Close
Menu

ਗੱਲ ਕਰਨ ਦਾ ਸਲੀਕਾ

-- 27 April,2016

ਕਿਸੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਸਾਲ ਮੀਂਹ ਨਾ ਪੈਣ ਕਾਰਨ ਫ਼ਸਲ ਨਹੀਂ ਹੋਈ ਸੀ ਅਤੇ ਰਾਜੇ ਨੂੰ ਕਰ ਦੇਣ ਲਈ ਉਸ ਕੋਲ ਪੈਸੇ ਵੀ ਨਹੀਂ ਸਨ। ਉਸ ਨੇ ਸੋਚਿਆ ਕਿ ਰਾਜੇ ਨੂੰ ਮਿਲ ਕੇ ਉਸ ਅੱਗੇ ਫਰਿਆਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਕਰ ਮੁਆਫ਼ ਕਰ ਦੇਵੇ ਤੇ ਉਹ ਰਾਜੇ ਨੂੰ ਮਿਲਣ ਲਈ ਰਾਜੇ ਦੇ ਮਹੱਲ ਵੱਲ ਤੁਰ ਪਿਆ। ਉਹ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋਇਆ ਤਾਂ ਰਾਜੇ ਨੇ ਪੁੱਛਿਆ, ‘‘ਤੁਸੀਂ ਮੇਰੇ ਕੋਲ ਕਿਸ ਲਈ ਆਏ ਹੋ? ਕੀ ਚਾਹੁੰਦੇ ਹੋ?’’
ਬਡ਼ੀ ਹੀ ਨਿਮਰਤਾ ਨਾਲ ਕਿਸਾਨ ਬੋਲਿਆ, ‘‘ਮਹਾਰਾਜ, ਮੈਂ ਵਿਧਵਾ ਹੋ ਗਿਆ ਹਾਂ।’’
ਰਾਜਾ ਜ਼ੋਰ ਨਾਲ ਹੱਸ ਪਿਆ। ਪੁੱਛਿਆ,‘‘ਤੁਸੀਂ ਵਿਧਵਾ ਹੋ ਗਏ ਹੋ? ਇਸ ਦਾ ਮਤਲਬ ਕੀ ਹੈ?’’
ਕਿਸਾਨ ਨੇ ਕਿਹਾ, ‘‘ਮਹਾਰਾਜ, ਤੁਹਾਡੇ ਪਿਤਾ ਜੀ ਮਰ ਜਾਣ ਤਾਂ ਤੁਹਾਡੀ ਮਾਂ ਵਿਧਵਾ ਹੋ ਜਾਵੇਗੀ ਨਾ, ਉਸੇ ਤਰ੍ਹਾਂ।’’
ਇਹ ਉੱਤਰ ਸੁਣ ਕੇ ਰਾਜੇ ਨੂੰ ਗੁੱਸਾ ਆ ਗਿਆ। ਉਸ ਨੇ ਕਿਸਾਨ ਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ।  ਕਿਸਾਨ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਕਿਸਾਨ ਦਾ ਵੱਡਾ ਭਰਾ ਬੋਲਿਆ, ‘‘ਛੋਟਾ ਭਰਾ ਮੂਰਖ ਹੈ। ਰਾਜੇ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ। ਉਸ ਨੂੰ ਗੱਲ ਕਰਨ ਦਾ ਸਲੀਕਾ ਨਹੀਂ ਆਉਂਦਾ। ਮੈਂ ਉਸ ਨੂੰ ਛੁਡਾ ਕੇ ਲਿਆਉਂਦਾ ਹਾਂ।’’
ਵੱਡਾ ਭਰਾ ਰਾਜੇ ਕੋਲ ਗਿਆ। ਰਾਜੇ ਨੇ ਪੁੱਛਿਆ, ‘‘ਕੀ ਚਾਹੁੰਦੇ ਹੋ? ਮੇਰੇ ਕੋਲ ਕਿਸ ਲਈ ਆਏ ਹੋ?’’
