Close
Menu

ਕ੍ਰਿਕਟ ਦਾ ਹੀਰੋ

-- 02 April,2016

ਸ਼ਿਵਾ ਇੱਕ ਹੁਸ਼ਿਆਰ ਵਿਦਿਆਰਥੀ ਸੀ। ਉਸ ਨੇ ਬਡ਼ੇ ਚੰਗੇ ਨੰਬਰਾਂ ਨਾਲ ਪੰਜਵੀਂ ਦੀ ਜਮਾਤ ਪਾਸ ਕੀਤੀ। ਅੱਗੇ ਪਡ਼੍ਹਾਈ ਵਾਸਤੇ ਉਸ ਦੇ ਮਾਮਾ ਜੀ ਉਸ ਨੂੰ ਆਪਣੇ ਨਾਲ ਲਖਨਊ ਲੈ ਆਏ ਅਤੇ ਨੇਡ਼ੇ ਦੇ ਹੀ ਇੱਕ ਹਿੰਦੀ ਮਾਧਿਅਮ ਵਾਲੇ ਸਕੂਲ ਵਿੱਚ ਉਸ ਨੂੰ ਦਾਖ਼ਲ ਕਰਵਾ ਦਿੱਤਾ। ਮਾਮਾ ਜੀ ਦੇ ਘਰ ਪਿੱਛੇ ਹੀ ਇੱਕ ਕਲੋਨੀ ਸੀ ਜਿਸ ਦੇ ਜ਼ਿਆਦਾਤਰ ਬੱਚੇ ਨੇਡ਼ੇ ਦੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਵਿੱਚ ਪਡ਼੍ਹਦੇ ਸਨ। ਸਕੂਲ ਨੇਡ਼ੇ ਹੋਣ ਕਾਰਨ ਉਹ ਸਾਰੇ ਝੁੰਡ ਬਣਾ ਕੇ ਪੈਦਲ ਹੀ ਜਾਂਦੇ ਸਨ। ਸ਼ਿਵਾ ਤੇ ਉਨ੍ਹਾਂ ਦੇ ਸਕੂਲ ਦਾ ਸਮਾਂ ਲਗਪਗ  ਇੱਕ ਹੀ ਸੀ। ਸ਼ਿਵਾ ਨੂੰ ਅੰਗਰੇਜ਼ੀ ਸਕੂਲ ਦੇ ਹਾਣੀ ਬੱਚਿਆਂ ਦਾ ਇੱਕ ਟੋਲਾ ਰੋਜ਼ਾਨਾ ਰਾਹ ਵਿੱਚ ਮਿਲਦਾ। ਸ਼ਿਵਾ ਉਨ੍ਹਾਂ ਤੋਂ ਕੁਝ ਕਦਮ ਪਿੱਛੇ ਹਟ ਕੇ ਚਲਦਾ। ਉਸ ਨੂੰ ਉਨ੍ਹਾਂ ਦੀਆਂ ਚਟਪਟੀਆਂ ਗੱਲਾਂ ਬਡ਼ੀਆਂ ਚੰਗੀਆਂ ਲੱਗਦੀਆਂ। ਟੋਲੇ ਦੇ ਇੱਕ ਲਡ਼ਕੇ ਰਾਹੁਲ ਦੀਆਂ ਨਜ਼ਰਾਂ ਅਕਸਰ ਸ਼ਿਵਾ ਨਾਲ ਮਿਲ ਜਾਂਦੀਆਂ ਤਾਂ ਸ਼ਿਵਾ ਮਿੱਠਾ ਜਿਹਾ ਮੁਸਕਰਾ ਪੈਂਦਾ। ਕਈ ਦਿਨਾਂ ਤਕ ਇਹੋ ਸਿਲਸਿਲਾ ਚੱਲਦਾ ਰਿਹਾ। ਅੱਖਾਂ-ਅੱਖਾਂ ਵਿੱਚ ਹੀ ਉਨ੍ਹਾਂ ਦੀ ਦੋਸਤੀ ਦੀ ਨੀਂਹ ਰੱਖੀ ਜਾ ਚੁੱਕੀ ਸੀ। ਹੁਣ ਰੋਜ਼ਾਨਾ ਹੀ ਰਾਹੁਲ ਆਪਣੇ ਦੋਸਤਾਂ ਤੋਂ ਦੋ ਕਦਮ ਪਿੱਛੇ ਹੋ ਕੇ ਸ਼ਿਵਾ ਨਾਲ ਤੁਰਨ ਲੱਗਾ ਸੀ। ਦੋਵੇਂ ਆਪਸ ਵਿੱਚ ਖ਼ੂਬ ਗੱਲਾਂ ਕਰਦੇ। ਸ਼ਿਵਾ, ਰਾਹੁਲ ਨੂੰ ਆਪਣੇ ਪਿੰਡ ਦੀਆਂ ਗੱਲਾਂ ਸੁਣਾਉਂਦਾ ਤਾਂ ਰਾਹੁਲ, ਸ਼ਿਵਾ ਨੂੰ ਆਪਣੇ ਕੰਪਿਊਟਰ ਅਤੇ ਸਰ ਤੇ ਮੈਡਮ ਬਾਰੇ ਦੱਸਦਾ। ਆਥਣ ਵੇਲੇ ਰਾਹੁਲ ਜਦੋਂ  ਕਲੋਨੀ ਦੇ ਬੱਚਿਆਂ ਨਾਲ ਨੇਡ਼ੇ ਦੇ ਪਾਰਕ ਵਿੱਚ ਕ੍ਰਿਕਟ ਖੇਡਦਾ ਤਾਂ ਸ਼ਿਵਾ ਵੀ ਉੱਥੇ ਪੁੱਜ ਜਾਂਦਾ ਤੇ ਖੇਡ ਦੇਖਦਾ।
ਸ਼ਿਵਾ ਤੇ ਰਾਹੁੁਲ ਦੀ ਦੋਸਤੀ ਵਧਦੀ ਜਾ ਰਹੀ ਸੀ। ਦੂਜੇ ਬੱਚੇ ਇਸ ਦੋਸਤੀ ਦਾ ਮਜ਼ਾਕ ਉਡਾਉਂਦੇ। ਸ਼ਿਵਾ ਨੂੰ ਪੇਂਡੂ ਆਖ ਕੇ ਚਿਡ਼੍ਹਾਉਂਦੇ। ਸ਼ਿਵਾ ਨੂੰ ਬੁਰਾ ਤਾਂ ਲੱਗਦਾ, ਪਰ ਉਹ ਰਾਹੁਲ ਕਰਕੇ ਚੁੱਪ ਹੋ ਜਾਂਦਾ। ਇੱਕ-ਦੋ ਵਾਰੀ ਰਾਹੁਲ ਨੇ ਆਪਣੇ ਦੋਸਤਾਂ ਨੂੰ ਸ਼ਿਵਾ ਨੂੰ ਵੀ ਖੇਡ ਵਿੱਚ ਸ਼ਾਮਲ ਕਰਨ ਲਈ ਕਿਹਾ, ਪਰ ਉਨ੍ਹਾਂ ਕੋਰਾ ਜਵਾਬ ਦੇ ਦਿੱਤਾ।
ਐਤਵਾਰ ਦੇ ਦਿਨ ਰਾਹੁਲ ਦੀ ਕਲੋਨੀ ਦੇ ਬੱਚਿਆਂ ਦਾ ਨੇਡ਼ੇ ਦੀ ਦੂਜੀ ਕਲੋਨੀ ਦੇ ਬੱਚਿਆਂ ਨਾਲ ਟਵੰਟੀ-ਟਵੰਟੀ ਓਵਰਾਂ ਦਾ ਮੈਚ ਸੀ। ਰਾਹੁਲ ਨੇ ਇਸ ਬਾਰੇ ਸ਼ਿਵਾ ਨੂੰ ਦੱਸ ਰੱਖਿਆ ਸੀ। ਸ਼ਿਵਾ ਇਹ ਮੈਚ ਦੇਖਣ ਲਈ ਉਤਸੁਕ ਸੀ। ਉਹ ਦੋਵਾਂ ਟੀਮਾਂ ਦੇ ਪਾਰਕ ਵਿੱਚ ਪੁੱਜਣ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਿਆ ਸੀ। ਸ਼ਿਵਾ  ਨੇ ਦੇਖਿਆ ਪਾਰਕ ਦੇ ਚਾਰੇ ਪਾਸੇ ਦੋਹਾਂ ਕਲੋਨੀਆਂ ਦੇ ਬੱਚਿਆਂ ਦੀ ਭੀਡ਼ ਜਮ੍ਹਾਂ ਹੈ। ਆਪਣੀ-ਆਪਣੀ ਟੀਮ ਦਾ ਮਨੋਬਲ ਵਧਾਉਣ ਲਈ ਉਹ ਰੰਗ-ਬਰੰਗੇ ਝੰਡੇ ਅਤੇ ਪੋਸਟਰ ਆਦਿ ਲੈ ਕੇ ਆਏ ਸਨ।  