Close
Menu

ਇਕ ਬੇਨਾਮ ਇਸ਼ਕ

-- 07 August,2013

003-benam-ishaq1-200

ਟੁੱਟੇ ਘਰ ਨੂੰ ਉਲਟ ਪੁਲਟ ਕਰ
ਪੁਲਸ ਕਰੇ ਪੜਤਾਲ ਜਿਵੇਂ
ਦਿਲ ਦੇ ਹਮਲੇ ਪਿੱਛੋਂ ਸੁੰਨੀਂ
ਹੋਂਦ ਦਾ ਹੋਇਆ ਹਾਲ ਇਵੇਂ

ਹੋਂਦ, ਹੋਣ, ਨਿਹੋਂਦ ਦੇ ਵਿਚ ਤਾਂ
ਪੁਲਸਰਾਤ ਦੀ ਖੇਡ ਵੱਸੇ
ਬਚ ਕੇ ਕੋਈ ਨਾਂ ਲੰਘਿਆ ਏਥੋਂ,
ਬਚੇ ਜੁ, ਉਹ ਹੀ ਭੇਦ ਦੱਸੇ

ਦਿਲ ‘ਚੋਂ ਕੁਝ ਨਾਂ ਲੱਭਿਆ, ਤਾਂ ਫਿਰ
ਅੱਖ ਨੂੰ ਆ ਬਘਿਆੜੀ ਪਾਈ
ਸ਼ਾਇਰ ਦਾ ਸੰਸਾਰ ਨਿਰਾਲਾ,
ਇਸ ਵਿਚ ਵੱਸਿਆ, ਦਿਸਦਾ ਈ ਨਹੀਂ

ਲਹੂ ਲੁਹਾਣ ਨਜ਼ਰਾਂ ਦੇ ਅੰਦਰ
ਚਸਕਾਂ ਪੈਂਦੀਆਂ ਪੀੜ ਦੀਆਂ
ਕੁਝ ਦਰ ਖੁੱਲਣ ਆਪਮੁਹਾਰੇ,
ਕੁਝ ਦਰ ਆਪੂੰ ਭੀੜਦੀਆਂ

ਤੇਰੇ ਨਾਲ ਮੁਹੱਬਤੀ ਸੱਜਣਾਂ
ਜੀਵਨ ਇਕ ਸ਼ਰਾਰਤ ਸੀ
ਆਪਣੇ ਆਪ ‘ਚੋਂ ਤੈਨੂੰ ਵੇਖਣ
ਦੀ ਇਹ ਇਕ ਮੁਹਾਰਤ ਸੀ

ਤੇਰੇ ਸਿਹਰਿਆਂ ਵਾਲੇ ਤੈਨੂੰ
ਧੀ, ਪੁੱਤ ਦਿੱਤੇ ਲਾਲ ਕਈ
ਸ਼ਾਡੇ ਦਰ ਤੂੰ ਮੁੜ, ਮੁੜ ਆਈ,
ਆਪਣੀ ਅਸਲੀ ਭਾਲ ਲਈ

ਤਨ ਦੀ ਭਾਸ਼ਾ ਅਸੀਂ ਵੀ ਬੋਲੀ,
ਮਨ ਦੇ ਅਰਥ ਪਛਾਨਣ ਲਈ –
ਤਨ ਨੂੰ ਤੇਹ, ਮਨ ਨੂੰ ਸੰਤੋਸ਼,
ਮਿਲੇ ਸੀ ਆਪਾ ਛਾਨਣ ਲਈ

ਕਿਤਨੀਆਂ ਦੇਹਾਂ, ਇਸ ਦੇਹ ਅੰਦਰ,
ਘੁਲ ਮਿਲ, ਫਿਰ ਕਾਫੂਰ ਹੋਈਆਂ?
ਚੇਤੰਨਤਾ ਦਾ ਸਾਗਰ-ਮੰਥਨ,
ਸੋਮਰਸ ਨੂੰ ਝੂਰ ਰਹੀਆਂ

ਅਹਿਸਾਸਾਂ ਦੀ ਸਾਂਝ ‘ਚ ਵੱਸੇ
ਤੇਰਾ ਮੇਰਾ ਪਿਆਰ ਇਵੇਂ,
ਥਲ ਵਿਚ ਠੇਡੇ ਖਾ, ਖਾ ਸੁਫਨਾਂ,
ਖੇੜ ਲਵੇ ਗੁਲਜ਼ਾਰ ਜਿਵੇਂ

ਦਿਲ, ਅੱਖ ਚੀਰ ਵੀ ਲੱਭਾ ਨਾਂ, ਨਾਂ,
ਤੇਰਾ ਗਰਮ ਹਵਾਵਾਂ ਨੂੰ
ਪਿੰਡ ਬ੍ਰਹਿਮੰਡ ਹੁਣ ਇਕ ਮਿਕ ਹੋੇਏ
ਪਕੜੇ ਕੌਣ ਦਿਸ਼ਾਵਾਂ ਨੂੰ???

ਟੁੱਟੇ ਘਰ ਨੂੰ ਉਲਟ ਪੁਲਟ ਕਰ
ਪੁਲਸ ਕਰੇ ਪੜਤਾਲ ਜਿਵੇਂ
ਦਿਲ ਦੇ ਹਮਲੇ ਪਿੱਛੋਂ ਸੁੰਨੀਂ
ਹੋਂਦ ਦਾ ਹੋਇਆ ਹਾਲ ਇਵੇਂ

Facebook Comment
Project by : XtremeStudioz