ਇਸ ’ਤੇ ਵੱਡਾ ਭਰਾ ਬੋਲਿਆ, ‘‘ਮਹਾਰਾਜ, ਮੇਰੇ ਭਰਾ ਨੂੰ ਤੁਸੀਂ ਕੈਦਖਾਨੇ ਵਿੱਚ  ਬੰਦ ਕਰਕੇ ਰੱਖਿਆ ਹੈ। ਉਹ ਤਾਂ ਮੂਰਖ ਹੈ। ਉਸ ਨੂੰ ਬੋਲਣ ਦਾ ਸਲੀਕਾ ਨਹੀਂ ਆਉਂਦਾ। ਇਹੋ ਜਿਹੇ ਮੂਰਖ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ ਕਿਉਂਕਿ ਮੂਰਖ ਨੂੰ ਸਜ਼ਾ ਦੇਣ ਵਾਲਾ ਵੀ ਮੂਰਖ ਸਮਝਿਆ ਜਾਂਦਾ ਹੈ।’’
ਰਾਜੇ ਨੂੰ ਭਰਾ ਦੀ ਗੱਲ ’ਤੇ ਵੀ ਗੁੱਸਾ ਆ ਗਿਆ ਅਤੇ ਉਸ ਨੂੰ ਵੀ ਕੈਦਖਾਨੇ ਵਿੱਚ ਬੰਦ ਕਰਵਾ ਦਿੱਤਾ। ਉਸ ਦਾ ਜੁਰਮ ਇਹ ਸੀ ਕਿ ਉਸ ਨੇ ਰਾਜੇ ਨੂੰ ਮੂਰਖ ਕਿਹਾ ਸੀ। ਵੱਡੇ ਭਰਾ ਦਾ ਪੁੱਤ ਬੋਲਿਆ, ‘‘ਮੇਰੇ ਪਿਤਾ ਜੀ ਅਤੇ ਚਾਚਾ ਜੀ ਨੂੰ ਗੱਲ ਕਰਨੀ ਨਹੀਂ ਆਉਂਦੀ। ਮੈਂ ਜਾ ਕੇ ਦੋਵਾਂ ਨੂੰ ਛੁਡਾ ਕੇ ਲਿਆਉਂਦਾ ਹਾਂ।’’
ਰਾਜੇ ਨੇ ਜਦੋਂ ਉਸ ਨੂੰ ਪੁੱਛਿਆ ਕਿ ਕਿਸ ਲਈ ਆਏ ਹੋ ਤਾਂ ਉਸ ਨੇ ਨਿਮਰਤਾ ਸਹਿਤ ਰਾਜੇ ਨੂੰ ਕਿਹਾ, ‘‘ਮਹਾਰਾਜ, ਮੇਰੇ ਚਾਚਾ ਜੀ ਅਤੇ ਪਿਤਾ ਜੀ ਤੁਹਾਡੇ ਕੈਦਖਾਨੇ ਵਿੱਚ ਬੰਦ ਹਨ। ਉਨ੍ਹਾਂ ਨੂੰ ਗੱਲ ਕਰਨ ਦਾ ਸਲੀਕਾ ਨਹੀਂ ਆਉਂਦਾ। ਜਿਹੋ ਜਿਹਾ ਆਦਮੀ ਹੋਵੇ, ਉਹੋ ਜਿਹੀ ਹੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਰਾਜਾ, ਬਾਜਾ ਅਤੇ ਬਾਂਦਰ ਚਿਡ਼ਾਉਣ ਤੋਂ ਚਿਡ਼ਦੇ ਹਨ, ਇਹ ਗੱਲ ਉਹ ਨਹੀਂ ਸਮਝਦੇ ਸਨ।’’