ਸ਼ਿਵਾ ਨੇ ਦੇਖਿਆ ਕਿ ਰਾਹੁਲ ਦੀ ਟੀਮ ਦਾ ਕਪਤਾਨ ਬਹੁਤ ਫ਼ਿਕਰਮੰਦ ਹੋ ਕੇ ਆਪਣੇ ਖਿਡਾਰੀਆਂ ਨਾਲ ਕੁਝ ਵਿਚਾਰ-ਵਟਾਂਦਰਾ ਕਰ ਰਿਹਾ ਹੈ। ਰਾਹੁਲ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਟੀਮ ਦੇ ਇੱਕ ਖਿਡਾਰੀ ਦੀ ਤਬੀਅਤ ਅਚਾਨਕ ਵਿਗਡ਼ ਗਈ ਹੈ। ਇਸ ਲਈ ਹੁਣ ਉਨ੍ਹਾਂ ਦੀ ਟੀਮ ਵਿੱਚ  12 ਦੀ ਥਾਂ 11 ਖਿਡਾਰੀ ਹੀ ਬਚੇ ਸਨ। ਹੁਣ ਇੱਕ ਖਿਡਾਰੀ ਦਾ ਘਾਟਾ ਕਿੱਥੋਂ ਪੂਰਾ ਕੀਤਾ ਜਾਵੇ। ਰਾਹੁਲ ਦੇ ਦਿਮਾਗ ਵਿੱਚ ਸ਼ਿਵਾ ਦਾ ਖ਼ਿਆਲ ਆਇਆ। ਉਸ ਨੇ ਆਪਣੇ ਕਪਤਾਨ ਨਾਲ ਸ਼ਿਵਾ ਨੂੰ ਸ਼ਾਮਿਲ ਕਰਨ ਲਈ ਗੱਲ ਕੀਤੀ। ਇਸ ’ਤੇ ਸਭ ਨੇ ਨਾਂਹ- ਨੁੱਕਰ ਕੀਤੀ, ਪਰ ਜਦੋਂ ਰਾਹੁਲ ਨੇ ਸਮਝਾਇਆ ਕਿ ਸ਼ਿਵਾ ਤਾਂ 12ਵੇਂ ਖਿਡਾਰੀ ਦੇ ਰੂਪ ਵਿੱਚ ਹੋਵੇਗਾ ਅਤੇ ਉਸ ਦੇ ਖੇਡਣ ਦਾ ਮੌਕਾ ਹੀ ਘੱਟ ਹੋਵੇਗਾ ਤੇ ਫੀਲਡਿੰਗ ਵਿੱਚ ਮਦਦ ਕਰੇਗਾ ਤਾਂ ਸਭ ਸਹਿਮਤ ਹੋ ਗਏ।
ਦੂੁਜੀ ਟੀਮ ਦੇ ਕਪਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਖ਼ੂਬ ਸ਼ੋਰ-ਸ਼ਰਾਬੇ ਵਿੱਚ ਖੇਡ ਆਰੰਭ ਹੋਈ। ਹਰ ਚੌਕੇ-ਛੱਕੇ ਦੇ ਨਾਲ ਪਾਰਕ ਤਾਡ਼ੀਆਂ ਤੇ ਰੌਲੇ-ਰੱਪੇ ਨਾਲ ਗੂੰਜ ਉੱਠਦਾ। ਆਖਿਰ ਵਿੱਚ ਦੂਜੀ ਟੀਮ ਨੇ 20 ਓਵਰਾਂ ਵਿੱਚ 122 ਦੌਡ਼ਾਂ ਬਣਾ ਲਈਆਂ। ਉਹ ਆਲ ਆਊਟ ਸਨ। ਹੁਣ ਬੈਟਿੰਗ ਦੀ ਵਾਰੀ ਰਾਹੁਲ ਦੀ ਟੀਮ ਦੀ ਸੀ। ਜਿੱਤਣ ਵਾਸਤੇ ਉਨ੍ਹਾਂ ਦੇ ਸਾਹਮਣੇ 123 ਦੌਡ਼ਾਂ ਦਾ ਟੀਚਾ ਸੀ। ਖੇਡ ਦੀ ਸ਼ੁਰੂਆਤ ਚੰਗੀ ਰਹੀ।
