Close
Menu

ਕੈਨੇਡਾ ਸਰਕਾਰ ਨੇ ਰਿਪੋਰਟ ’ਚੋਂ ਸਿੱਖ ਅਤਿਵਾਦ ਬਾਰੇ ਹਵਾਲਾ ਹਟਾਇਆ

-- 15 April,2019

ਟੋਰਾਂਟੋ, 15 ਅਪਰੈਲ
ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸਾਲ 2018 ਦੀ ਸਾਲਾਨਾ ਰਿਪੋਰਟ ਵਿੱਚੋਂ ਸਿੱਖ ਅਤਿਵਾਦ ਸਬੰਧੀ ਹਵਾਲਾ ਹਟਾ ਦਿੱਤਾ ਹੈ। ਪਹਿਲਾਂ ਇਸ ਰਿਪੋਰਟ ਵਿੱਚ ਸਿੱਖ ਅਤਿਵਾਦ ਉਨ੍ਹਾਂ ਸਿਖ਼ਰਲੇ ਪੰਜ ਖਤਰਿਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖਤਰਾ ਹੈ।
ਕੈਨੇਡਾ ਨੂੰ ਅਤਿਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਦਾ ਸੋਧਿਆ ਹੋਇਆ ਸਰੂਪ ਜੋ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ, ਦੇ ਹਵਾਲੇ ਨਾਲ ਟੋਰਾਂਟੋ ਅਧਾਰਤ ਸੀਬੀਸੀ ਨਿਊਜ਼ ਨੇ ਇਹ ਖ਼ਬਰ ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦਿੱਤੀ ਹੈ। ਇਸ ਖ਼ਬਰ ਅਨੁਸਾਰ ਰਿਪੋਰਟ ਵਿੱਚੋਂ ਭਾਰਤ ਵਿੱਚ ਹਿੰਸਕ ਢੰਗਾਂ ਨਾਲ ਆਜ਼ਾਦ ਦੇਸ਼ ਸਥਾਪਿਤ ਕਰਨ ਸਬੰਧੀ ਵੇਰਵਿਆਂ ਵਿੱਚੋਂ ਧਰਮ ਸਬੰਧੀ ਵੇਰਵੇ ਕੱਢ ਕੇ ਇਸ ਦੀ ਭਾਸ਼ਾ ਬਦਲ ਦਿੱਤੀ ਗਈ ਹੈ। ਇਸ ਵਿੱਚ ਦਰਜ ਵੇਰਵਿਆਂ ਅਨੁਸਾਰ, ਅਤਿਵਾਦੀ ਜੋ ਹਿੰਸਕ ਢੰਗ ਤਰੀਕਿਆਂ ਨਾਲ ਭਾਰਤ ਵਿਚ ਵੱਖਰਾ ਦੇਸ਼ ਸਥਾਪਿਤ ਕਰਨਾ ਚਾਹੁੰਦੇ ਹਨ, ਦਰਜ ਕਰ ਦਿੱਤਾ ਹੈ। ਅਤਿਵਾਦ ਸਬੰਧੀ ਸਾਲ 2018 ਦੀ ਰਿਪੋਰਟ ਜੋ ਪਹਿਲੀ ਵਾਰ ਦਸੰਬਰ 2018 ਵਿੱਚ ਰਿਲੀਜ਼ ਕੀਤੀ ਸੀ, ਵਿੱਚ ਕੈਨੇਡਾ ਨੂੰ ਸਭ ਤੋਂ ਵੱਧ ਪੰਜ ਖਤਰਿਆਂ ਵਿੱਚ ਸਿੱਖ ਅਤਿਵਾਦ ਦਾ ਜ਼ਿਕਰ ਆਉਣ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ।
ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਪਬਲਿਕ ਸੁਰੱਖਿਆ ਮੰਤਰੀ ਰਾਲਫ ਗੁੱਡਾਲੇ ਨੇ ਦਾਅਵਾ ਕੀਤਾ ਸੀ ਕਿ ਉਹ ਘੱਟ ਤੋਂ ਘੱਟ ਇਸ ਰਿਪੋਰਟ ਦੀ ਸ਼ਬਦਾਵਲੀ ਬਾਰੇ ਪੁਨਰਵਿਚਾਰ ਕਰਨ ਲਈ ਤਾਂ ਕਹਿ ਹੀ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਧਰਮ ਨੂੰ ਕਦੇ ਵੀ ਅਤਿਵਾਦ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਵਿਸਾਖੀ ਮੌਕੇ ਪ੍ਰਧਾਨ ਮੰਤਰੀ ਟਰੂਡੋ ਜਦੋਂ ਵੈਨਕੂਵਰ ਦੇ ਰੋਜ਼ ਸਟਰੀਟ ਗੁਰਦੁਆਰੇ ਵਿੱਚ ਗਏ ਸਨ ਤਾਂ ਉਨ੍ਹਾਂ ਨੇ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਵਿਸ਼ੇਸ਼ ਤੌਰ ਉੱਤੇ ਪ੍ਰਸੰਸਾ ਕੀਤੀ ਸੀ। ਉਨ੍ਹਾਂ ਦੇ ਨਾਲ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

