Close
Menu

ਆਪਣੀ ਕੰਪਨੀ ਦੇ ਸੇ਼ਅਰ “ਸਮਾਂ ਰਹਿੰਦਿਆਂ” ਵੇਚਣ ਲਈ ਮੌਰਨਿਊ ਨੂੰ ਕੰਜ਼ਰਵੇਟਿਵਾਂ ਨੇ ਲਿਆ ਲੰਮੇਂ ਹੱਥੀਂ

-- 29 November,2017

ਓਟਵਾ,   ਕੰਜ਼ਰਵੇਟਿਵਾਂ ਨੇ ਬਿੱਲ ਮੌਰਨਿਊ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਹੋਰ ਰਾਹ ਲੱਭ ਲਿਆ ਹੈ। ਕੰਜ਼ਰਵੇਟਿਵਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਵੱਲੋਂ ਨਵੀਂ ਪਾਲਿਸੀ ਦੇ ਐਲਾਨ ਤੋਂ ਪਹਿਲਾਂ ਹੀ ਆਪਣੇ ਸਟਾਕ ਵੇਚ ਦਿੱਤੇ ਗਏ ਸਨ ਤੇ ਐਲਾਨ ਤੋਂ ਬਾਅਦ ਸ਼ੇਅਰਜ਼ ਵਿੱਚ ਗਿਰਾਵਟ ਆ ਗਈ।
ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਟੋਰੀ ਐਮਪੀਜ਼ ਨੇ ਮੌਰਨਿਊ ਤੋਂ ਸਵਾਲਾਂ ਦੀ ਝੜੀ ਹੀ ਲਾ ਦਿੱਤੀ। ਇਸ ਦੌਰਾਨ ਮੌਰਨਿਊ ਤੋਂ ਉਨ੍ਹਾਂ ਦੇ ਪਰਿਵਾਰ ਦੀ ਮਨੁੱਖੀ ਵਸੀਲਿਆਂ ਬਾਰੇ ਕੰਪਨੀ ਮੌਰਨਿਊ ਸ਼ੈਪੈਲ ਦੇ 10 ਮਿਲੀਅਨ ਡਾਲਰ ਦੇ ਸ਼ੇਅਰਜ਼ ਦੀ ਵਿੱਕਰੀ ਦੇ ਢੁਕਵੇਂ ਸਮੇਂ ਦੇ ਸਬੰਧ ਵਿੱਚ ਵੀ ਸਵਾਲ ਕੀਤੇ ਗਏ। ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਪਿਏਰੇ ਪੋਇਲੀਵਰ ਨੇ ਦਾਅਵਾ ਕੀਤਾ ਕਿ ਦਸੰਬਰ 2015 ਵਿੱਚ ਮੌਰਨਿਊ ਵੱਲੋਂ ਉੱਚ ਆਮਦਨ ਵਾਲਿਆਂ ਤੋਂ ਵੱਧ ਇਨਕਮ ਟੈਕਸ ਵਸੂਲਣ ਦੇ ਪੇਸ਼ ਕੀਤੇ ਗਏ ਮਤੇ ਕਾਰਨ ਸਮੁੱਚੀ ਸਟਾਕ ਮਾਰਕਿਟ ਲੜਖੜਾ ਗਈ ਸੀ ਤੇ ਇਸ ਦੌਰਾਨ ਮੌਰਨਿਊ ਸੈ਼ਪੈਲ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਸੀ।
ਪ੍ਰਸ਼ਨ ਕਾਲ ਦੌਰਾਨ ਪੋਇਲੀਵਰ ਨੇ ਮੌਰਨਿਊ ਤੋਂ ਇਸ ਸਬੰਧ ਵਿੱਚ ਕਈ ਸਵਾਲ ਪੁੱਛੇ। ਉਨ੍ਹਾਂ ਮੌਰਨਿਊ ਨੂੰ ਆਖਿਆ ਕਿ ਉਹ ਦੱਸਣ ਕਿ ਟੈਕਸਾਂ ਵਿੱਚ ਤਬਦੀਲੀ ਦਾ ਐਲਾਨ ਕਰਨ ਤੋਂ ਇੱਕ ਹਫਤਾ ਪਹਿਲਾਂ ਉਨ੍ਹਾਂ ਦੀ ਕੰਪਨੀ ਵੱਲੋਂ ਵੇਚੇ ਗਏ 680,000 ਸ਼ੇਅਰਾਂ ਲਈ ਉਹ ਖੁਦ ਜਿੰ਼ਮੇਵਾਰ ਸਨ। ਉਨ੍ਹਾਂ ਆਖਿਆ ਕਿ ਜੇ ਅਜਿਹਾ ਨਹੀਂ ਹੋਇਆ ਤਾਂ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅਜਿਹੇ ਐਲਾਨ ਤੋਂ ਠੀਕ ਪਹਿਲਾਂ ਤੇ ਸਟਾਕ ਮਾਰਕਿਟ ਵਿੱਚ ਗਿਰਾਵਟ ਦੇ ਕਿਆਫੇ ਦੇ ਮੱਦੇਨਜ਼ਰ ਕਿਸੇ ਨੇ ਅੱਧਾ ਮਿਲੀਅਨ ਡਾਲਰ ਨੂੰ ਬਚਾਅ ਲਿਆ। ਕੀ ਇਹ ਕੋਰਾ ਇਤਫਾਕ ਹੈ? ਜਾਂ ਫਿਰ ਮੌਰਨਿਊ ਨੇ ਆਪਣੇ ਨਵੇਂ ਟੈਕਸ ਮਾਪਦੰਡ ਤੋਂ ਪਹਿਲਾਂ ਘਾਟੇ ਤੋਂ ਪਹਿਲਾਂ ਆਪਣੀ ਕੰਪਨੀ ਦੇ ਸ਼ੇਅਰ ਵੇਚ ਦਿੱਤੇ।
ਮੌਰਨਿਊ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਟਲਦੇ ਰਹੇ ਤੇ ਉਨ੍ਹਾਂ ਵਾਰੀ ਵਾਰੀ ਇਹ ਗੱਲ ਜੋ਼ਰ ਦੇ ਕੇ ਆਖੀ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁੱਝ ਵੀ ਨਹੀਂ ਹੈ। ਉਲਟਾ ਉਨ੍ਹਾਂ ਆਖਿਆ ਕਿ ਵਿਰੋਧੀ ਪਾਰਟੀਆਂ ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਕਿਉਂਕਿ ਉਹ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦੀਆਂ ਕਿ ਅਸਲ ਵਿੱਚ ਕੀ ਹੋ ਰਿਹਾ ਹੈ। ਮੌਰਨਿਊ ਨੇ ਆਖਿਆ ਕਿ ਉਨ੍ਹਾਂ ਦੀਆਂ ਨੀਤੀਆਂ ਕਾਰਨ ਸਾਡੇ ਅਰਥਚਾਰੇ ਵਿੱਚ ਸੁਧਾਰ ਹੋਵੇਗਾ ਤੇ ਕੈਨੇਡੀਅਨ ਪਰਿਵਾਰਾਂ ਦਾ ਭਲਾ ਹੋਵੇਗਾ।

Facebook Comment
Project by : XtremeStudioz