Close
Menu

ਕੈਨੇਡਾ ਦੀ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਬਰਨਬੀ ਦੱਖਣੀ ਹਲਕੇ ਤੋਂ ਚੋਣ ਜਿੱਤੀ

-- 27 February,2019

ਵੈਨਕੂਵਰ- ਕੈਨੇਡਾ ਸੰਸਦ ਲਈ ਹੋਈਆਂ ਤਿੰਨ ਜ਼ਿਮਨੀ ਚੋਣਾਂ ਵਿੱਚੋਂ ਸਭ ਤੋਂ ਵੱਕਾਰੀ ਸੀਟ ਬਰਨਬੀ ਦੱਖਣੀ ਹਲਕੇ ਤੋਂ ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਪਾਰਟੀ ਅਤੇ ਦੇਸ਼ ਵਿਚ ਆਪਣਾ ਦਬਦਬਾ ਬਣਾ ਲਿਆ ਹੈ। ਦੋਹਾਂ ਪ੍ਰਮੁੱਖ ਵਿਰੋਧੀ ਪਾਰਟੀਆਂ ਵਲੋਂ 40 ਵਰ੍ਹਿਆਂ ਦੇ ਜਗਮੀਤ ਸਿੰਘ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ।
ਅੱਜ ਵੋਟਾਂ ਦਾ ਅਮਲ ਪੂਰਾ ਹੁੰਦਿਆਂ ਹੀ ਗਿਣਤੀ ਸ਼ੁਰੂ ਹੋ ਗਈ। ਜਗਮੀਤ ਸਿੰਘ ਨੇ ਗਿਣਤੀ ਦੇ ਪਹਿਲੇ ਗੇੜ ਵਿਚ ਹੀ ਸੱਤਧਾਰੀ ਲਿਬਰਲ ਪਾਰਟੀ ਦੀ ਉਮੀਦਵਾਰ ਰਿਚਰਡ ਲੀ ਤੋਂ ਕਾਫੀ ਫਰਕ ਬਣਾ ਲਿਆ ਸੀ। ਕਨਜ਼ਰਵੇਟਿਵ ਪਾਰਟੀ ਦੇ ਜੇਅ ਸ਼ਿਨ ਤੀਜੇ ਨੰਬਰ ’ਤੇ ਰਹੇ। ਇਸ ਚੋਣ ਵਿਚ ਨਵ-ਗਠਿਤ ਪੀਪਲ ਪਾਰਟੀ ਆਫ ਕੈਨੇਡਾ ਦੇ ਲੌਰਾ ਲਿਨ ਥੌਮਸਨ ਨੂੰ ਕਾਫੀ ਵੋਟਾਂ ਪਈਆਂ। ਦੋ ਆਜ਼ਾਦ ਉਮੀਦਵਾਰਾਂ ਨੂੰ ਬਹੁਤ ਘੱਟ ਵੋਟਾਂ ਪਈਆਂ। ਹਲਕੇ ਵਿਚ ਕੁੱਲ 76204 ਵੋਟਰ ਸਨ ਅਤੇ ਜਗਮੀਤ ਸਿੰਘ ਨੂੰ ਕਰੀਬ 40 ਫੀਸਦੀ ਵੋਟਾਂ ਪਈਆਂ। ਪਿਛਲੀਆਂ ਆਮ ਚੋਣਾਂ ’ਚ ਇੱਥੋਂ ਜੇਤੂ ਰਹੇ ਇਸੇ ਪਾਰਟੀ ਦੇ ਕੈਨੇਡੀ ਸਟੀਵਰਟ ਨੂੰ 37 ਫੀਸਦੀ ਵੋਟਾਂ ਪਈਆਂ ਸਨ। ਪਿਛਲੀ ਵਾਰ 33 ਫੀਸਦੀ ਵੋਟਾਂ ਲੈਣ ਵਾਲੀ ਲਿਬਰਲ ਪਾਰਟੀ ਇਸ ਵਾਰ ਪੰਜ ਫੀਸਦੀ ਹੋਰ ਪਿੱਛੇ ਸਰਕ ਗਈ ਤੇ 27 ਫੀਸਦੀ ਵੋਟਾਂ ਵਾਲੀ ਟੋਰੀ ਪਾਰਟੀ 21 ਫੀਸਦੀ ’ਤੇ ਸਿਮਟ ਗਈ। ਇਸ ਦਾ ਕਾਰਨ ਪਹਿਲੀ ਵਾਰ ਚੋਣ ਮੈਦਾਨ ’ਚ ਨਿੱਤਰੀ ਪੀਪਲ ਪਾਰਟੀ ਆਫ ਕੈਨੇਡਾ ਵਲੋਂ ਲਾਇਆ ਖੋਰਾ ਸਮਝਿਆ ਜਾਂਦਾ ਹੈ। ਭਾਵੇਂ ਬਰਨਬੀ ਦੱਖਣੀ ਹਲਕਾ ਪਿਛਲੀਆਂ ਚਾਰ ਚੋਣਾਂ ’ਚ ਵੀ ਐੱਨ.