ਰਾਹੁਲ ਦੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਪੰਜ ਓਵਰਾਂ ਵਿੱਚ 50 ਦੌਡ਼ਾਂ ਬਣਾ ਲੀਆਂ ਸਨ, ਪਰ ਛੇਤੀ ਹੀ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਣ ਲੱਗ ਪਈ ਤੇ ਜਦੋਂ ਆਖਰ ਓਵਰ ਦੀਆਂ ਚਾਰ ਗੇਂਦਾਂ ਬਾਕੀ ਸਨ ਤਾਂ ਨੌਂ ਖਿਡਾਰੀ ਆਊਟ ਹੋ ਚੁੱਕੇ ਸਨ। ਹੁਣ ਤਕ 110 ਦੌਡ਼ਾਂ ਬਣ ਚੁੱਕੀਆਂ ਸਨ ਅਤੇ ਚਾਰ ਗੇਂਦਾਂ ’ਤੇ 13 ਦੌਡ਼ਾਂ ਹੋਰ ਲੋਡ਼ੀਂਦੀਆਂ ਸਨ। ਗੇਂਦਬਾਜ਼ ਨੇ ਅਖੀਰਲੇ ਓਵਰ ਦੀ ਤੀਜੀ ਗੇਂਦ ਸੁੱਟੀ। ਤੇਜ਼ੀ ਨਾਲ ਆਈ ਗੇਂਦ ਬੱਲੇਬਾਜ਼ ਦੇ ਗੋਡੇ ਦੇ ਉੱਪਰ ਜਾ ਵੱਜੀ ਤੇ ਉਹ ਦਰਦ ਨਾਲ ਤਡ਼ਫਦਾ ਹੇਠਾਂ ਡਿੱਗ ਪਿਆ। ਕੁਝ ਪਲਾਂ ਲਈ ਖੇਡ ਰੁਕ ਗਈ। ਤਦੇ ਦੋ ਵੱਡੇ ਬੱਚੇ ਆ ਕੇ ਜ਼ਖ਼ਮੀ ਖਿਡਾਰੀ ਨੂੰ ਚੁੱਕ ਕੇ ਪਾਰਕ ਦੇ ਇੱਕ ਪਾਸੇ ਲੈ ਗਏ। ਕਪਤਾਨ ਨੂੰ ਮਜਬੂਰਨ ਬੱਲੇਬਾਜ਼ੀ ਲਈ ਸ਼ਿਵਾ ਨੂੰ ਬੁਲਾਉਣਾ ਪਿਆ। ਖੇਡ ਸ਼ੁਰੂ ਹੋਈ। ਰਾਹੁਲ ਸਮੇਤ ਸਭ ਖਿਡਾਰੀਆਂ ਦੇ ਚਿਹਰਿਆਂ ’ਤੇ ਉਦਾਸੀ ਸੀ ਕਿਉਂਕਿ ਕੇਵਲ ਤਿੰਨ ਗੇਂਦਾਂ ’ਤੇ ਤੇਰਾਂ ਦੌਡ਼ਾਂ ਦੀ ਲੋਡ਼ ਸੀ ਜੋ ਬਡ਼ਾ ਮੁਸ਼ਕਿਲ ਸੀ। ਹੁਣ ਗੇਂਦਬਾਜ਼ ਦੇ ਸਾਹਮਣੇ ਸ਼ਿਵਾ ਸੀ। ਉਹ ਆਪਣੇ ਕਪਤਾਨ ਵੱਲ ਦੇਖ ਕੇ ਮੁਸਕਰਾ ਰਿਹਾ ਸੀ, ਜਿਸ ਦਾ ਮਤਲਬ ਸੀ ਕਿ ਮੈਚ ਉਨ੍ਹਾਂ ਦੇ ਸ਼ਿਕੰਜੇ ਵਿੱਚ ਆ ਚੁੱਕਾ ਹੈ। ਗੇਂਦਬਾਜ਼ ਨੇ ਸ਼ਿਵਾ ਵੱਲ ਗੇਂਦ ਸੁੱਟੀ। ਸ਼ਿਵਾ ਨੇ ਬੱਲਾ ਘੁਮਾ ਕੇ ਪੂਰੀ ਚੁਸਤੀ ਤੇ ਜ਼ੋਰ ਨਾਲ ਗੇਂਦ ਨੂੰ ਮਾਰਿਆ ਤੇ ਇਹ ਕੀ? ਗੇਂਦ ਹਵਾ ਵਿੱਚ ਉੱਡਦੀ ਹੋਈ ਬਿਨਾਂ ਕੋਈ ਟੱਪਾ ਖਾਧੇ ਬਾਊੁਂਡਰੀ ਤੋਂ ਬਹੁਤ ਦੂਰ ਜਾ ਡਿੱਗੀ। ਇੱਕ ਪਲ ਲਈ ਪਾਰਕ ਵਿੱਚ ਚੁੱਪੀ ਛਾ ਗਈ। ਅੰਪਾਇਰ ਨੇ ਬਿਨਾਂ ਝਿਜਕ ਛੱਕੇ ਦਾ ਇਸ਼ਾਰਾ ਕੀਤਾ। ਪੂਰਾ ਪਾਰਕ ਸੀਟੀਆਂ ਤੇ ਤਾਡ਼ੀਆਂ ਨਾਲ ਗੂੰਜ ਉੱਠਿਆ।
ਮੈਚ ਦਿਲਚਸਪ ਹੋ ਗਿਆ ਸੀ। ਹੁਣ ਦੂਜੀ ਗੇਂਦ ਆਈ ਤਾਂ ਸ਼ਿਵਾ ਨੇ ਮੂਹਰੇ ਆ ਕੇ ਗੇਂਦ ਨੂੰ ਫਿਰ ਜ਼ੋਰ  ਨਾਲ ਮਾਰਿਆ, ਕਮਾਲ ਹੀ ਹੋ ਗਿਆ। ਇਹ ਦੂਜਾ ਜ਼ਬਰਦਸਤ ਛੱਕਾ ਸੀ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਰਾਹੁਲ ਤੇ ਉਸ ਦਾ ਕਪਤਾਨ ਇਹ ਵੇਖ ਖ਼ੁਸ਼ੀ ਨਾਲ ਝੂਮ ਉੱਠੇ। ਹੁਣ ਬਚੀ ਸੀ ਆਖਰੀ ਗੇਂਦ ਤੇ ਇੱਕ ਲੋਡ਼ੀਂਦੀ ਦੌਡ਼।
ਸਭ ਦੇ ਸਾਹ ਰੁਕ ਹੋਏ ਸਨ। ਕਪਤਾਨ ਨੇ ਫੀਲਡਿੰਗ ਕਰ ਰਹੇ ਸਭ ਖਿਡਾਰੀਆਂ ਨੂੰ ਬੱਲੇਬਾਜ਼ ਸ਼ਿਵਾ ਦੇ ਨੇਡ਼ੇ ਬੁਲਾ ਲਿਆ ਸੀ ਤਾਂ ਕਿ ਇੱਕ ਦੌਡ਼ ਕਿਸੇ ਵੀ ਸੂਰਤ ਵਿੱਚ ਨਾ ਬਣਾਉਣ ਦਿੱਤੀ ਜਾਵੇ। ਜਿਵੇਂ ਹੀ ਗੇਂਦਬਾਜ਼ ਨੇ ਚਲਾਕੀ ਨਾਲ ਹੌਲੀ ਕੁ ਦੇਣੇ ਬਾਲ ਸੁੱਟੀ ਤਾਂ ਪਹਿਲਾਂ ਹੀ ਤਿਆਰੀ ਵਿੱਚ ਖਡ਼੍ਹੇ ਸ਼ਿਵਾ ਨੇ ਗੇਂਦ ਨੂੰ ਮਾਮੂਲੀ ਜਿਹਾ ਬੱਲਾ ਛੁਹਾਇਆ ਤੇ ਤੇਜ਼ੀ ਨਾਲ ਨੱਠ ਕੇ ਦੌਡ਼ ਪੂਰੀ ਕਰ ਲਈ। ਰਾਹੁਲ ਦੀ ਟੀਮ ਜਿੱਤ ਚੁੱਕੀ ਸੀ। ਰਾਹੁਲ ਤੇ ਉਸ ਦੀ ਟੀਮ ਨੇ ਮਾਰੇ ਖ਼ੁਸ਼ੀ ਦੇ ਸ਼ਿਵਾ ਨੂੰ ਬਾਹਾਂ ਵਿੱਚ ਚੁੱਕ ਕੇ ਪੂਰੇ ਪਾਰਕ ਦਾ ਚੱਕਰ ਲਗਾਇਆ। ਸ਼ਿਵਾ ਹੁਣ ਉਨ੍ਹਾਂ ਦੀ ਕ੍ਰਿਕਟ ਟੀਮ ਦਾ ਹੀਰੋ ਬਣ ਚੁੱਕਾ ਸੀ।

Facebook Comment
Project by : XtremeStudioz