Close
Menu

ਕੇਜਰੀਵਾਲ ਨੇ ਕਿਰਨ ਖੇਰ ’ਤੇ ਸਾਧਿਆ ਨਿਸ਼ਾਨਾ

-- 25 February,2019

ਚੰਡੀਗੜ੍ਹ, 25 ਫਰਵਰੀ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਰੈਲੀ ਦੌਰਾਨ ਦੋਸ਼ ਲਾਇਆ ਕਿ ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕਿਰਨ ਖੇਰ ਮਹਿਜ਼ ਫਿਲਮੀ ਅਭਿਨੇਤਰੀ ਹੈ ਅਤੇ ਉਸ ਦਾ ਮੁੱਖ ਕੰਮ ਕੇਵਲ ਪੈਸੇ ਕਮਾਉਣਾ ਹੀ ਹੈ। ਉਹ ਅੱਜ ਸੈਕਟਰ-25 ਵਿਚ ‘ਆਪ’ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਮੋਹਨ ਧਵਨ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਵਿਚ ਕੇਜਰੀਵਾਲ ਮਸਾਂ 10-12 ਮਿੰਟ ਹੀ ਰਹੇ। ਉਨ੍ਹਾਂ ਦੇ ਜਾਣ ਮਗਰੋਂ ਸ੍ਰੀ ਧਵਨ ਸਮੇਤ ਸਮੁੱਚੀ ਰੈਲੀ ਵਿਚ ਨਿਰਾਸ਼ਾ ਪਸਰ ਗਈ ਪਰ ਬਾਅਦ ਵਿਚ ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਅਤੇ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਰੈਲੀ ਵਿਚ ਰੂਹ ਫੂਕ ਦਿੱਤੀ। ਸ੍ਰੀ ਕੇਜਰੀਵਾਲ ਨੇ ਪਾਰਟੀ ਉਮੀਦਵਾਰ ਸ੍ਰੀ ਧਵਨ ਲਈ ਵੋਟਾਂ ਮੰਗਦਿਆਂ ਕਿਹਾ ਕਿ ਕਿਰਨ ਖੇਰ ਨੂੰ ਜਿਤਾ ਕੇ ਅੱਜ ਚੰਡੀਗੜ੍ਹ ਦੇ ਲੋਕ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਰਨ ਖੇਰ ਮੁੰਬਈ ਦੀ ਹੈ ਅਤੇ ਆਮ ਬੰਦੇ ਨੂੰ ਉਹ ਮਿਲਦੀ ਵੀ ਨਹੀਂ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਜੇ ਸ੍ਰੀ ਧਵਨ ਜਿੱਤਣਗੇ ਤਾਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲਿਆ ਜਾ ਸਕੇਗਾ। ਇਸ ਲਈ ਕਿਸੇ ਬਾਹਰੀ ਉਮੀਦਵਾਰ ਨੂੰ ਜਿਤਾਉਣ ਦੀ ਗਲਤੀ ਨਾ ਕੀਤੀ ਜਾਵੇ । ਉਨ੍ਹਾਂ ਭਰੋਸਾ ਦਿੱਤਾ ਕਿ ਸ੍ਰੀ ਧਵਨ ਦਿੱਲੀ ਦੀ ਤਰਜ਼ ’ਤੇ ਚੰਡੀਗੜ੍ਹ ਦਾ ਵਿਕਾਸ ਕਰਨਗੇ ਅਤੇ ਕਿਰਨ ਖੇਰ ਨੇ ਚੰਡੀਗੜ੍ਹ ਵਿਚ ਕੋਈ ਸਕੂਲ, ਸੜਕ ਜਾਂ ਹੋਰ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਰਨ ਖੇਰ ਪਾਰਲੀਮੈਂਟ ਵਿਚ ਚੰਡੀਗੜ੍ਹ ਦੇ ਮੁੱਦਿਆਂ ਬਾਰੇ ਤਾਂ ਨਾਂ ਮਾਤਰ ਹੀ ਬੋਲਦੀ ਹੈ ਕਿਉਂਕਿ ਉਹ ਮੁੰਬਈ ਤੋਂ ਦਿੱਲੀ ਪਾਰਲੀਮੈਂਟ ਵਿਚ ਆਉਂਦੀ ਹੈ ਅਤੇ ਉਥੋਂ ਹੀ ਵਾਪਸ ਮੁੰਬਈ ਚਲੀ ਜਾਂਦੀ ਹੈ। ਸ੍ਰੀ ਮਾਨ ਨੇ ਕਿਹਾ ਕਿ ਦੂਸਰੇ ਪਾਸੇ ਸ੍ਰੀ ਧਵਨ ਲੋਕਾਂ ਦੇ ਨੇਤਾ ਹਨ। ਸ਼ਤਰੂਘਨ ਸਿਨਹਾ ਨੇ ਸ੍ਰੀ ਧਵਨ ਨੂੰ ਸ਼ਾਨਦਾਰ, ਜਾਨਦਾਰ ਅਤੇ ਦਿਲਦਾਰ ਨੇਤਾ ਦੱਸਦਿਆਂ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ‘ਆਪ’ ਉਮੀਦਵਾਰ ਹਰਮੋਹਨ ਧਵਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਨ ਖੇਰ ਚੋਣਾਂ ਵਿਚ ਕੀਤੇ 60 ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕਰ ਸਕੀ। ਸ੍ਰੀ ਧਵਨ ਨੇ ਕਿਹਾ ਕਿ ਉਹ ਕੁਝ ਮਹੀਨੇ ਹੀ ਕੇਂਦਰੀ ਮੰਤਰੀ ਰਹੇ ਸਨ ਅਤੇ ਉਨ੍ਹਾਂ ਨੇ ਸੈਕਟਰ 32 ਦਾ ਸਰਕਾਰੀ ਹਸਪਤਾਲ, ਕਜੌਲੀ ਵਾਟਰ ਵਰਕਸ ਦਾ ਫੇਜ਼ 2 ਤੇ 3, ਕਰਮਚਾਰੀਆਂ ਨੂੰ ਪੰਜਾਬ ਪੈਟਰਨ ’ਤੇ ਤਨਖਾਹ ਸਕੇਲ ਤੇ ਸ਼ਹਿਰ ਨੂੰ ਬੀ-2 ਦਾ ਦਰਜਾ ਦਿਵਾਉਣ ਵਰਗੇ ਕੰਮ ਕਰਵਾਏ ਸਨ। ਰੈਲੀ ਵਿਚ ‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ, ਸਾਬਕਾ ਡੀਐਸਪੀ ਵਿਜੈਪਾਲ ਸਿੰਘ, ‘ਆਪ’ ਪੰਜਾਬ ਦੇ ਬੁਲਾਰੇ ਸਤਵੀਰ ਵਾਲੀਆ, ‘ਆਪ’ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿੱਲ ਵੀ ਮੌਜੂਦ ਸਨ।

Facebook Comment
Project by : XtremeStudioz