Close
Menu

ਕਾਂਗਰਸ ਦੀ ਅਗਵਾਈ ਹੇਠ ਯੂਪੀਏ ਦੀ ਜਿੱਤ ਪੱਕੀ: ਰਾਹੁਲ

-- 09 May,2019

ਗਵਾਲੀਅਰ, 9 ਮਈ
ਆਤਮਵਿਸ਼ਵਾਸ ਨਾਲ ਭਰੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੇਂਦਰ ਵਿਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਾਲਾ ਯੂਪੀਏ ਗੱਠਜੋੜ ਹੀ ਕਾਇਮ ਕਰੇਗਾ ਤੇ ਸਮਾਨ ਵਿਚਾਰਧਾਰਾ ਵਾਲੀਆਂ ਭਾਜਪਾ ਵਿਰੋਧੀ ਪਾਰਟੀਆਂ ਚੋਣਾਂ ਤੋਂ ਬਾਅਦ ਦੀ ਰਣਨੀਤੀ ਲਈ ਇਕ-ਦੂਸਰੇ ਦੇ ਸੰਪਰਕ ਵਿਚ ਸਨ। ਗਵਾਲੀਅਰ ਜਾਂਦੇ ਸਮੇਂ ‘ਦਿ ਟ੍ਰਿਬਿਊਨ’ ਨੂੰ ਹਲਕੇ-ਫੁਲਕੇ ਅੰਦਾਜ਼ ਵਿਚ ਦਿੱਤੀ ਇੰਟਰਵਿਊ ’ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਢਹਿ-ਢੇਰੀ ਹੋ ਗਏ ਹਨ ,ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ‘ਮੋਦੀ ਲਈ ਕਾਂਗਰਸ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਬਚਾਅ ਲਈ ਕੋਈ ਰਾਹ ਨਹੀਂ ਲੱਭ ਰਿਹਾ’। ਅਹਿਮ ਸੂਬੇ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ 8ਤੋਂ 10 ਸੀਟਾਂ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਡਰੇ ਹੋਏ ਹਨ, ਫ਼ਿਕਰਮੰਦ ਹਨ। ਕਾਂਗਰਸ ਤੇ ਉਸ ਦੇ ਸਹਿਯੋਗੀਆਂ ਵੱਲੋਂ ਨਤੀਜਿਆਂ ਤੋਂ ਪਹਿਲਾਂ ਹੀ ਬੇਹੱਦ ਭਰੋਸੇ ਨਾਲ ਜਿੱਤ ਦਾ ਦਾਅਵਾ ਕਰਨ ਬਾਰੇ ਪੁੱਛਣ ’ਤੇ ਰਾਹੁਲ ਨੇ ਕਿਹਾ ਕਿ ‘ਅੰਦਰਖ਼ਾਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਰੋਸ ਦੀ ਲਹਿਰ ਹੈ’। ਰਾਹੁਲ ਨੇ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਨੂੰ ਉਹ ਮਿਲਦੇ ਹਨ, ਇੱਥੋਂ ਤੱਕ ਕਿ ਭਾਜਪਾ ਨਾਲ ਜੁੜੇ ਲੋਕ ਵੀ ਕਹਿ ਰਹੇ ਹਨ ਕਿ ‘ਇਨ੍ਹਾਂ ਨੂੰ ਤਾਂ ਹਟਾਉਣਾ ਹੈ’। ਉਂਜ ਰਾਹੁਲ ਗਾਂਧੀ ਨੇ ਅਗਲੇ ਮਹੀਨੇ ਪ੍ਰਧਾਨ ਮੰਤਰੀ ਬਣਨ ਦੇ ਸਵਾਲ ਨੂੰ ਖੁੱਲ੍ਹਾ ਛੱਡਦਿਆਂ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਆਪਣੀ ਮਾਂ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਨਕਸ਼ੇ ਕਦਮ ’ਤੇ ਚੱਲ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੁਕਰਾ ਦੇਣਗੇ ਜਾਂ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਤਾਂ ਉਨ੍ਹਾਂ ਇਸ ਬਾਰੇ ਕੋਈ ਪੱਕੀ ਗੱਲ ਨਾ ਆਖੀ। ਸ੍ਰੀ ਗਾਂਧੀ ਨੇ ਕਿਹਾ,‘‘ਪ੍ਰਧਾਨ ਮੰਤਰੀ ਬਣਾਉਣ ਦਾ ਫ਼ੈਸਲਾ ਭਾਰਤ ਦੇ ਲੋਕਾਂ ਦੇ ਹੱਥਾਂ ’ਚ ਹੈ। ਉਹ 23 ਮਈ ਨੂੰ ਫ਼ੈਸਲਾ ਕਰਨਗੇ ਕਿ ਉਨ੍ਹਾਂ ਕਿਸ ਵਿਚਾਰਧਾਰਾ ਅਤੇ ਕਿਸ ਆਗੂ ਦੀ ਚੋਣ ਕੀਤੀ ਹੈ। ਮੈਂ ਇਸ ਦਾ ਅੰਦਾਜ਼ਾ ਲਾਉਣ ਵਾਲਾ ਕੌਣ ਹੁੰਦਾ ਹਾਂ।’’ ਉੱਤਰ ਪ੍ਰਦੇਸ਼ ’ਚ ਵਿਰੋਧੀ ਧਿਰਾਂ ਦੀ ਏਕਤਾ ’ਤੇ ਜ਼ੋਰ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਯੂਪੀ ’ਚ ਸਮਾਨ ਸੋਚ ਵਾਲੀਆਂ ਪਾਰਟੀਆਂ ਇਕਜੁੱਟ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਉੱਤਰ ਪ੍ਰਦੇਸ਼ ’ਚ ਮਹਿਜ਼ 8 ਤੋਂ 10 ਸੀਟਾਂ ’ਤੇ ਸਬਰ ਕਰਨਾ ਪਏਗਾ। ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਵਾਦ ਦੇ ਨਾਂ ’ਤੇ ਮਹਿਜ਼ ਬਹਾਨੇ ਘੜ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਉਨ੍ਹਾਂ ਦੇ ਮਰਹੂਮ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਗਾਂਧੀ ਨੇ ਕਿਹਾ, ‘ਇਸ ਮਾਮਲੇ ਵਿੱਚ ਸੌ ਫੀਸਦ ਨਿਆਂ ਕੀਤਾ ਜਾਣਾ ਚਾਹੀਦਾ ਹੈ ਤੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।’
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ-2 ਸਰਕਾਰ ਵਿੱਚ ਸ਼ਾਮਲ ਨਾ ਹੋਣ ਦੇ ਫੈਸਲੇ ਬਾਰੇ ਪੁੱਛਣ ’ਤੇ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਸਲਿਆਂ ’ਤੇ ਕੋਈ ਅਫਸੋਸ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਚੋਣ ਪਿੜ ਵਿੱਚ ਉਤਾਰਨ ਬਾਰੇ ਕਦੇ ਕੋਈ ਫੈਸਲਾ ਨਹੀਂ ਹੋਇਆ। ਰਾਹੁਲ ਨੇ ਸਰਜੀਕਲ ਸਟਰਾਈਕ ’ਤੇ ਬਣੀ ਫਿਲਮ ‘ਉੜੀ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਦਾ ‘ਜੋਸ਼ ਬੁਲੰਦੀਆਂ ’ਤੇ ਹੈ’। ਪਾਰਟੀ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਵੱਲੋਂ ਗੱਠਜੋੜ ਨੂੰ ਲੈ ਕੇ ਪਾਲੇ ਬਦਲਣ ਕਰਕੇ ਹੀ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਦਿੱਲੀ ’ਚ ਭਾਈਵਾਲੀ ਨਾ ਪਾਉਣ ਦਾ ਫੈਸਲਾ ਕੀਤਾ ਸੀ। ਵਿਰੋਧੀ ਖੇਮੇ ਵੱਲੋਂ ਕਾਂਗਰਸ ’ਤੇ ਹੰਕਾਰੀ ਹੋਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ, ‘ਪਹਿਲਾਂ ਉਨ੍ਹਾਂ ਦਿੱਲੀ ਵਿੱਚ 4-3 ਨਾਲ ਸੀਟਾਂ ਦੀ ਵੰਡ ਬਾਰੇ ਸਹਿਮਤੀ ਦਿੱਤੀ ਸੀ। ਇਨ੍ਹਾਂ ਵਿਚੋਂ ਚਾਰ ਸੀਟਾਂ ਸਾਨੂੰ ਤੇ ਤਿੰਨ ‘ਆਪ’ ਦੇ ਹਿੱਸੇ ਆਉਣੀਆਂ ਸਨ। ਪਰ ਜਦੋਂ ਮੈਂ ਆਪਣੀ ਪਾਰਟੀ ਨਾਲ ਗੱਲਬਾਤ ਕਰਨ ਮਗਰੋਂ ਮੁੜ ‘ਆਪ’ ਕੋਲ ਆਇਆ ਤਾਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਤੇ ਪੰਜਾਬ ਵੀ ਚਾਹੀਦਾ ਹੈ। ਇਸ ਮਗਰੋਂ ਅਸੀਂ ਫੈਸਲਾ ਕਰ ਲਿਆ ਕਿ ਇਨ੍ਹਾਂ (ਆਪ) ਨਾਲ ਸਾਂਝ ਨਹੀਂ ਪਾਵਾਂਗੇ।’

Facebook Comment
Project by : XtremeStudioz