ਟਰੂਡੋ ਨੇ ਘਰੇਲੂ ਸਿਆਸੀ ਦਬਾਅ ਅੱਗੇ ਗੋਡੇ ਟੇਕੇ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਨੇਡਾ ਸਰਕਾਰ ਵਲੋਂ ਮੁਲਕ ਨੂੰ ਅਤਿਵਾਦ ਤੋਂ ਖ਼ਤਰਿਆਂ ਬਾਰੇ ਜਾਰੀ ਕੀਤੀ ਗਈ ਰਿਪੋਰਟ ਵਿਚੋਂ ਗਰਮਖਿਆਲੀ ਸਿੱਖਾਂ ਸਬੰਧੀ ਸਾਰੇ ਵੇਰਵੇ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਕੈਨੇਡਾ ਦੀ ਸੀਬੀਸੀ ਨਿਊਜ਼ ਅਨੁਸਾਰ ਪਹਿਲਾਂ ਜਦੋਂ ਇਹ ਰਿਪੋਰਟ ਦਸਬੰਰ 2018 ਵਿੱਚ ਜਾਰੀ ਕੀਤੀ ਗਈ ਸੀ ਤਾਂ ਉਸ ਵੇਲੇ ਕੈਨੇਡਾ ਨੂੰ ਸਭ ਤੋਂ ਵੱਧ ਪੰਜ ਅਤਿਵਾਦੀ ਖ਼ਤਰਿਆਂ ਵਿਚ ਗਰਮਖਿਆਲੀ ਸਿੱਖ ਵੀ ਸ਼ਾਮਲ ਸਨ। ਇਸ ਕਾਰਨ ਸਰਕਾਰ ਨੂੰ ਸਿੱਖ ਭਾਈਚਾਰੇ ਦਾ ਗੁੱਸਾ ਵੀ ਝੱਲਣਾ ਪਿਆ ਸੀ।
ਕੈਪਟਨ ਨੇ ਜਾਰੀ ਬਿਆਨ ਰਾਹੀਂ ਟਰੂਡੋ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੇ ਘਰੇਲੂ ਸਿਆਸੀ ਦਬਾਅ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਕਦਮ ਭਾਰਤੀ ਅਤੇ ਆਲਮੀ ਸੁਰੱਖਿਆ ਲਈ ਖ਼ਤਰਾ ਹੈ। ਅਮਰਿੰਦਰ ਨੇ ਕਿਹਾ ਕਿ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਵਲੋਂ ‘ਗੋਡੇ ਟੇਕਣ ਦਾ ਲਿਆ ਫ਼ੈਸਲਾ’ ਇਸ ਚੋਣ ਵਰ੍ਹੇ ਦੌਰਾਨ ਸਿਆਸੀ ਹਿੱਤਾਂ ਦੀ ਰੱਖਿਆ ਕਰਨ ਲਈ ਲਿਆ ਗਿਆ ਹੈ। ਇਸ ਫ਼ੈਸਲੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਤੇ ਲੰਬੇ ਸਮੇਂ ਦੌਰਾਨ ਗੰਭੀਰ ਪ੍ਰਭਾਵ ਪੈ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਭੜਕੀਆਂ ਘਰੇਲੂ ਭਾਵਨਾਵਾਂ ਨੂੰ ਸ਼ਾਂਤ ਕਰਨ ਦੇ ਯਤਨਾਂ ਤਹਿਤ ਟਰੂਡੋ ਗਲਤ ਫ਼ੈਸਲਾ ਲੈ ਕੇ ਅੱਗ ਨਾਲ ਖੇਡ ਰਹੇ ਹਨ।’’ ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਆਪਣੇ ਇਸ ਬਿਨਾਂ ਸੋਚੇ-ਸਮਝੇ ਕਦਮ ਰਾਹੀਂ ਅਤਿਵਾਦ ਨੂੰ ਹਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਭਾਰਤ ਫੇਰੀ ਮੌਕੇ ਸਬੂਤ ਦੇ ਚੁੱਕੇ ਹਨ ਕਿ ਉਨ੍ਹਾਂ ਦੇ ਮੁਲਕ (ਕੈਨੇਡਾ) ਦੀ ਧਰਤੀ ਤੋਂ ਮਿੱਤਰ ਦੇਸ਼ ਖ਼ਿਲਾਫ਼ ਵੱਖਵਾਦੀ ਖਾਲਿਸਤਾਨੀ ਵਿਚਾਰਧਾਰਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੂੰ ਦੱਸਿਆ ਜਾ ਚੁੱਕਿਆ ਹੈ ਕਿ ਕੈਨੇਡਾ ਰਹਿੰਦੇ ਖਾਲਿਸਤਾਨੀ ਕਾਰਕੁਨਾਂ ਵਲੋਂ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਕੈਨੇਡਾ ਵਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਖਾਲਿਸਤਾਨ ਅਤੇ ਖਾਲਿਸਤਾਨੀ ਜਥੇਬੰਦੀਆਂ ਬਾਰੇ ਹਵਾਲਿਆਂ ਨੂੰ ਮਿਟਾਏ ਜਾਣ ਨੂੰ ‘ਅਮਨ ਪਸੰਦ ਆਲਮੀ ਭਾਈਚਾਰੇ ਦੀਆਂ ਨਜ਼ਰਾਂ ਵਿੱਚ ਨਾ-ਮੁਆਫ਼ੀਯੋਗ ਕਾਰਵਾਈ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਟਰੂਡੋ ਨੇ ਕੈਨੇਡਾ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਫ਼ੈਸਲਾ ਲਿਆ ਹੈ ਪਰ ਭਵਿੱਖ ਵਿੱਚ ਇਸ ਦੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।

Facebook Comment
Project by : XtremeStudioz