Close
Menu

ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ: ਸ਼ਿਵਾ ਥਾਪਾ ਨੇ ਚੌਥੇ ਤਗ਼ਮੇ ’ਤੇ ਜੜਿਆ ਪੰਚ

-- 24 April,2019

ਬੈਂਕਾਕ, 24 ਅਪਰੈਲ
ਸ਼ਿਵਾ ਥਾਪਾ ਨੇ ਅੱਜ ਇੱਥੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਇਸ ਟੂਰਨਾਮੈਂਟ ਵਿੱਚ ਆਪਣਾ ਲਗਾਤਾਰ ਚੌਥਾ ਤਗ਼ਮਾ ਪੱਕਾ। ਅਜਿਹਾ ਕਰਨਾ ਵਾਲਾ ਉਹ ਪਹਿਲਾ ਭਾਰਤੀ ਬਣ ਗਿਆ ਹੈ। ਇਸੇ ਤਰ੍ਹਾਂ ਅਨੁਭਵੀ ਐਲ ਸਰਿਤਾ ਦੇਵੀ (60 ਕਿਲੋ) ਲਗਪਗ ਇੱਕ ਦਹਾਕੇ ਵਿੱਚ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪਹੁੰਚੀ, ਜਦੋਂਕਿ ਨਿਖਿਤ ਜ਼ਰੀਨ ਨੇ ਵੀ ਆਖ਼ਰੀ-4 ਵਿੱਚ ਥਾਂ ਬਣਾਈ। ਭਾਰਤ ਦੇ ਕੁੱਲ ਅੱਠ ਮੁੱਕੇਬਾਜ਼ (ਚਾਰ ਮਹਿਲਾ ਅਤੇ ਚਾਰ ਪੁਰਸ਼) ਕੁਆਰਟਰ ਫਾਈਨਲਜ਼ ਵਿੱਚ ਜਿੱਤ ਦਰਜ ਕਰਕੇ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਹੇ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਅਸਾਮ ਦੇ 25 ਸਾਲ ਦੇ ਇਸ ਖਿਡਾਰੀ ਨੇ ਲਾਈਟਵੇਟ (60 ਕਿਲੋ) ਵਰਗ ਦੇ ਇਕਪਾਸੜ ਮੁਕਾਬਲੇ ਵਿੱਚ ਥਾਈਲੈਂਡ ਦੇ ਰੂਜ਼ਾਕਰਨ ਜੁਨਤਰੋਂਗ ਨੂੰ 5-0 ਨਾਲ ਤਕੜੀ ਹਾਰ ਦਿੱਤੀ। ਸੈਮੀ-ਫਾਈਨਲ ਵਿੱਚ ਉਸ ਦੇ ਸਾਹਮਣੇ ਕਜ਼ਾਖ਼ਸਤਾਨ ਦੇ ਜ਼ਾਕਿਰ ਸਫ਼ੀਉਲੀਨ ਦੀ ਚੁਣੌਤੀ ਹੋਵੇਗੀ। ਦੋ ਵਾਰ ਦੇ ਕੌਮੀ ਚੈਂਪੀਅਨ ਥਾਪਾ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸਾਲ 2013 ਵਿੱਚ ਸੋਨਾ, 2015 ਵਿੱਚ ਕਾਂਸੀ ਅਤੇ 2017 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਹੈ। ਮਹਿਲਾਵਾਂ ਦੇ ਡਰਾਅ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਸਰਿਤਾ ਦੇਵੀ ਨੇ ਕੁਆਰਟਰ ਫਾਈਨਲ ਵਿੱਚ ਕਜ਼ਾਖ਼ਸਤਾਨ ਦੀ ਰਿੰਮਾ ਵੋਲੋਜ਼ਸੈਂਕੋ ਨੂੰ ਹਰਾ ਕੇ ਤਗ਼ਮਾ ਪੱਕਾ ਕੀਤਾ। 