Close
Menu

ਕਸ਼ਮੀਰ ਵਿੱਚ ਸੀਆਰਪੀਐੱਫ ਨੂੰ ਮਿਲਣਗੇ ਬਾਰੂਦੀ ਸੁਰੰਗਾਂ ਤੋਂ ਬਚਣ ਲਈ ਵਾਹਨ

-- 26 March,2019

ਨਵੀਂ ਦਿੱਲੀ, 26 ਮਾਰਚ
ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਡਾਇਰੈਕਟਰ ਜਨਰਲ ਆਰ.ਆਰ. ਭਟਨਾਗਰ ਨੇ ਦੱਸਿਆ ਕਿ ਕਸ਼ਮੀਰ ਵਿੱਚ ਫੋਰਸ ਦੇ ਕਾਫ਼ਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੀਆਰਪੀਐੱਫ ਨੂੰ ਬਾਰੂਦੀ ਸੁਰੰਗ ਤੋਂ ਸੁਰੱਖਿਅਤ ਵਾਹਨ (ਮਾਈਨ ਪ੍ਰੋਟੈਕਟਿਡ ਵਹੀਕਲ) ਅਤੇ 30 ਸੀਟਾਂ ਵਾਲੀਆਂ ਬੁਲੇਟ ਪਰੂਫ ਛੋਟੀਆਂ ਬੱਸਾਂ ਮਿਲਣਗੀਆਂ।
ਇਸ ਤੋਂ ਇਲਾਵਾ ਨੀਮ ਫ਼ੌਜੀ ਬਲ ਨੇ ਕਸ਼ਮੀਰ ਵਾਦੀ ਵਿੱਚ ਤਾਇਨਾਤ ਇਸ ਦੀਆਂ 65 ਬਟਾਲੀਅਨਾਂ ਦੀ ਸਹੂਲਤ ਲਈ ਬੰਬ ਲੱਭਣ ਤੇ ਨਕਾਰਾ ਕਰਨ ਵਾਲੇ ਦਸਤਿਆਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਵੀ ਲਿਆ ਹੈ। ਫੋਰਸ ਵੱਲੋਂ ਇਹ ਨਵੇਂ ਸੁਰੱਖਿਆ ਮਾਪਦੰਡ ਲੰਘੀ 14 ਫਰਵਰੀ ਨੂੰ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ ’ਤੇ ਹੋਏ ਫਿਦਾਈਨ ਹਮਲੇ ਦੇ ਮੱਦੇਨਜ਼ਰ ਤੈਅ ਕੀਤੇ ਗਏ ਹਨ। ਇਸ ਹਮਲੇ ਵਿੱਚ ਸੀਆਰਪੀਐੱਫ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।
ਸ੍ਰੀ ਭਟਨਾਗਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਸ਼ਮੀਰ ਵਿੱਚ ਬਾਰੂਦੀ ਸੁਰੰਗਾਂ ਵਿਰੋਧੀ ਆਪਣੀ ਸਮਰੱਥਾ ਵਧਾਉਣ ਜਾ ਰਹੇ ਹਨ। ਫੋਰਸ ਵੱਲੋਂ ਬਾਰੂਦੀ ਸੁਰੰਗ ਤੋਂ ਸੁਰੱਖਿਅਤ ਵਾਹਨ ਅਤੇ ਬੁਲੇਟ ਪਰੂਫ ਬੱਸਾਂ ਖ਼ਰੀਦ ਕੇ ਉੱਥੇ ਭੇਜੀਆਂ ਜਾ ਰਹੀਆਂ ਹਨ। ਵੱਡੀਆਂ ਬੱਸਾਂ ਨੂੰ ਸੁਰੱਖਿਅਤ ਕਰਨਾ ਮੁਸ਼ਕਿਲ ਹੈ, ਇਸ ਵਾਸਤੇ ਉਹ 30 ਸੀਟਾਂ ਵਾਲੀਆਂ ਛੋਟੀਆਂ ਬੱਸਾਂ ਦੇਖ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਬੁਲੇਟ ਪਰੂਫ ਬਣਾਉਣਾ ਆਸਾਨ ਹੈ। ਉਨ੍ਹਾਂ ਦੱਸਿਆ ਕਿ ਫੋਰਸ ਵੱਲੋਂ ਇਹ ਬਾਰੂਦੀ ਸੁਰੰਗ ਤੋਂ ਸੁਰੱਖਿਅਤ ਵਾਹਨ ਖ਼ਾਸ ਅਤਿਵਾਦ ਵਿਰੋਧੀ ਅਪ੍ਰੇਸ਼ਨਾਂ ਲਈ ਵਰਤੇ ਜਾਂਦੇ ਹਨ।

Facebook Comment
Project by : XtremeStudioz