Close
Menu

ਕਾਂਗਰਸ ਵਿਰੁੱਧ ਲੋਕ ਫਤਵਾ ਐਨ.ਡੀ.ਏ. ਦੇ ਹੱਕ ਵਿਚ ਲਹਿਰ ਦਾ ਸਪੱਸ਼ਟ ਸੰਕੇਤ : ਸੁਖਬੀਰ

-- 09 December,2013

shrimoni-akali-dal-amritsar-to-hold-rally-close-to-narendra-modis-in-jagraonਚੰਡੀਗੜ੍ਹ,9 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਮਿਲੀ ਇਤਿਹਾਸਕ ਸਫਲਤਾ ‘ਤੇ ਜਿੱਥੇ ਦਿੱਲੀ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਉੱਥੇ ਅਕਾਲੀ ਦਲ ਦੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੱਤੀ ਹੈ।
ਅੱਜ ਜਾਰੀ ਇੱਥੋਂ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਚਾਰ ਸੂਬਿਆਂ ਦੇ ਵੋਟਰਾਂ ਵਲੋਂ ਕਾਂਗਰਸ ਦੀਆਂ ਨੀਤੀਆਂ ਵਿਰੁੱਧ ਦਿੱਤਾ ਗਿਆ ਵੱਡਾ ਫਤਵਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਕੇਂਦਰ ਵਿਚ ਅਗਲੀ ਸਰਕਾਰ ਐਨ.ਡੀ.ਏ. ਦੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ ਤੇ ਛੱਤੀਸਗੜ੍ਹ ਦੇ ਨਤੀਜਿਆਂ ਪਿੱਛੋਂ ਕਾਂਗਰਸ ਨੂੰ ਕੇਂਦਰ ਵਿਚ ਸੱਤਾ ਵਿਚ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਗਿਆ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਵਿਚ ਤੁਰੰਤ ਲੋਕ ਸਭਾ ਚੋਣਾਂ ਕਰਵਾਈਆਂ ਜਾਣ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਨੂੰ ਸਬਕ ਸਿਖਾਇਆ ਹੈ ਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਦੇਸ਼ ਦੇ ਸਿਆਸੀ ਨਕਸ਼ੇ ਤੋਂ ਸਫਾਇਆ ਤੈਅ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਕਾਲੀ ਦਲ ਵਲੋਂ ਦਿੱਲੀ ਵਿਚ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਹੋਈ ਹੈ ਤੇ ਅਕਾਲੀ ਦਲ ਹੁਣ ਹੋਰਨਾਂ ਰਾਜਾਂ ਵਿਚ ਲੋਕਾਂ ਦੀ ਸੇਵਾ ਲਈ ਕੰਮ ਕਰੇਗਾ।
ਇਸੇ ਦੌਰਾਨ ਸੀਨੀਅਰ ਭਾਜਪਾ ਨੇਤਾ ਸ੍ਰੀ ਐਲ.ਕੇ. ਅਡਵਾਨੀ, ਭਾਜਪਾ ਪ੍ਰਧਾਨ ਸ਼੍ਰੀ ਰਾਜਨਾਥ ਸਿੰਘ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਇਸਨੂੰ ਭਾਜਪਾ ਦੀਆਂ ਨੀਤੀਆਂ ‘ਤੇ ਲੋਕਾਂ ਵਲੋਂ ਮੋਹਰ ਲਾਉਣਾ ਕਰਾਰ ਦਿੱਤਾ ਹੈ।

Facebook Comment
Project by : XtremeStudioz