37 ਸਾਲ ਦੀ ਸਰਿਤਾ ਇਸ ਤੋਂ ਪਹਿਲਾਂ 2010 ਵਿੱਚ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ, ਜਿੱਥੇ ਉਸ ਨੇ ਸੋਨ ਤਗ਼ਮਾ ਆਪਣੇ ਨਾਮ ਕੀਤਾ ਸੀ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਿਤ ਜ਼ਰੀਨ (51 ਕਿਲੋ) ਨੇ ਪਹਿਲੇ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ। ਉਸ ਨੇ ਕੁਆਰਟਰ ਫਾਈਨਲ ਵਿੱਚ ਕਜ਼ਾਖ਼ਸਤਾਨ ਦੀ ਨਜ਼ੀਮ ਕੀਜ਼ਾਬੇ ਨੂੰ ਹਰਾਇਆ।
ਪਿਛਲੇ ਵਾਰ ਦੀ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ਾ ਨੇ ਵੀ ਫਿਲਪੀਨਜ਼ ਦੀ ਪੈਟੇਸਿਓ ਜਜਾ ਨੀਸ ਨੂੰ ਹਰਾ ਕੇ ਤਗ਼ਮੇ ’ਤੇ ਮੋਹਰ ਲਾਈ, ਜਦਕਿ ਸਾਬਕਾ ਕੌਮੀ ਚੈਂਪੀਅਨ ਸਿਮਰਨਜੀਤ ਕੌਰ (64 ਕਿਲੋ) ਵੀਅਤਨਾਮ ਦੀ ਹਾ ਥੀ ਲਿਨ ਨੂੰ ਹਰਾ ਕੇ ਆਖ਼ਰੀ ਚਾਰ ਵਿੱਚ ਪਹੁੰਚੀ।
ਥਾਪਾ ਤੋਂ ਇਲਾਵਾ ਪੁਰਸ਼ਾਂ ਵਿੱਚ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ), ਅਸ਼ੀਸ਼ ਕੁਮਾਰ (75 ਕਿਲੋ) ਅਤੇ ਅਸ਼ੀਸ਼ (69 ਕਿਲੋ) ਵੀ ਆਖ਼ਰੀ ਚਾਰ ਵਿੱਚ ਪਹੁੰਚਣ ’ਚ ਸਫਲ ਰਹੇ। ਅਸ਼ੀਸ਼ ਕੁਮਾਰ ਨੇ ਕਿਰਗਿਜ਼ਸਤਾਨ ਦੇ ਓਮਰਬਕ ਯੁਲੂ ਬੈਹਿਜ਼ਗਿਤ ਨੂੰ ਸ਼ਿਕਸਤ ਦਿੱਤੀ। ਸ਼ਾਮ ਦੇ ਸੈਸ਼ਨ ਵਿੱਚ ਭਾਰਤ ਦੇ ਇੱਕ ਹੋਰ ਅਸ਼ੀਸ਼ ਨੇ ਵੀਅਤਨਾਮ ਦੇ ਤਰਾਨ ਥੋ ਨੂੰ 5-0 ਨਾਲ ਹਰਾਇਆ। ਸਤੀਸ਼ ਨੇ ਕੋਰੀਆ ਦੇ ਕਿਮ ਦੋਈਯੋਨ ਨੂੰ ਹਰਾਇਆ। ਮੁਕਾਬਲੇ ਦੌਰਾਨ ਭਾਰਤੀ ਮੁੱਕੇਬਾਜ਼ ਦੀ ਖੱਬੀ ਅੱਖ ’ਤੇ ਸੱਟ ਲੱਗ ਗਈ ਸੀ। ਰਾਸ਼ਟਰਮੰਡਲ ਖੇਡਾਂ ਦਾ ਕਾਂਸੀ ਦਾ ਤਗ਼ਮਾ ਜੇਤੂ ਨਮਨ ਤੰਵਰ (91 ਕਿਲੋ) ਕੁਆਰਟਰ ਫਾਈਨਲ ਵਿੱਚ ਜੌਰਡਨ ਦੇ ਹੁਸੈਨ ਐਸ਼ਾਇਸ਼ ਆਇਸ਼ੈਸ਼ ਤੋਂ 0-5 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਮਹਿਲਾਵਾਂ ਦੇ ਵਰਗ ਵਿੱਚ ਨੁਪੁਰ (75 ਕਿਲੋ) ਵੀ ਉਤਰ ਕੋਰੀਆ ਦੀ ਪਾਕ ਉਨ ਸਿਮ ਤੋਂ ਹਾਰ ਗਈ।

Facebook Comment
Project by : XtremeStudioz