Close
Menu

ਗੋਗੋਈ ਨੂੰ ‘ਕਲੀਨ ਚਿੱਟ’ ਖ਼ਿਲਾਫ਼ ਮਹਿਲਾ ਵਕੀਲਾਂ ਵੱਲੋਂ ਪ੍ਰਦਰਸ਼ਨ

-- 08 May,2019

ਨਵੀਂ ਦਿੱਲੀ, 8 ਮਈ
ਸੁਪਰੀਮ ਕੋਰਟ ਦੀ ਅੰਦਰੂਨੀ ਜਾਂਚ ਕਮੇਟੀ ਵੱਲੋਂ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦਿੱਤੀ ਕਲੀਨ ਚਿੱਟ ਖ਼ਿਲਾਫ਼ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਸੰਗਠਨਾਂ ਤੇ ਵਕੀਲਾਂ ਨੇ ਅੱਜ ਸਿਖਰਲੀ ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾ ਵਕੀਲਾਂ ਤੇ ਕਾਰਕੁਨਾਂ ਦੀ ਸੀ, ਨੇ ਅੰਦਰੂਨੀ ਜਾਂਚ ਕਮੇਟੀ ਵੱਲੋਂ ਮਾਮਲੇ ਦੀ ਸੁਣਵਾਈ ਦੌਰਾਨ ਅਪਣਾਏ ਅਮਲ ਖ਼ਿਲਾਫ਼ ਰੋਸ ਜਤਾਇਆ। ਇਸ ਦੌਰਾਨ 55 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅੰਦਰੂਨੀ ਜਾਂਚ ਕਮੇਟੀ ਨੇ ਲੰਘੇ ਦਿਨ ਇਹ ਕਹਿੰਦਿਆਂ ਸੀਜੇਆਈ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਕਿ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ ਵਿੱਚ ‘ਕੋਈ ਦਮ’ ਨਹੀਂ ਸੀ।
ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਵਕੀਲਾਂ ਦੇ ਹੱਥਾਂ ਵਿੱਚ ‘ਅਦਾਲਤ ਤੋਂ ਉਪਰ ਕੋਈ ਨਹੀਂ’, ‘ਕਾਨੂੰਨੀ ਪ੍ਰਕਿਰਿਆ ਦਾ ਪਾਲਣ ਜ਼ਰੂਰੀ’, ‘ਕਲੀਨ ਚਿੱਟ’ ਦੇ ਲਿਖੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਜਿਉਂ ਹੀ ਪ੍ਰਦਰਸ਼ਨਕਾਰੀ ਸੁਪਰੀਮ ਕੋਰਟ ਵੱਲ ਵਧੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਪ੍ਰਦਰਸ਼ਨਕਾਰੀ ਔਰਤਾਂ ਦੀ ਦਿੱਲੀ ਪੁਲੀਸ ਨਾਲ ਜ਼ਬਰਦਸਤ ਬਹਿਸ ਵੀ ਹੋਈ। ਇਸੇ ਦੌਰਾਨ ਅਦਾਲਤ ਨੇੜੇ ਦਫ਼ਾ 144 ਲਾ ਦਿੱਤੀ ਗਈ। ਡੀਸੀਪੀ ਮਧੁਰ ਵਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਤਿੰਨ ਵਿਅਕਤੀਆਂ ਸਮੇਤ 52 ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਮੰਦਰ ਮਾਰਗ ਥਾਣੇ ਲਿਜਾਇਆ ਗਿਆ।

Facebook Comment
Project by : XtremeStudioz