Close
Menu

ਚੀਨੀ ਸਦਰ ਵੱਲੋਂ ਭਾਰਤ-ਪਾਕਿ ਸਬੰਧਾਂ ’ਚ ਸੁਧਾਰ ਦਾ ਸੱਦਾ

-- 29 April,2019

ਪੇਈਚਿੰਗ, 29 ਅਪਰੈਲ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਸ ਜਤਾਈ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਰਿਸ਼ਤਿਆਂ ਵਿੱਚ ਬਣੀ ਤਲਖ਼ੀ ਨੂੰ ਘਟਾਉਣ ਲਈ ਭਾਰਤ ਤੇ ਪਾਕਿਸਤਾਨ ਇਕ ਦੂਜੇ ਨਾਲ ਮਿਲ ਸਕਦੇ ਹਨ।
ਜਿਨਪਿੰਗ ਤੇ ਖ਼ਾਨ ਦਰਮਿਆਨ ਹੋਈ ਮੀਟਿੰਗ ਬਾਬਤ ਅਧਿਕਾਰਤ ਚੀਨੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਦੱਖਣੀ ਏਸ਼ੀਆ ਵਿੱਚ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਚੀਨੀ ਸਦਰ ਨੇ ਆਸ ਜਤਾਈ ਕਿ ਪਾਕਿਸਤਾਨ ਤੇ ਭਾਰਤ ਰਿਸ਼ਤਿਆਂ ਵਿੱਚ ਆਈ ਤਲਖ਼ੀ ਨੂੰ ਘੱਟ ਕਰਨ ਤੇ ਸਬੰਧਾਂ ਵਿੱਚ ਸੁਧਾਰ ਲਈ ਇਕ ਦੂਜੇ ਨੂੰ ਮਿਲ ਸਕਦੇ ਹਨ। ਖ਼ਾਨ ਚੀਨ ਵੱਲੋਂ ਵਿਉਂਤੀ ਦੂਜੀ ਬੈਲਟ ਐਂਡ ਰੋਡ ਫੋਰਮ (ਬੀਆਰਐਫ਼) ਵਿੱਚ ਸ਼ਿਰਕਤ ਕਰਨ ਲਈ ਇਥੇ ਆਏ ਸਨ। ਭਾਰਤ ਨੇ ਮਕਬੂਜ਼ਾ ਕਸ਼ਮੀਰ ’ਚੋਂ ਹੋ ਕੇ ਲੰਘਣ ਵਾਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਵਿਰੋਧ ’ਚ ਮੀਟਿੰਗ ਦਾ ਬਾਇਕਾਟ ਕੀਤਾ ਸੀ। ਖ਼ਾਨ ਨੇ ਪਾਕਿਸਤਾਨ ਤੇ ਚੀਨ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦਿਆਂ ਉਮੀਦ ਜਤਾਈ ਕਿ ਭਾਰਤ ਵਿੱਚ ਆਮ ਚੋਣਾਂ ਮਗਰੋਂ ਦੋਵਾਂ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ’ਚ ਸੁਧਾਰ ਹੋਵੇਗਾ। ਸਰਕਾਰੀ ਰੇਡੀਓ ਪਾਕਿਸਤਾਨ ਨੇ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਅਸੀਂ ਆਪਣੇ ਗੁਆਂਢੀ ਮੁਲਕ ਨਾਲ ਆਮ ਵਾਂਗ ਰਿਸ਼ਤੇ ਚਾਹੁੰਦੇ ਹਾਂ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਜੇਕਰ ਅਸੀਂ ਗੱਲਬਾਤ ਜ਼ਰੀਏ ਕਸ਼ਮੀਰ ਦੇ ਮੁੱਦੇ ਨੂੰ ਸੁਲਝਾ ਸਕੀਏ ਤਾਂ ਹਾਲਾਤ ਸੁਧਰ ਸਕਦੇ ਹਨ।’

Facebook Comment
Project by : XtremeStudioz