ਰਾਜੇ ਨੂੰ ਲਡ਼ਕੇ ਵੱਲੋਂ ਆਪਣੀ ਤੁਲਨਾ ਬਾਜੇ ਅਤੇ ਬਾਂਦਰ ਨਾਲ ਕਰਨ ’ਤੇ ਗੁੱਸਾ ਆ ਗਿਆ ਅਤੇ ਉਸ ਨੇ ਸਿਪਾਹੀਆਂ ਨੂੰ ਕਹਿ ਕੇ ਲਡ਼ਕੇ ਨੂੰ ਵੀ ਕੈਦਖਾਨੇ ਵਿੱਚ ਬੰਦ ਕਰ ਦਿੱਤਾ। ਹੁਣ ਸਾਰਾ ਪਿੰਡ ਇਕੱਠਾ ਹੋ ਗਿਆ। ਪ੍ਰਧਾਨ ਨੇ ਕਿਹਾ, ‘‘ਉਨ੍ਹਾਂ ਮੂਰਖਾਂ ਨੂੰ ਰਾਜੇ ਨੇ ਕੈਦਖਾਨੇ ਵਿੱਚ ਬੰਦ ਕਰਵਾ ਦਿੱਤਾ ਹੈ। ਹੁਣ ਅਸੀਂ ਰਾਜੇ ਅੱਗੇ ਬੇਨਤੀ ਕਰੀਏ ਕਿ ਉਹ ਉਨ੍ਹਾਂ ਮੂਰਖਾਂ ਨੂੰ ਛੱਡ ਦੇਵੇ।’’ ਸਾਰੇ ਪਿੰਡ ਦੇ ਲੋਕ ਤਿਆਰ ਹੋ ਗਏ।
ਉਸ ਪਿੰਡ ਵਿੱਚ ਇੱਕ ਸਾਧੂ-ਮਹਾਤਮਾ ਵੀ ਰਹਿੰਦਾ ਸੀ। ਉਹ ਸਮਝ ਗਿਆ ਕਿ ਪਿੰਡ ਦੇ ਸਾਰੇ ਲੋਕ ਉਹੀ ਮੂਰਖਤਾ ਕਰਨਗੇ ਅਤੇ ਰਾਜਾ ਸਾਰੇ ਪਿੰਡ ਨੂੰ ਕੈਦਖਾਨੇ ਵਿੱਚ ਸੁੱਟ ਦੇਵੇਗਾ। ਸਾਧੂ ਨੇ ਪਿੰਡ ਵਾਲਿਆਂ ਨੂੰ ਸਮਝਾਇਆ ਕਿ ਤੁਸੀਂ ਰਾਜੇ ਕੋਲ ਨਾ ਜਾਵੋ। ਮੈਂ ਰਾਜੇ ਨੂੰ ਸਮਝਾ ਕੇ ਸਾਰਿਆਂ ਨੂੰ ਛੁਡਾ ਲਿਆਉਂਦਾ ਹਾਂ। ਕਿਤੇ ਤੁਹਾਨੂੰ ਵੀ ਰਾਜਾ ਕੈਦਖਾਨੇ ਵਿੱਚ ਨਾ ਬੰਦ ਕਰ ਦੇਵੇ।
ਸਾਧੂ ਦੀ ਇਸ ਗੱਲ ’ਤੇ ਪਿੰਡ ਦੇ ਬਾਕੀ ਲੋਕ ਸਹਿਮਤ ਹੋ ਗਏ। ਸਾਧੂ-ਮਹਾਤਮਾ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ ਤਾਂ ਰਾਜੇ ਨੇ  ਉਨ੍ਹਾਂ ਤੋਂ ਵੀ ਆਉਣ ਦਾ ਕਾਰਨ ਪੁੱਛਿਆ।
ਸਾਧੂ ਨੇ ਕਿਹਾ, ‘‘ਮਹਾਰਾਜ, ਸਾਡੇ ਪਿੰਡ ਦੇ ਤਿੰਨ ਕਿਸਾਨ ਤੁਹਾਡੇ ਕੈਦਖਾਨੇ ਵਿੱਚ ਬੰਦ ਹਨ। ਉਨ੍ਹਾਂ ਨੇ ਮੂਰਖਤਾਪੂਰਨ ਗੱਲਾਂ ਕੀਤੀਆਂ। ਇਹੋ ਜਿਹੀ ਮੂਰਖਤਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਹੁੰਦੀ ਤਾਂ ਉਹ ਵੀ ਘੱਟ ਸਮਝੀ ਜਾਂਦੀ ਪਰ ਰਾਜਾ ਪਰਜਾ ਦਾ ਪਾਲਕ ਮੰਨਿਆ ਜਾਂਦਾ ਹੈ। ਪਰਜਾ, ਬੱਚੇ ਦੇ ਸਮਾਨ ਹੁੰਦੀ ਹੈ। ਬਹੁਤ ਦਫ਼ਾ ਬੱਚਾ ਕੋਈ ਮੂਰਖਤਾ ਕਰਦਾ ਹੈ ਤਾਂ ਤਦ ਵੱਡੇ ਉਸ ਨੂੰ ਬਡ਼ੇ ਪਿਆਰ ਨਾਲ ਸਮਝਾਉਂਦੇ ਹਨ। ਭਾਵੇਂ ਛੋਟਾ ਜਿਹਾ ਥੱਪਡ਼ ਮਾਰ ਦੇਣ ਪਰ ਘਰ ਤੋਂ ਬਾਹਰ ਨਹੀਂ ਕੱਢ ਦਿੰਦੇ। ਉਨ੍ਹਾਂ ਤਿੰਨਾਂ ਨੂੰ ਆਪਣੀ ਭੁੱਲ ਦਾ ਥੱਪਡ਼ ਲੱਗ ਚੁੱਕਾ ਹੈ। ਉਹ ਤਿੰਨੇ ਮੂਰਖ ਬੱਚੇ ਸਮਾਨ ਹਨ। ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਨ੍ਹਾਂ ਤਿੰਨਾਂ ਨੂੰ ਛੱਡ ਦਿਓ ਕਿਉਂਕਿ ਉਨ੍ਹਾਂ ਦੇ ਬਿਨਾਂ ਉਨ੍ਹਾਂ ਦੀ ਖੇਤੀ ਕੌਣ ਕਰੇਗਾ? ਖੇਤੀ ਨਹੀਂ ਹੋਵੇਗੀ ਤਾਂ ਉਨ੍ਹਾਂ ਦਾ ਪਰਿਵਾਰ ਭੁੱਖਾ ਮਰੇਗਾ ਅਤੇ ਤੁਹਾਡੇ ਖ਼ਜ਼ਾਨੇ ਵਿੱਚ ਕਰ ਵੀ ਨਹੀਂ ਆਵੇਗਾ। ਮੇਰੀ ਇਹ  ਬੇਨਤੀ ਕਬੂਲ ਕਰਕੇ ਆਪਣੀ ਦਰਿਆਦਿਲੀ ਦਾ ਸਬੂਤ ਦੇਵੋ।’’
ਰਾਜੇ ਨੂੰ ਸਾਧੂ-ਮਹਾਤਮਾ ਦੀ ਗੱਲ ਸਹੀ ਲੱਗੀ ਅਤੇ ਉਸ ਨੇ ਤਿੰਨਾਂ ਨੂੰ ਛੱਡ ਦੇਣ ਦਾ ਹੁਕਮ ਦੇ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਸਾਧੂ-ਮਹਾਤਮਾ ਨੂੰ ਭੇਟ ਦੇ ਕੇ ਵਿਦਾ ਕੀਤਾ। ਸਿਆਣੇ ਸਹੀ ਕਹਿੰਦੇ ਨੇ ਕਿ ਗੱਲ ਕਰਨ ਦਾ ਵੀ ਇੱਕ ਸਲੀਕਾ ਹੁੰਦਾ ਹੈ।

Facebook Comment
Project by : XtremeStudioz