Close
Menu

ਕਿਰਤ ਦਾ ਮਹੱਤਵ

-- 16 April,2017

ਸਿਖਰ ਦੁਪਹਿਰ ਸੀ। ਬੁੱਧ ਇੱਕ ਪਿੰਡ ਵਿੱਚ ਇੱਕ ਕਿਸਾਨ ਦੇ ਘਰ ਪਹੁੰਚੇ। ਉਨ੍ਹਾਂ ਨੇ ਅੱਜ ਇਸ ਕਿਸਾਨ ਕੋਲ ਹੀ ਰਾਤ ਕੱਟਣੀ ਸੀ। ਕਿਸਾਨ ਉਨ੍ਹਾਂ ਦਾ ਸੱਚਾ-ਸੁੱਚਾ ਭਗਤ ਸੀ। ਕਿਸਾਨ ਨੇ ਬੁੱਧ ਨੂੰ ਦੁਪਹਿਰ ਦਾ ਭੋਜਨ ਛਕਾਇਆ। ਉਪਰੰਤ ਬੁੱਧ ਦੇ ਆਰਾਮ ਕਰਨ ਲਈ ਵਧੀਆ ਮੰਜੇ-ਬਿਸਤਰੇ ਦਾ ਪ੍ਰਬੰਧ ਕੀਤਾ। ਬੁੱਧ ਆਰਾਮ ਕਰਨ ਲਈ ਬਿਸਤਰੇ ’ਤੇ ਲੇਟ ਗਏ। ਕਿਸਾਨ ਭਗਤ ਨੇ ਗੁਰੂ ਜੀ ਨੂੰ ਸ਼ਾਮ ਨੂੰ ਪਿੰਡ ਵਿੱਚ ਪ੍ਰਵਚਨ ਕਰਨ ਦੀ ਬੇਨਤੀ ਕੀਤੀ ਤਾਂ ਜੋ ਪਿੰਡ ਵਾਸੀ ਉਨ੍ਹਾਂ ਦੇ ਗਿਆਨ ਸਾਗਰ ਵਿੱਚੋਂ ਚੂਲੀ ਭਰ ਗਿਆਨ ਲੈ ਕੇ ਆਪਣਾ ਜੀਵਨ ਸਫਲ ਕਰ ਸਕਣ। ਗੁਰੂ ਜੀ ਨੇ ਭਗਤ ਦੀ ਬੇਨਤੀ ਸਵੀਕਾਰ ਕਰ ਲਈ।
ਬੁੱਧ ਦੇ ਪ੍ਰਵਚਨ ਸੁਣਨ ਲਈ ਪਿੰਡ ਵਾਸੀ ਸ਼ਾਮ ਨੂੰ ਸਾਂਝੀ ਜਗ੍ਹਾ ’ਤੇ ਇਕੱਠੇ ਹੋ ਗਏ। ਪ੍ਰਵਚਨ ਕਰਦੇ ਹੋਏ ਬੁੱਧ ਨੇ ਪਿੰਡ ਵਾਸੀਆਂ ’ਤੇ ਨਜ਼ਰ ਮਾਰੀ ਤਾਂ ਉਨ੍ਹਾਂ ਨੂੰ ਆਪਣਾ ਕਿਸਾਨ ਭਗਤ ਕਿਧਰੇ ਦਿਖਾਈ ਨਾ ਦਿੱਤਾ। ਲੋਕਾਂ ਅੰਦਰ ਕਿਸਾਨ ਦੀ ਗ਼ੈਰਹਾਜ਼ਰੀ ਕਾਰਨ ਕਾਨਾਫੂਸੀ ਹੋਣ ਲੱਗੀ ਕਿ ਦੇਖੋ ਕਿਹੋ ਜਿਹਾ ਭਗਤ ਹੈ ਜੋ ਖ਼ੁਦ ਪ੍ਰਵਚਨ ਦਾ ਪ੍ਰਬੰਧ ਕਰਕੇ ਗਾਇਬ ਹੀ ਹੋ ਗਿਆ। ਖ਼ੈਰ, ਪ੍ਰਵਚਨ ਸੁਣ ਕੇ ਲੋਕ ਆਪੋ-ਆਪਣੇ ਘਰ ਚਲੇ ਗਏ।
ਕਿਸਾਨ ਦੇਰ ਰਾਤ ਆਪਣੇ ਘਰ ਮੁੜਿਆ। ਬੁੱਧ ਨੇ ਪੁੱਛਿਆ, ‘‘ਭਗਤਾ, ਤੂੰ ਕਿੱਥੇ ਚਲਾ ਗਿਆ ਸੀ? ਸਾਰੇ ਪਿੰਡ ਵਾਸੀ ਤੇਰੇ ਬਾਰੇ ਚਰਚਾ ਕਰ ਰਹੇ ਸਨ।’’ ਕਿਸਾਨ ਕਹਿਣ ਲੱਗਿਆ, ‘‘ਮਹਾਰਾਜ, ਅਸਲ ਵਿੱਚ ਪ੍ਰਵਚਨ ਦਾ ਸਾਰਾ ਪ੍ਰਬੰਧ ਤਾਂ ਮੈਂ ਕਰ ਲਿਆ ਸੀ, ਪਰ ਅਚਾਨਕ ਹੀ ਮੇਰਾ ਬਲਦ ਬਿਮਾਰ ਹੋ ਗਿਆ। ਪਹਿਲਾਂ ਤਾਂ ਮੈਂ ਘਰੇਲੂ ਨੁਸਖਿਆਂ ਨਾਲ ਉਸ ਦਾ ਇਲਾਜ ਕੀਤਾ, ਪਰ ਇਨ੍ਹਾਂ ਨੁਸਖਿਆਂ ਨਾਲ ਜਦੋਂ ਬਲਦ ਨੂੰ ਕੋਈ ਆਰਾਮ ਆਉਂਦਾ ਨਾ ਦਿਖਿਆ ਤਾਂ ਮੈਨੂੰ ਉਸ ਨੂੰ ਨੇੜਲੇ ਪਸ਼ੂ ਹਸਪਤਾਲ ਲਿਜਾਣਾ ਪਿਆ। ਜੇਕਰ ਮੈਂ ਉਸ ਨੂੰ ਹਸਪਤਾਲ ਨਾ ਲਿਜਾਂਦਾ ਤਾਂ ਉਸ ਨੇ ਮਰ ਜਾਣਾ ਸੀ। ਤੁਹਾਡਾ ਪ੍ਰਵਚਨ ਤਾਂ ਮੈਂ ਬਾਅਦ ਵਿੱਚ ਵੀ ਸੁਣ ਲਵਾਂਗਾ।’’
ਅਗਲੇ ਦਿਨ ਜਦੋਂ ਪਿੰਡ ਵਾਸੀ ਬੁੱਧ ਕੋਲ ਆਏ ਤਾਂ ਸ਼ਿਕਾਇਤ ਦੇ ਲਹਿਜੇ ਵਿੱਚ ਕਹਿਣ ਲੱਗੇ, ‘‘ਤੁਹਾਡਾ ਭਗਤ ਤਾਂ ਮਾਤਰ ਭਗਤ ਹੋਣ ਦਾ ਢੌਂਗ ਕਰ ਰਿਹਾ ਹੈ। ਦੇਖੋ ਕੱਲ੍ਹ ਤੁਹਾਡੇ ਪ੍ਰਵਚਨਾਂ ਦਾ ਪ੍ਰਬੰਧ ਕਰਕੇ ਖ਼ੁਦ ਗਾਇਬ ਹੀ ਹੋ ਗਿਆ ਸੀ।’’ ਬੁੱਧ ਨੇ ਪਿੰਡ ਵਾਸੀਆਂ ਨੂੰ ਸਾਰੀ ਘਟਨਾ ਸੁਣਾਈ ਅਤੇ ਸਮਝਾਉਂਦੇ ਹੋਏ ਕਹਿਣ ਲੱਗੇ, ‘‘ਕਿਸਾਨ ਨੇ ਪ੍ਰਵਚਨ ਸੁਣਨ ਨਾਲੋਂ ਕਿਰਤ ਨੂੰ ਪਹਿਲ ਦਿੰਦੇ ਹੋਏ ਸਿੱਧ ਕਰ ਦਿੱਤਾ ਕਿ ਮੇਰੇ ਵੱਲੋਂ ਦਿੱਤੀ ਜਾਂਦੀ ਸਿੱਖਿਆ ਨੂੰ ਉਸ ਨੇ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਹੈ। ਉਸ ਨੂੰ ਹੁਣ ਮੇਰੇ ਪ੍ਰਵਚਨ ਸੁਣਨ ਦੀ ਹੋਰ ਜ਼ਰੂਰਤ ਨਹੀਂ ਹੈ। ਮੈਂ ਹਮੇਸ਼ਾਂ ਇਹੀ ਸਮਝਾਉਂਦਾ ਹਾਂ ਕਿ ਆਪਣੀ ਬੁੱਧੀ ਤੇ ਵਿਵੇਕ ਦੀ ਵਰਤੋਂ ਕਰਦੇ ਹੋਏ ਨਿਰਣਾ ਲਓ ਕਿ ਪਹਿਲਾਂ ਕਿਹੜਾ ਕੰਮ ਕਰਨਾ ਜ਼ਰੂਰੀ ਹੈ। ਜੇਕਰ ਕਿਸਾਨ ਬਿਮਾਰ ਬਲਦ ਨੂੰ ਛੱਡ ਕੇ ਮੇਰੇ ਪ੍ਰਵਚਨ ਸੁਣਨ ਨੂੰ ਪਹਿਲ ਦਿੰਦਾ ਤਾਂ ਦਵਾਈ ਤੋਂ ਬਗੈਰ ਬਲਦ ਦੀ ਮੌਤ ਹੋ ਜਾਣੀ ਸੀ ਅਤੇ ਮੇਰੇ ਪ੍ਰਵਚਨ ਵਿਅਰਥ ਹੋ ਜਾਣੇ ਸਨ। ਮੇਰੇ ਪ੍ਰਵਚਨਾਂ ਦਾ ਸਾਰ ਇਹੀ ਹੈ ਕਿ ਸਭ ਕੁਝ ਤਿਆਗ ਕੇ ਪ੍ਰਾਣੀ ਮਾਤਰ ਦੀ ਰੱਖਿਆ ਕਰੋ।’’ ਇਸ ਘਟਨਾ ਨੇ ਪਿੰਡ ਵਾਸੀਆਂ ਨੂੰ ਵੀ ਬੁੱਧ ਦੇ ਉਪਦੇਸ਼ ਦਾ ਅਰਥ ਅਤੇ ਮਹੱਤਵ ਭਲੀ-ਭਾਂਤ ਸਮਝਾ ਦਿੱਤਾ ਸੀ।

Facebook Comment
Project by : XtremeStudioz