Close
Menu

ਕੈਨੇਡਾ ਵਿੱਚ ਸਮੇਂ ਉੱਤੇ ਹੀ ਹੋਣਗੀਆਂ ਫੈਡਰਲ ਚੋਣਾਂ : ਟਰੂਡੋ

-- 17 December,2018

ਓਟਵਾ, 17 ਦਸੰਬਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਸਮੇਂ ਤੋਂ ਪਹਿਲਾਂ ਨਹੀਂ ਕਰਵਾਈਆਂ ਜਾਣਗੀਆਂ।
ਇੱਕ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਕਿ ਚੋਣਾ 21 ਅਕਤੂਬਰ, 2019 ਦੀ ਨਿਰਧਾਰਤ ਮਿਤੀ ਨੂੰ ਹੀ ਕਰਵਾਈਆਂ ਜਾਣਗੀਆਂ। ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਰਹਿੰਦਿਆਂ ਇਹ ਅਫਵਾਹ ਫੈਲ ਗਈ ਸੀ ਕਿ ਸ਼ਾਇਦ ਚੋਣਾਂ ਜਲਦੀ ਕਰਵਾਈਆਂ ਜਾਣ। ਪਰ ਟਰੂਡੋ ਦੇ ਇਸ ਬਿਆਨ ਨਾਲ ਸਾਰੇ ਸੰ਼ਕੇ ਖਤਮ ਹੋ ਗਏ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੈਂਪੇਨ ਪੀਰੀਅਡ ਕਿੰਨਾਂ ਸਮਾਂ ਚੱਲੇਗਾ।
ਮੌਜੂਦਾ ਫੈਡਰਲ ਇਲੈਕਸ਼ਨ ਲਾਅ ਤਹਿਤ ਆਮ ਚੋਣਾਂ ਪਿਛਲੀ ਫੈਡਰਲ ਚੋਣ ਦੇ ਚੌਥੇ ਸਾਲ ਅਕਤੂਬਰ ਦੇ ਤੀਜੇ ਸੋਮਵਾਰ ਨੂੰ ਹੁੰਦੀਆਂ ਹਨ। ਪਰ ਇਹ ਚੋਣਾਂ ਜਲਦ ਕਰਵਾਏ ਜਾਣ ਤੋਂ ਰੋਕਣ ਦਾ ਕੋਈ ਹੀਲਾ ਨਹੀਂ ਹੈ। ਕੈਨੇਡਾ ਦੇ ਗਵਰਨਰ ਜਨਰਲ ਕੋਲ ਇਹ ਸ਼ਕਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੌਜੂਦਾ ਸੰਸਦ ਨੂੰ ਭੰਗ ਕਰਕੇ ਕਿਸੇ ਹੋਰ ਤਰੀਕ ਨੂੰ ਚੋਣਾਂ ਕਰਵਾਉਣ ਦਾ ਸੱਦਾ ਦੇਵੇ। ਪਿਛਲੀਆਂ ਚੋਣਾਂ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਚੋਣ ਮੁਹਿੰਮ ਮੁਕਾਬਲਤਨ ਪਹਿਲਾਂ ਹੀ ਸ਼ੁਰੂ ਕਰ ਲਈ ਸੀ, ਨਤੀਜਤਨ ਉਹ ਦੌੜ 78 ਦਿਨ ਚੱਲੀ ਸੀ। ਕਿਸੇ ਕੈਂਪੇਨ ਦੀ ਵੱਧ ਤੋਂ ਵੱਧ ਲੰਬਾਈ 36 ਦਿਨ ਹੁੰਦੀ ਹੈ।
ਇਹ ਪੁੱਛੇ ਜਾਣ ਉੱਤੇ ਕਿ ਆਪਣੇ ਟੁੱਟੇ ਹੋਏ ਵਾਅਦਿਆਂ ਜਿਵੇਂ ਕਿ ਚੋਣ ਸੁਧਾਰ, ਬਜਟ ਨੂੰ ਸੰਤੁਲਿਤ ਕਰਨ ਆਦਿ ਨੂੰ 2019 ਵਿੱਚ ਪੂਰਾ ਕਰਨ ਦੀ ਆਪਣੀ ਯੋਜਨਾ ਨੂੰ ਕਿਸੇ ਤਰ੍ਹਾਂ ਪੇਸ਼ ਕਰੋਂਗੇ ਤਾਂ ਟਰੂਡੋ ਨੇ ਆਖਿਆ ਕਿ ਸਟੀਫਨ ਹਾਰਪਰ ਦੀ ਸਰਕਾਰ ਸਮੇਂ ਆਏ ਮੰਦਵਾੜੇ ਦੌਰਾਨ ਸੱਭ ਤੋਂ ਘੱਟ ਵਿਕਾਸ ਦਰ ਰਹਿਣ ਮਗਰੋਂ ਅਸੀਂ ਕੈਨੇਡਾ ਵਿੱਚ ਵਿਕਾਸ ਦਰ ਨੂੰ ਤੇਜ਼ ਕੀਤਾ ਹੈ। ਅਸੀਂ ਕਈ ਮਿਲੀਅਨ ਕੈਨੇਡੀਅਨਾਂ ਦੀ ਕੈਨੇਡਾ ਚਾਈਲਡ ਬੈਨੇਫਿਟ ਰਾਹੀਂ ਮਦਦ ਕੀਤੀ ਹੈ। ਅਸੀਂ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਹੈ ਤੇ ਅਸੀਂ ਮੂਲਵਾਸੀ ਲੋਕਾਂ ਨਾਲ ਵੀ ਸਬੰਧ ਸੁਧਾਰਨ ਲਈ ਕੋਸਿ਼ਸ਼ਾਂ ਕਰ ਰਹੇ ਹਾਂ।
ਇੰਟਰਵਿਊ ਦੌਰਾਨ ਟਰੂਡੋ ਨੇ ਮੌਜੂਦਾ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦੀ ਥਾਂ ਸਾਬਕਾ ਆਗੂ ਹਾਰਪਰ ਦਾ ਨਾਂ ਵਾਰ ਵਾਰ ਲਿਆ। ਉਨ੍ਹਾਂ ਐਨਡੀਪੀ ਜਾਂ ਉਨ੍ਹਾਂ ਦੇ ਆਗੂ ਜਗਮੀਤ ਸਿੰਘ ਦਾ ਨਾਂ ਇੱਕ ਵਾਰੀ ਵੀ ਨਹੀਂ ਲਿਆ। ਕਾਰਬਨ ਟੈਕਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਜੇ ਕੋਈ 2019 ਵਿੱਚ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਸ ਦੀ ਮੌਲਿਕ ਜਿ਼ੰਮੇਵਾਰੀ ਭਵਿੱਖ ਲਈ ਸਵੱਛ ਅਰਥਚਾਰਾ ਕਾਇਮ ਕਰਨ ਦੀ ਹੋਵੇਗੀ।
ਇਸ ਇੰਟਰਵਿਊ ਬਾਬਤ ਕੰਜ਼ਰਵੇਟਿਵ ਡਿਪਟੀ ਲੀਡਰ ਲੀਜ਼ਾ ਰਾਇਤ ਨੇ ਆਖਿਆ ਕਿ 2019 ਵਿੱਚ ਵੋਟਾਂ ਪਾਉਣ ਸਮੇਂ ਲੋਕ ਇਸ ਗੱਲ ਦਾ ਖਿਆਲ ਰੱਖਣਗੇ ਕਿ ਭੱਤਿਆਂ ਵਿੱਚ ਓਨਾ ਵਾਧਾ ਨਹੀਂ ਹੋ ਰਿਹਾ ਜਿੰਨਾਂ ਮਹਿੰਗਾਈ ਤੇ ਟੈਕਸਾਂ ਵਿੱਚ ਹੋ ਰਿਹਾ ਹੈ। ਇਸ ਤੋਂ ਇਲਾਵਾ ਨਵਾਂ ਕਾਰਬਨ ਟੈਕਸ ਵੀ ਤਾਂ ਹੈ। ਉਹ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਬੱਚਿਆਂ ਲਈ ਪਾਰਟੀਆਂ ਕੀ ਲੈ ਕੇ ਆ ਰਹੀਆਂ ਹਨ। ਇਸ ਤੋਂ ਇਲਾਵਾ ਲੋਕ ਆਪਣੇ ਭਵਿੱਖ ਜਾਂ ਰਿਟਾਇਰਮੈਂਟ ਲਈ ਪੈਸੇ ਦੀ ਬਚਤ ਬਾਰੇ ਵੀ ਸੋਚ ਵਿਚਾਰ ਕਰਨਗੇ। ਉਨ੍ਹਾਂ ਆਖਿਆ ਇੱਥੇ ਹੀ ਅਸੀਂ ਕੈਨੇਡੀਅਨਾਂ ਨੂੰ ਇਹ ਭਰੋਸਾ ਦਿਵਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਲਈ ਵਧੇਰੇ ਕਿਫਾਇਤੀ ਤੇ ਸੇਫ ਭਵਿੱਖ ਮੁਹੱਈਆ ਕਰਾਵਾਂਗੇ।

Facebook Comment
Project by : XtremeStudioz