Close
Menu

ਕੈਪਟਨ ਕਰਕੇ ਨਹੀਂ ਮਿਲੀ ਅੰਮ੍ਰਿਤਸਰ ਤੋਂ ਟਿਕਟ: ਨਵਜੋਤ ਕੌਰ

-- 15 May,2019

ਚੰਡੀਗੜ੍ਹ, 15 ਮਈ
ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੇ ਨਵਾਂ ਵਿਵਾਦ ਛੇੜਦਿਆਂ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਕਰਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਟਿਕਟ ਨਹੀਂ ਦਿੱਤੀ ਗਈ।
ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ, ‘‘ਕੈਪਟਨ ਸਾਹਿਬ ਅਤੇ ਆਸ਼ਾ ਕੁਮਾਰੀ ਨੂੰ ਲੱਗਦਾ ਹੈ ਕਿ ਮੈਡਮ ਸਿੱਧੂ ਸੰਸਦ ਮੈਂਬਰ ਦੀ ਟਿਕਟ ਦੇ ਯੋਗ ਨਹੀਂ ਹਨ। ਮੈਨੂੰ ਅੰਮ੍ਰਿਤਸਰ ਤੋਂ ਇਸ ਕਰਕੇ ਟਿਕਟ ਨਹੀਂ ਦਿੱਤੀ ਗਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦਸਹਿਰੇ ਮੌਕੇ ਵਾਪਰੇ ਰੇਲਗੱਡੀ ਦੁਖਾਂਤ ਕਾਰਨ ਮੈਂ ਅੰਮ੍ਰਿਤਸਰ ਤੋਂ ਚੋਣ ਨਹੀਂ ਜਿੱਤ ਸਕਦੀ।’’ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਉਹ ਇਕੱਲੇ ਹੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਪਾਰਟੀ ਨੂੰ ਜਿਤਾਉਣ ਦੀ ਸਮਰੱਥਾ ਰੱਖਦੇ ਹਨ। ਸੂਬੇ ਵਿੱਚ ਪਾਰਟੀ ਲਈ ਪ੍ਰਚਾਰ ਨਾ ਕਰਨ ਦੇ ਸੰਕੇਤ ਦਿੰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ, ‘‘ਦੇਖੋ, ਅਮਰਿੰਦਰ ਸਿੰਘ ਸਾਡੇ ਜੂਨੀਅਰ ਕਪਤਾਨ ਹਨ। ਰਾਹੁਲ ਗਾਂਧੀ ਸਾਡੇ ਸੀਨੀਅਰ ਕਪਤਾਨ ਹਨ। ਸਾਡੇ ਜੂਨੀਅਰ ਕਪਤਾਨ ਨੇ ਕਿਹਾ ਕਿ ਉਹ ਸਾਰੀਆਂ 13 ਸੀਟਾਂ ’ਤੇ ਪਾਰਟੀ ਨੂੰ ਜਿੱਤ ਦਿਵਾਉਣਗੇ।’’
ਖ਼ਫ਼ਾ ਹੋਈ ਕਾਂਗਰਸੀ ਆਗੂ ਨੇ ਕਿਹਾ, ‘‘ਕੈਪਟਨ ਸਾਹਿਬ ਖੁਦ ਚੋਣ ਪ੍ਰਚਾਰ ਕਰਨਗੇ। ਆਸ਼ਾ ਕੁਮਾਰੀ ਵੀ ਸਟਾਰ ਪ੍ਰਚਾਰਕ ਹਨ। ਸਿੱਧੂ ਸਾਹਿਬ ਉੱਥੇ ਜਾਣਗੇ, ਜਿੱਥੇ ਰਾਹੁਲ ਗਾਂਧੀ ਜਾਣ ਲਈ ਕਹਿਣਗੇ।’’
ਦੱਸਣਯੋਗ ਹੈ ਕਿ ਪਹਿਲਾਂ ਨਵਜੋਤ ਕੌਰ ਸਿੱਧੂੁ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ ਪਰ ਪਾਰਟੀ ਵਲੋਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦਿੱਤੀ ਗਈ, ਜੋ ਚੰਡੀਗੜ੍ਹ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਹਨ।

Facebook Comment
Project by : XtremeStudioz