Close
Menu

ਆਈਪੀਐੱਲ: ਦਿੱਲੀ ਕੈਪੀਟਲਜ਼ ਨੇ ਸਨਰਾਈਜ਼ਰਜ਼ ਨੂੰ ਹਰਾਇਆ

-- 09 May,2019

ਵਿਸ਼ਾਖਾਪਟਨਮ, 9 ਮਈ
ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਨੀਮ ਸੈਂਕੜੇ ਤੇ ਰਿਸ਼ਭ ਪੰਤ ਦੀ ਤੂਫ਼ਾਨੀ ਪਾਰੀ ਨਾਲ ਦਿੱਲੀ ਕੈਪੀਟਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਬੇਹੱਦ ਰੋਮਾਂਚਕ ਐਲੀਮੀਨੇਟਰ ਵਿਚ ਇੱਥੇ ਸਨਰਾਈਜ਼ਰਸ ਹੈਦਰਾਬਾਦ ਨੂੰ ਦੋ ਵਿਕਟ ਨਾਲ ਹਰਾ ਕੇ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ। 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਵੱਲੋਂ ਪ੍ਰਿਥਵੀ ਨੇ 56 ਤੇ ਪੰਤ ਨੇ 49 ਦੌੜਾਂ ਬਣਾਈਆਂ ਤੇ 19.5 ਓਵਰਾਂ ਵਿਚ 8 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ ਅੱਠ ਵਿਕਟਾਂ ’ਤੇ 162 ਦੌੜਾਂ ਦਾ ਸਕੋਰ ਬਣਾਇਆ। ਸਨਰਾਈਜ਼ਰਜ਼ ਵੱਲੋਂ ਮਾਰਟਿਨ ਗੁਪਟਿਲ ਨੇ 36, ਮਨੀਸ਼ ਪਾਂਡੇ ਨੇ 30, ਕੇਨ ਵਿਲੀਅਮਸਨ ਨੇ 28, ਜਦਕਿ ਵਿਜੈ ਸ਼ੰਕਰ ਨੇ 25 ਦੌੜਾਂ ਬਣਾਈਆਂ। ਇਹ ਸੀਨੀਅਰ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ। ਸਨਰਾਈਜ਼ਰਜ਼ ਦੀ ਟੀਮ ਆਖ਼ਰੀ ਛੇ ਓਵਰਾਂ ਵਿੱਚ ਵਿਜੈ ਸ਼ੰਕਰ ਅਤੇ ਮੁਹੰਮਦ ਨਬੀ (20) ਦੀਆਂ ਪਾਰੀਆਂ ਦੀ ਬਦੌਲਤ 69 ਦੌੜਾਂ ਜੋੜਨ ਵਿੱਚ ਸਫਲ ਰਹੀ।
ਦਿੱਲੀ ਵੱਲੋਂ ਕੀਮੋ ਪਾਲ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 32 ਦੌੜਾਂ ਦੇ ਕੇ ਤਿੰਨ, ਜਦਕਿ ਇਸ਼ਾਂਤ ਸ਼ਰਮਾ ਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਲੈੱਗ ਸਪਿੰਨਰ ਅਮਿਤ ਮਿਸ਼ਰਾ ਨੇ ਕਿਫ਼ਾਇਤੀ ਗੇਂਦਬਾਜ਼ੀ ਕਰਦਿਆਂ 16 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ।
ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਸਨਰਾਈਜ਼ਰਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਮਾਰਟਿਨ ਗੁਪਟਿਲ ਨੇ ਸਨਰਾਈਜ਼ਰਜ਼ ਨੂੰ ਤੇਜ਼ ਸ਼ੁਰੂਆਤ ਦਿਵਾਈ। ਇਸ਼ਾਂਤ ਸ਼ਰਮਾ ਨੇ ਰਿਧੀਮਾਨ ਸਾਹਾ (ਅੱਠ ਦੌੜਾਂ) ਨੂੰ ਮਿੱਡ-ਆਫ ’ਤੇ ਅਈਅਰ ਹੱਥੋਂ ਕੈਚ ਕਰਵਾ ਕੇ ਦਿੱਲੀ ਨੂੰ ਪਹਿਲੀ ਸਫਲਤਾ ਦਿਵਾਈ। ਸਨਰਾਈਜ਼ਰਜ਼ ਦਾ ਪਾਵਰਪਲੇਅ ਵਿੱਚ ਸਕੋਰ ਇੱਕ ਵਿਕਟਾਂ ’ਤੇ 54 ਦੌੜਾਂ ਸੀ। ਇਸ ਤੋਂ ਬਾਅਦ ਸ਼੍ਰੇਅਸ ਨੇ ਅਮਿਤ ਮਿਸ਼ਰਾ ਨੂੰ ਗੇਂਦ ਸੌਂਪੀ, ਜਿਸ ਨੇ ਗੁਪਟਿਲ ਨੂੰ ਆਊਟ ਕੀਤਾ। ਪਾਂਡੇ ਅਤੇ ਕਪਤਾਨ ਕੇਨ ਵਿਲੀਅਮਸਨ ਨੂੰ ਮਿਸ਼ਰਾ ਅਤੇ ਅਕਸਰ ਦੀ ਫ਼ਿਰਕੀ ਸਾਹਮਣੇ ਦੌੜਾਂ ਬਣਾਉਣ ਵਿੱਚ ਪ੍ਰੇਸ਼ਾਨੀ ਹੋ ਰਹੀ ਸੀ। ਵਿਲੀਅਮਨ ਨੇ ਰਦਰਫੋਰਡ ਦੀ ਗੇਂਦ ’ਤੇ ਚੌਕਾ ਮਾਰ ਕੇ 15ਵੇਂ ਓਵਰ ਵਿੱਚ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾਇਆ। ਇਸ਼ਾਂਤ ਨੇ ਇਸ ਤੋਂ ਬਾਅਦ ਸਨਰਾਈਜ਼ਰਜ਼ ਦੇ ਕਪਤਾਨ ਨੂੰ ਬਾਹਰ ਦਾ ਰਸਤਾ ਵਿਖਾਇਆ। ਮੁਹੰਮਦ ਨਬੀ ਨੇ ਆਖ਼ਰੀ ਓਵਰ ਵਿੱਚ ਕੀਮੋ ਪਾਲ ਦੀ ਗੇਂਦ ’ਤੇ ਛੱਕਾ ਮਾਰਿਆ, ਪਰ ਮਗਰੋਂ ਅਕਸਰ ਪਟੇਲ ਨੂੰ ਕੈਚ ਦੇ ਦਿੱਤਾ। ਦੀਪਕ ਹੁੱਡਾ ਰਨ ਆਊਟ ਹੋਇਆ।

Facebook Comment
Project by : XtremeStudioz