਂ ਨੂੰ ਅਜਿਹਾ ਸਬਕ ਸਿਖਾਏਗੀ, ਜਿਸ ਨੂੰ ਉਹ ਲੰਮੇ ਸਮੇਂ ਤੱਕ ਯਾਦ ਰੱਖਣਗੇ। ਉਨ੍ਹਾਂ ਆਖਿਆ ਕਿ ਸਮੁੱਚੀ ਭਾਜਪਾ ਸ਼ਹੀਦਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਪੰਜਾਬ ਦੇ ਚਾਰ ਸ਼ਹੀਦਾਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਆਖਿਆ ਕਿ ਹਰ ਸੂਬੇ ਵਿੱਚ ਲੋਕ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਦੇਸ਼ ਵਿਚ ਕਾਂਗਰਸ ਦੀ ਅਗਵਾਈ ਹੇਠ ਬਣ ਰਹੇ ਮਹਾਂਗਠਜੋੜ ਨੂੰ ‘ਆਗੂਹੀਣ ਗਠਜੋੜ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਗੱਠਜੋੜ ਦੇ ਹੁਣ ਤਕ ਆਗੂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਅਜਿਹਾ ਗਠਜੋੜ ਦੇਸ਼ ਨੂੰ ਕੀ ਅਗਵਾਈ ਦੇਵੇਗਾ, ਜਿਸ ਦਾ ਕੋਈ ਆਗੂ ਹੀ ਨਹੀਂ ਹੈ। ਉਨ੍ਹਾਂ ਵਿਅੰਗ ਕੀਤਾ ਕਿ ਜੇਕਰ ਇਹ ਗੱਠਜੋੜ ਅੱਗੇ ਆਇਆ ਤਾਂ ਇਕ ਦਿਨ ਮਾਇਆਵਤੀ, ਇਕ ਦਿਨ ਮਮਤਾ ਬੈਨਰਜੀ, ਇਕ ਦਿਨ ਅਖਿਲੇਸ਼ ਯਾਦਵ, ਇਕ ਦਿਨ ਦੇਵਗੌੜਾ, ਇਕ ਦਿਨ ਚੰਦਰ ਬਾਬੂ ਨਾਇਡੂ ਆਦਿ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਪੰਜ ਸਾਲ ਵਿੱਚ ਪੰਜਾਬ ਨੂੰ ਇਕ ਲੱਖ 61 ਹਜ਼ਾਰ 960 ਰੁਪਏ ਵਿਕਾਸ ਲਈ ਦਿੱਤੇ ਹਨ ਜਦੋਂਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਦਸ ਸਾਲ ਵਿਚ 30 ਹਜ਼ਾਰ 157 ਕਰੋੜ ਰੁਪਏ ਪੰਜਾਬ ਨੂੰ ਦਿੱਤੇ ਸਨ। ਪੰਜਾਬ ਦੀ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਇਸ ਸਰਕਾਰ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਦੀਆਂ ਸਾਰੀਆਂ ਵਿਕਾਸ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਦੱਸਣ ਕਿ ਲੋਕਾਂ ਨਾਲ ਕੀਤੇ ਵਾਅਦੇ ਹੁਣ ਤਕ ਪੂਰੇ ਕਿਉਂ ਨਹੀਂ ਹੋਏ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦਾ ਦਾਅਵਾ ਕਰਨ ਵਾਲੇ ਸ੍ਰੀ ਸਿੱਧੂ ਨੇ ਪਾਕਿਸਤਾਨ ਵਿੱਚ ਜਿਸ ਫੌਜ ਮੁਖੀ ਨਾਲ ਜੱਫੀ ਪਾਈ ਸੀ, ਉਸ ਨੇ ਭਾਰਤ ਦੇ ਕਈ ਜਵਾਨਾਂ ਨੂੰ ਸ਼ਹੀਦ ਕਰਵਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਉਸ ਪਾਰਟੀ ਨਾਲ ਜੁੜੇ ਹਨ, ਜਿਸ ਨੇ ਦੇਸ਼ ਵੰਡ ਵੇਲੇ ਇਹ ਗੁਰਦੁਆਰਾ ਪਾਕਿਸਤਾਨ ਵਿਚ ਜਾਣ ਦਿੱਤਾ ਸੀ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਤੇ ਮਨੋਰੰਜਨ ਕਾਲੀਆ ਸਮੇਤ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੇ ਸੰਬੋਧਨ ਕੀਤਾ।

Facebook Comment
Project by : XtremeStudioz