Close
Menu

ਘੁੱਗੀ, ਸੱਪ ਅਤੇ ਕਾਂ

-- 07 October,2013

ghuggiਇੱਕ ਦਰੱਖਤ ’ਤੇ ਇੱਕ ਘੁੱਗੀ ਰਹਿੰਦੀ ਸੀ। ਉਸੇ ਦਰੱਖਤ ਦੀਆਂ ਜੜ੍ਹਾਂ ’ਚ ਇੱਕ ਸੱਪ ਰਹਿੰਦਾ ਸੀ। ਇੱਕ ਦਿਨ ਸੱਪ ਕਿਸੇ ਕਾਰਨ ਜ਼ਖ਼ਮੀ ਹੋ ਗਿਆ ਸੀ।  ਘੁੱਗੀ ਨੇ ਉਸ ਦੀ ਬਹੁਤ ਦੇਖਭਾਲ ਕੀਤੀ। ਇਸ ਤਰ੍ਹਾਂ ਉਹ ਦੋਵੇਂ ਦੋਸਤ ਬਣ ਗਏ।
ਕੁਝ ਫਾਸਲੇ ’ਤੇ ਇੱਕ ਹੋਰ ਦਰੱਖਤ ’ਤੇ ਇੱਕ ਕਾਂ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਘੁੱਗੀ ਜਦੋਂ ਵੀ ਅੰਡੇ ਦਿੰਦੀ ਤਾਂ ਕਾਂ ਉਸ ਦੇ ਅੰਡੇ ਚੱਟ ਕਰ ਜਾਂਦਾ। ਇੱਕ-ਦੋ ਵਾਰ ਤਾਂ ਉਹ ਘੁੱਗੀ ਦੇ ਛੋਟੇ-ਛੋਟੇ ਬੋਟਾਂ ਨੂੰ ਵੀ ਛਕ ਚੁੱਕਿਆ ਸੀ। ਇਸ ਕਰਕੇ ਘੁੱਗੀ ਕਦੇ ਪਰਿਵਾਰਕ ਸੁਖ ਨਾ ਮਾਣ ਸਕੀ। ਉਹ ਵਿਚਾਰੀ ਬਹੁਤ ਦੁਖੀ ਸੀ, ਕਰੇ ਤਾਂ ਕੀ ਕਰੇ।
ਇੱਕ ਵਾਰ ਉਹ ਬਹੁਤ ਨਿਰਾਸ਼ ਅਤੇ ਗੁੰਮ-ਸੁੰਮ ਬੈਠੀ ਸੀ ਤਾਂ ਸੱਪ ਨੇ ਪੁੱਛਿਆ, ‘‘ਕੀ ਗੱਲ ਹੈ? ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਤੂੰ ਬਹੁਤ ਚਿੰਤਤ ਲੱਗ ਰਹੀ ਹੈਂ। ਕੋਈ ਪ੍ਰੇਸ਼ਾਨੀ ਹੈ ਤਾਂ ਮੈਨੂੰ ਖੁੱਲ੍ਹ ਕੇ ਦੱਸ, ਮੈਂ ਤੇਰਾ ਦੋਸਤ ਹਾਂ ਤੇਰੀ ਹਰ ਸੰਭਵ ਸਹਾਇਤਾ ਕਰਾਂਗਾ।’’ ਘੁੱਗੀ ਨੇ ਸਾਰੀ ਘਟਨਾ ਰੋ-ਰੋ ਕੇ ਸੱਪ ਨੂੰ ਸੁਣਾ ਦਿੱਤੀ।
ਅਗਲੀ ਸ਼ਾਮ ਕਾਂ ਜਦੋਂ ਲੰਮੀਆਂ ਉਡਾਰੀਆਂ ਭਰ ਕੇ ਆਪਣੇ ਆਲ੍ਹਣੇ ’ਚ ਪਰਤਿਆ ਤਾਂ ਉਸ ਨੇ ਦੇਖਿਆ ਇੱਕ ਬਹੁਤ ਭਾਰੀ ਸੱਪ ਉਸ ਦੇ ਆਲ੍ਹਣੇ ਦੁਆਲੇ ਕੁੰਡਲੀ ਮਾਰੀ ਬੈਠਾ ਹੈ। ਸੱਪ ਨੇ ਕਾਂ ਦਾ ਇੱਕ ਅੰਡਾ ਆਪਣੇ ਮੂੰਹ ਵਿੱਚ ਫੜ ਰੱਖਿਆ ਸੀ। ਡਰ ਨਾਲ ਕਾਂ ਦੇ ਬੱਚਿਆਂ ਦੇ ਸਾਹ ਸੁੱਕੇ ਪਏ ਸਨ। ਕਾਂ ਇਹ ਮੰਜ਼ਰ ਦੇਖ ਕੇ ਬੁਰੀ ਤਰ੍ਹਾਂ ਘਬਰਾ ਗਿਆ। ਉਸ ਨੂੰ ਅੱਜ ਆਪਣੀ ਬਰਬਾਦੀ ਸਾਫ਼ ਨਜ਼ਰ ਆ ਰਹੀ ਸੀ। ਕਾਂ ਨੇ ਇਸ ਜੀਵ ਬਾਰੇ ਸੁਣ ਰੱਖਿਆ ਸੀ ਕਿ ਇਹ ਕਿਸੇ ਨੂੰ ਨਹੀਂ ਬਖ਼ਸ਼ਦਾ। ਕਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਰਿਹਾ ਸੀ। ਫਿਰ ਵੀ ਉਸ ਨੇ ਹਿੰਮਤ ਕਰਕੇ ਕੇ ਕਿਹਾ, ‘‘ਹੇ ਨਾਗ ਦੇਵਤਾ ਮੈਂ ਤੁਹਾਡਾ ਕੀ ਵਿਗਾੜਿਆ ਹੈ? ਮੇਰਾ ਕੀ ਦੋਸ਼ ਹੈ ਕਿ ਤੁਸੀਂ ਮੇਰੇ ਅੰਡੇ ਅਤੇ ਬੱਚੇ ਖਾਣ ਆਏ ਹੋ।’’ ਸੱਪ ਨੇ ਕਾਂ ਦਾ ਅੰਡਾ ਆਲ੍ਹਣੇ ’ਚ ਰੱਖਦਿਆਂ ਕਿਹਾ, ‘‘ਤੇਰੇ ਆਪਣੇ ਬੱਚਿਆਂ ’ਤੇ ਜ਼ਰਾ ਸੰਕਟ ਆਇਆ ਤਾਂ ਕਿਵੇਂ ਗਿੜਗਿੜਾ ਰਿਹਾ ਹੈਂ। ਉਸ ਘੁੱਗੀ ਦਾ ਕੀ ਕਸੂਰ ਸੀ ਜਿਸ ਦੇ ਅੰਡੇ ਅਤੇ ਬੱਚੇ ਕਈ ਵਾਰ ਨਿਗਲ ਚੁੱਕਿਆ ਹੈਂ? ਤੈਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿਸੇ ਜੀਵ ਨੂੰ ਮਾਰਨ ਦਾ? ਸਭ ’ਚ ਇੱਕੋ ਜਿਹੀ ਜਾਨ ਹੈ ਅਤੇ ਸਭ ਨੂੰ ਜਿਉਣ ਦਾ ਹੱਕ ਹੈ।’’ ਸੱਪ ਦੇ ਮੂੰਹੋਂ ਪਿਆਰ ਦੀ ਲਹਿਰ ਨਿਕਲਦੀ ਦੇਖ ਕਾਂ ਦੰਗ ਰਹਿ ਗਿਆ। ਕਾਂ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਆਪਣੀ ਕਰਤੂਤ ਲਈ ਸੱਪ ਤੋਂ ਮੁਆਫ਼ੀ ਮੰਗਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦਾ ਪ੍ਰਣ ਲਿਆ।
ਘੁੱਗੀ ਨੇ ਸੱਪ ਦਾ ਧੰਨਵਾਦ ਕੀਤਾ ਅਤੇ ਉਸ ਤੋਂ ਬਾਅਦ ਉਸ ਨੇ ਬਹੁਤ ਸਮਾਂ ਆਪਣੇ ਪਰਿਵਾਰ ਨਾਲ ਬਤੀਤ ਕੀਤਾ।

-ਰਮੇਸ਼ ਕੁਮਾਰ ਸ਼ਰਮਾ

Facebook Comment
Project by : XtremeStudioz