ਡੀ.ਪੀ. ਦੇ ਕਬਜ਼ੇ ਹੇਠ ਸੀ ਪਰ ਇਸ ਜ਼ਿਮਨੀ ਚੋਣ ’ਚ ਜਗਮੀਤ ਸਿੰਘ ਦੀ ਉਮੀਦਵਾਰੀ ਕਾਰਨ ਪਾਰਟੀ ਦੇ ਅੰਦਰੋਂ ਹੀ ਉਸਦਾ ਵਿਰੋਧ ਹੋ ਰਿਹਾ ਸੀ। ਅੰਦਰਖਾਤੇ ਕੁਝ ਮੀਡੀਆ ਅਦਾਰੇ ਵੀ ਉਸ ਦੀ ਜਿੱਤ ਉਤੇ ਖ਼ਤਰੇ ਦੇ ਬੱਦਲ ਮੰਡਰਾ ਕੇ ਉਸਦੀ ਪਾਰਟੀ ਪ੍ਰਧਾਨਗੀ ਉਤੇ ਹੀ ਪ੍ਰਸ਼ਨ ਚਿੰਨ੍ਹ ਲਾ ਰਹੇ ਸਨ। ਉਸਦੀ ਜਿੱਤ ਨੇ ਚੋਣ ਸਰਵੇਖਣਾਂ ਦੀ ਭਰੋਸੇਯੋਗਤਾ ਉਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੱਤੇ ਹਨ ਕਿਉਂਕਿ ਸਰਵੇਖਣਾਂ ’ਚ ਉਸਦੀ ਹਾਰ ਦੇ ਕਿਆਸ ਲੱਗੇ ਸਨ।
ਨਤੀਜੇ ਦਾ ਐਲਾਨ ਹੁੰਦਿਆਂ ਹੀ ਜਗਮੀਤ ਸਿੰਘ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਸਨੂੰ ਜਿਤਾ ਕੇ ਇਤਿਹਾਸ ਸਿਰਜਿਆ ਹੈ। ਇਲ ਨਾਲ ਉਸਦੇ ਮੋਢਿਆਂ ਉਤੇ ਹੁਣ ਵੱਡੀ ਜ਼ਿੰਮੇਵਾਰੀ ਆ ਗਈ ਹੈ, ਜਿਸ ਨੂੰ ਉਹ ਸਾਥੀਆਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨਿਭਾਉਣਗੇ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸੀਟ ਜਿੱਤਣ ਨਾਲ ਉਹ ਅਕਤੂਬਰ ਵਿਚ ਹੋਣ ਵਾਲੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਵਾਲੀ ਕਤਾਰ ’ਚ ਖੜ੍ਹੇ ਹੋ ਗਏ ਹਨ। ਉਨ੍ਹਾਂ ਬਰਨਬੀ ਦੇ ਵਿਕਾਸ ਲਈ ਕੀਤੇ ਵਾਅਦੇ ਪੁਗਾਉਣ ਦਾ ਅਹਿਦ ਵੀ ਦੁਹਰਾਇਆ।

Facebook Comment
Project by : XtremeStudioz