Close
Menu

ਅਫ਼ਗ਼ਾਨ ਸੰਸਦੀ ਚੋਣਾਂ: ਧਮਾਕੇ ’ਚ 6 ਬੱਚਿਆਂ ਸਮੇਤ 11 ਹਲਾਕ

-- 23 October,2018

ਕਾਬੁਲ, ਅਫ਼ਗ਼ਾਨਿਸਤਾਨ ਦੀਆਂ ਸੰਸਦੀ ਚੋਣਾਂ ਦਾ ਦੂਜਾ ਦਿਨ ਅੱਜ ਪੋਲਿੰਗ ਬੂਥਾਂ ’ਤੇ ਤਕਨੀਕੀ ਖ਼ਾਮੀਆਂ ਦੇ ਨਾਂ ਰਿਹਾ। ਇਸ ਦੌਰਾਨ ਪੂਰਬੀ ਨੰਗਰਹਾਰ ਸੂਬੇ ਵਿੱਚ ਸੜਕ ਕੰਢੇ ਕੀਤੇ ਧਮਾਕੇ ਵਿੱਚ ਛੇ ਬੱਚਿਆਂ ਸਮੇਤ ਘੱਟੋ ਘੱਟ 11 ਸਿਵਲੀਅਨ ਹਲਾਕ ਹੋ ਗਏ। ਧਮਾਕੇ ਦੀ ਅਜੇ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਉਂਜ ਇਹ ਧਮਾਕਾ ਸਲਾਮਤੀ ਦਸਤਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਅੱਜ 20 ਸੂਬਿਆਂ ਵਿੱਚ ਪੋਲਿੰਗ ਦਾ ਕੰਮ ਨਵੇਂ ਸਿਰਿਓਂ ਸ਼ੁਰੂ ਕੀਤਾ ਗਿਆ। ਇਸ ਦੌਰਾਨ ਸ਼ਨਿਚਰਵਾਰ ਨੂੰ ਪੋਲ ਨਾਲ ਸਬੰਧਤ ਹਿੰਸਾ ਵਿੱਚ ਫੌਤ ਜਾਂ ਜ਼ਖਮੀ ਹੋਏ ਆਮ ਨਾਗਰਿਕਾਂ ਤੇ ਸਲਾਮਤੀ ਦਸਤਿਆਂ ਦੀ ਗਿਣਤੀ ਵਧ ਕੇ ਤਿੰਨ ਸੌ ਨੂੰ ਜਾ ਪੁੱਜੀ ਹੈ। ਗ੍ਰਹਿ ਮੰਤਰਾਲੇ ਨੇ ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਤੋਂ ਅੱਧੇ ਅੰਕੜੇ ਜਾਰੀ ਕੀਤੇ ਸਨ। ਉਧਰ ਅੱਜ 253 ਪੋਲਿੰਗ ਸੈਂਟਰਾਂ ’ਤੇ ਵੋਟਿੰਗ ਸ਼ੁਰੂ ਹੋਣ ਮੌਕੇ ਚੋਣ ਡਿਊਟੀ ’ਤੇ ਲੱਗੇ ਵਰਕਰ ਵੋਟਰਾਂ ਦੀ ਬਾਇਓਮੀਟਰਿਕ ਵੈਰੀਫਿਕੇਸ਼ਨ ਡਿਵਾਈਸਾਂ ਨਾਲ ਜੂਝਦੇ ਰਹੇ। ਚੋਣਾਂ ਸਬੰਧੀ ਸ਼ਿਕਾਇਤ ਕਮਿਸ਼ਨ ਦੇ ਤਰਜਮਾਨ ਅਲੀ ਰੇਜ਼ਾ ਰੋਹਾਨੀ ਨੇ ਕਿਹਾ ਕਿ ਕਈ ਕੇਂਦਰਾਂ ’ਚ ਵੋਟਰ ਸੂਚੀ ਅਧੂਰੀ ਹੋਣ ਦੀਆਂ ਸ਼ਿਕਾਇਤਾਂ ਹਨ। ਇਸ ਦੌਰਾਨ 148 ਵੋਟਿੰਗ ਕੇਂਦਰਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਰੱਖਿਆ ਗਿਆ। ਉਂਜ ਸੰਸਦੀ ਚੋਣਾਂ ਲਈ ਲਗਪਗ 90 ਲੱਖ ਵੋਟਰ ਰਜਿਸਟਰਡ ਹਨ। ਤਾਲਿਬਾਨ ਵੱਲੋਂ ਦਿੱਤੀ ਧਮਕੀ ਕਰਕੇ ਵੀ ਵੱਡੀ ਗਿਣਤੀ ਵੋਟਰ ਘਰਾਂ ਵਿੱਚੋਂ ਨਹੀਂ ਨਿਕਲੇ।

Facebook Comment
Project by : XtremeStudioz