Close
Menu

ਚੀਨੀ ਸਦਰ ਵੱਲੋਂ ਵਿਸ਼ਵ ਦੇ ਸਭ ਤੋਂ ਲੰਮੇ ਸਾਗਰ ਪੁਲ ਦਾ ਉਦਘਾਟਨ

-- 24 October,2018

ਪੇਈਚਿੰਗ, ਚੀਨੀ ਸਦਰ ਸ਼ੀ ਜਿਨਪਿੰਗ ਨੇ ਹਾਂਗਕਾਂਗ, ਮਕਾਓ ਤੇ ਚੀਨ ਨੂੰ ਜੋੜਦੇ ਵਿਸ਼ਵ ਦੇ ਸਭ ਤੋਂ ਲੰਮੇ ਸਾਗਰ ਪੁਲ ਦਾ ਉਦਘਾਟਨ ਕਰਦਿਆਂ ਅੱਜ ਇਸ ਨੂੰ ਅਧਿਕਾਰਤ ਤੌਰ ’ਤੇ ਆਵਾਜਾਈ ਲਈ ਖੋਲ੍ਹ ਦਿੱਤਾ। ਇਸ ਪੁਲ ਦੇ ਖੁੱਲ੍ਹਣ ਨਾਲ ਇਨ੍ਹਾਂ ਤਿੰਨਾਂ ਖੇਤਰਾਂ ਦਾ ਤਿੰਨ ਘੰਟੇ ਦਾ ਸਫ਼ਰ ਘੱਟ ਕੇ ਮਹਿਜ਼ ਤੀਹ ਮਿੰਟਾਂ ਦਾ ਰਹਿ ਜਾਏਗਾ। 55 ਕਿਲੋਮੀਟਰ ਲੰਮੇ ਇਸ ਪੁਲ ਦੀ ਉਸਾਰੀ ’ਤੇ 20 ਅਰਬ ਅਮਰੀਕੀ ਡਾਲਰ ਦੀ ਲਾਗਤ ਆਈ ਹੈ। ਇੰਜਨੀਅਰਿੰਗ ਦੀ ਕੁਸ਼ਲ ਕਾਰੀਗਰੀ ਕਿਹਾ ਜਾਂਦਾ ਇਹ ਪੁਲ ਆਰਥਿਕ ਤੇ ਸਿਆਸੀ ਪੱਖੋਂ ਵੀ ਕਾਫ਼ੀ ਅਹਿਮ ਹੈ। ਕਿਉਂਕਿ ਇਸ ਪੁਲ ਦੀ ਉਸਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੇਈਚਿੰਗ ਨੀਮ ਖ਼ੁਦਮੁਖਤਿਆਰ ਇਲਾਕਿਆਂ ’ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਇਸ ਦੌਰਾਨ ਆਲੋਚਕਾਂ ਨੇ ਇਸ ਪੁਲ ਨੂੰ ‘ਸਫ਼ੇਦ ਹਾਥੀ’ ਦਸਦਿਆਂ ਕਿਹਾ ਕਿ ਇਹ ਚੀਨ ਹੱਥੋਂ ਰੇਤ ਵਾਂਗ ਖਿਸਕਦੇ ਜਾ ਰਹੇ ਹਾਂਗ ਕਾਂਗ ਨੂੰ ਮੁੜ ਆਪਣੇ ਕਲਾਵੇ ਵਿੱਚ ਲੈਣ ਦਾ ਯਤਨ ਮਾਤਰ ਹੈ।

ਇਹ ਨਵਾਂ ਪੁਲ ਏਸ਼ੀਆ ਦੀ ਵਿੱਤੀ ਹੱਬ ਕਹੇ ਜਾਂਦੇ ਹਾਂਗਕਾਂਗ ਨੂੰ ਚੀਨ ਦੇ ਦੱਖਣੀ ਸ਼ਹਿਰ ਜ਼ੁਹਾਏ ਤੇ ਜੂਏਬਾਜ਼ੀ ਲਈ ਮਕਬੂਲ ਮਕਾਓ ਨੂੰ ਪਰਲ ਨਦੀ ਦੇ ਪਾਣੀਆਂ ਉਪਰੋਂ ਦੀ ਲੰਘਦੇ ਸੱਪ ਵਾਂਗੂ ਵੱਲ ਖਾਂਦੇ ਸੜਕੀ ਪੁਲ ਤੇ ਪਾਣੀ ਥੱਲੇ ਬਣੀ ਸੁਰੰਗ ਰਾਹੀਂ ਜੋੜੇਗਾ। ਇਸ ਪੁਲ ਨੂੰ ਮੁਕੰਮਲ ਹੋਣ ਵਿੱਚ ਨੌਂ ਸਾਲ ਲੱਗੇ ਹਨ। ਉਸਾਰੀ ਕਾਮਿਆਂ ਦੀ ਮੌਤ, ਭ੍ਰਿਸ਼ਟਾਚਾਰ ਨਾਲ ਸਬੰਧਤ ਮੁਕੱਦਮਿਆਂ ਤੇ ਬਜਟ ਤੋਂ ਉਪਰ ਖਰਚਾ ਹੋਣ ਦੇ ਚਲਦਿਆਂ ਪੁਲ ਦੇ ਕੰਮ ਵਿੱਚ ਕਈ ਵਾਰ ਅੜਿੱਕਾ ਪਿਆ। ਚੀਨੀ ਸਦਰ ਸ਼ੀ ਵੱਲੋਂ ਅੱਜ ਉੱਤਰੀ ਚੀਨ ਦੇ ਗੁਆਂਗਡੌਂਗ ਸੂਬੇ ਦੇ ਜ਼ੁਹਾਏ ਵਿੱਚ ਪੁਲ ਦਾ ਉਦਘਾਟਨ ਕੀਤੇ ਜਾਣ ਮੌਕੇ ਰੱਖੇ ਸਮਾਗਮ ਵਿੱਚ ਹਾਂਗਕਾਂਗ ਤੇ ਮਕਾਓ ਦੇ ਆਗੂਆਂ ਸਮੇਤ ਲਗਪਗ ਸੱਤ ਸੌ ਮਹਿਮਾਨ ਮੌਜੂਦ ਸਨ। ਸਿਨਹੁਆ ਖ਼ਬਰ ਏਜੰਸੀ ਮੁਤਾਬਕ ਪੁਲ ਨੂੰ ਭਲਕੇ ਬੁੱਧਵਾਰ ਤੋਂ ਨਿਯਮਿਤ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।

Facebook Comment
Project by : XtremeStudioz