Close
Menu

ਖਾਲੜਾ ਦੇ ਆਜ਼ਾਦ ਚੋਣ ਲੜਨ ’ਤੇ ਸਮਰਥਨ ਕਰ ਸਕਦੀ ਹੈ ‘ਆਪ’

-- 21 April,2019

ਮਹਿਲ ਕਲਾਂ, 21 ਅਪਰੈਲ
ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਨੇ ਆਖਿਆ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਆਪਣੀ ਆਕੜ ਛੱਡ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਂਦੇ ਹਨ ਤਾਂ ‘ਆਪ’ ਸਮਰਥਨ ਕਰਨ ਬਾਰੇ ਫ਼ੈਸਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਕਰਕੇ ਕੇਂਦਰ ਵਿੱਚ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੰਸਦ ਮੈਂਬਰ ਨੂੰ ਹਰਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਬੇਅਦਬੀ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਜਾਂਚ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਚੋਣ ਕਮਿਸ਼ਨ ਕੋਲ ਗ਼ਲਤ ਤੱਥ ਪੇਸ਼ ਕਰਕੇ ਇਮਾਨਦਾਰ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਕਹਿ ਕੇ ਟਿਕਟ ਦਿੱਤੀ ਹੈ, ‘‘ਜਦੋਂ ਮੈਂ ਆਪਣੇ ਪਿਉ ਦੀ ਨਹੀਂ ਸੁਣਦਾ ਤਾਂ ਤੂੰ ਕਿਉਂ ਏਨਾ ਸੋਚਦਾਂ’’। ਉਨ੍ਹਾਂ ਕਾਂਗਰਸੀ ਉਮੀਦਵਾਰ ਬਾਰੇ ਕਿਹਾ, ‘‘ਕੇਵਲ ਸਿੰਘ ਢਿੱਲੋਂ ਉਹ ਆਗੂ ਹੈ, ਜਿਹੜਾ ਸਿਰਫ਼ ਚੋਣਾਂ ਸਮੇਂ ਲੋਕਾਂ ਨੂੰ ਮੂੰਹ ਦਿਖਾਉਂਦਾ ਹੈ, ਪਰ ਚੋਣਾਂ ਤੋਂ ਬਾਅਦ ਕਿਸੇ ਦੀ ਬਾਤ ਨਹੀਂ ਪੁੱਛਦਾ।’’ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਕੋਲ ਆਪਣੇ ਵਰਕਰਾਂ ਨੂੰ ਮਿਲਣ ਦਾ ਵੀ ਸਮਾਂ ਨਹੀਂ ਹੈ।

Facebook Comment
Project by : XtremeStudioz