Close
Menu

ਕੈਪਟਨ ਅਮਰਿੰਦਰ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਵਿਸਵਾਸ ਸੰਪੂਰਨ ਤੌਰ ਤੇ ਉੱਠਿਆ-ਹਰਪਾਲ ਚੀਮਾ

-- 07 March,2019

ਚੰਡੀਗੜ੍ਹ, 7 ਮਾਰਚ 2019

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਪੈਰ-ਪੈਰ ਤੇ ਮੁਕਰਨ ਉੱਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਸੂਬਾ ਸਰਕਾਰ ਪ੍ਰਤੀ ਲੋਕਾਂ ਦਾ ਅਵਿਸ਼ਵਾਸ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਸਥਿਤ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਲੋਕਾਂ ਨਾਲ ਝੂਠ ਬੋਲਣ ਅਤੇ ਆਪਣੇ ਵਾਅਦਿਆਂ ਤੋਂ ਮੁੱਕਰਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਬਾਦਲਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਸਨ ਪ੍ਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਉਸੇ ਹੀ ਰਾਹ ‘ਤੇ ਚੱਲ ਰਹੇ ਹਨ।

ਚੀਮਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਨਰਸਾਂ ਵਿੱਚੋਂ ਕੁਝ ਕੁ ਨੂੰ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਵੀ ਇਨ੍ਹਾਂ ਕਰਮਚਾਰੀਆਂ ਨੂੰ ਸਰਕਾਰ ਉੱਤੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਨਰਸਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਇਸ ਸਬੰਧੀ ਕੋਈ ਲਿਖਤੀ ਹੁਕਮ ਜਾਰੀ ਨਹੀਂ ਕਰਦੀ ਤਾਂ ਉਹ ਆਪਣੇ ਧਰਨੇ ਤੇ ਕਾਇਮ ਰਹਿਣਗੇ। ਉਨ੍ਹਾਂ ਕਿਹਾ ਕਿ ਨਰਸਾਂ ਦੁਆਰਾ ਲਿਆ ਗਿਆ ਫ਼ੈਸਲਾ ਕੋਈ ਜਲਦਬਾਜੀ ਵਿਚ ਕੀਤਾ ਕਾਰਜ ਨਹੀਂ ਹੈ ਬਲਕਿ ਪਿਛਲੇ ਸਮਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕੀਤੇ ਐਲਾਨਾਂ ਤੋਂ ਮੁੱਕਰਨ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਇਨਸਾਨ ਨੂੰ ਕੈਪਟਨ ਅਮਰਿੰਦਰ ਸਿੰਘ ਉੱਤੇ ਵਿਸ਼ਵਾਸ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ ਮੁਆਫੀ, ਨਸ਼ਿਆਂ ਦਾ ਖਾਤਮਾ, ਨੌਜਵਾਨਾਂ ਲਈ ਨੌਕਰੀਆਂ ਅਤੇ ਰੁਜਗਾਰ ਭੱਤੇ ਇਸੇ ਹੀ ਲੜੀ ਦਾ ਹਿੱਸਾ ਹਨ।

ਚੀਮਾ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਸਬੰਧੀ ਇੱਕ ਪੱਤਰ ਜਾਰੀ ਕਰਨਾ ਚਾਹੀਦਾ ਹੈ ਅਤੇ ਸਰਕਾਰ ਦੇ ਭਵਿੱਖ ਵਿੱਚ ਲਏ ਜਾਣ ਵਾਲੇ ਫੈਸਲਿਆਂ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਹੁਣ ਜਦੋਂ ਚੋਣਾਂ ਦੌਰਾਨ ਉਹ ਲੋਕਾਂ ਕੋਲੋਂ ਵੋਟਾਂ ਮੰਗਣ ਲਈ ਜਾਣਗੇ ਤਾਂ ਉਨ੍ਹਾਂ ਨਾਲ ਕੀਤੇ ਹੋਏ ਵਾਅਦਿਆਂ ਦਾ ਕੀ ਜਵਾਬ ਦੇਣਗੇ। ਚੀਮਾ ਨੇ ਕਿਹਾ ਕਿ ਇਸ ਸਮੇਂ ਸੂਬੇ ਅਤੇ ਕੇਂਦਰ ਵਿੱਚ ‘ਜੁਮਲਾ ਸਰਕਾਰਾਂ’ ਚੱਲ ਰਹੀਆਂ ਹਨ ਅਤੇ ਸਮਾਜ ਦੇ ਕਿਸੇ ਵੀ ਵਰਗ ਨੂੰ ਇਨ੍ਹਾਂ ਦੋਵਾਂ ਸਰਕਾਰਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਹੈ।

Facebook Comment
Project by : XtremeStudioz