Close
Menu

‘ਗੁਰੂ-ਚੇਲਾ’ ਜਲਦੀ ਸੱਤਾ ਤੋਂ ਬਾਹਰ ਹੋਣਗੇ: ਮਾਇਆਵਤੀ

-- 08 May,2019

ਜੌਨਪੁਰ/ਭਦੋਹੀ, 8 ਮਈ
ਬਸਪਾ ਸੁਪਰੀਮੋ ਮਾਇਆਵਤੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਭਾਜਪਾ ਨੂੰ ‘ਜੜ੍ਹੋਂ ਹਿਲਾ’ ਦੇਵੇਗਾ ਤੇ ‘ਪੂੰਜੀਵਾਦੀਆਂ ਦੇ ਚੌਕੀਦਾਰ’ ਨੂੰ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਹ ਦੇਵੇਗਾ। ਮਹਾਂਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਭਾਜਪਾ ਵਾਂਗ ‘ਦਲਿਤ ਵਿਰੋਧੀ’ ਰਹੀ ਹੈ ਤੇ ਗਰੀਬਾਂ ਨੂੰ ਗਰੀਬ ਹੀ ਰੱਖਣਾ ਚਾਹੁੰਦੀ ਹੈ। ਮਾਇਆਵਤੀ ਨੇ ਭਦੋਹੀ ਵਿਚ ਕਿਹਾ ਕਿ ‘ਗੁਰੂ-ਚੇਲਾ’ ਕੇਂਦਰ ਵਿਚ ਜਲਦੀ ਹੀ ਸੱਤਾ ਤੋਂ ਬਾਹਰ ਹੋਣ ਵਾਲੇ ਹਨ। ਬਸਪਾ ਸੁਪਰੀਮੋ ਨੇ ਕਿਹਾ ਕਿ ਇਹ ਗੱਠਜੋੜ ਐਨਾ ਮਜ਼ਬੂਤ ਹੈ ਕਿ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ’ਚ ਯੋਗੀ ਆਦਿੱਤਿਆਨਾਥ ਨੂੰ ਉਸ ਦੇ ਮੱਠ ਵਾਪਸ ਭੇਜ ਦੇਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗੱਠਜੋੜ ਵਿਚ ਤਰੇੜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਪਰਦਾਫਾਸ਼ ਕੀਤਾ ਗਿਆ ਹੈ। ਜੌਨਪੁਰ ਵਿਚ ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਗਰੀਬਾਂ ਤੇ ਮੱਧ ਵਰਗ ਨਾਲ ਕੀਤੇ ਵਾਅਦੇ ਨਹੀਂ ਪੁਗਾਏ ਤੇ ਫਿਰ ਵੀ ਮੋਦੀ ਵੋਟਾਂ ਮੰਗ ਰਹੇ ਹਨ। ਮਾਇਆਵਤੀ ਨੇ ਕਿਹਾ ਕਿ ਸਰਕਾਰ ਫ਼ੌਜ ਦੀਆਂ ਕੁਰਬਾਨੀਆਂ ਨੂੰ ਸਿਆਸੀ ਲਾਹੇ ਲਈ ਵਰਤ ਰਹੀ ਹੈ।

Facebook Comment
Project by : XtremeStudioz