Close
Menu

ਚੋਰ ਉਚਕਾ ਚੌਧਰੀ

-- 05 August,2013

chor-uchaka

ਅੱਜ ਉਸ ਦਾ ਨਾਮ ਉੱਚੇ ਅਹੁਦਿਆ ਵਾਲੇ ਅਫਸਰਾਂ ਵਿਚ ਗਿਣ ਹੁੰਦਾ ਹੈ। ਕਈ ਲੋਕੀ ਉਸ ਦਾ ਨਾਮ ਆਪਣੀ ਜ਼ਬਾਨ ਨਾਲ ਲੈ ਕੇ ਬਹੁਤ ਮਾਨ ਮਹਿਸੂਸ ਕਰਦੇ ਨੇ। ਬਹੁਤ ਸਾਰੇ ਚਮਚੇ ਉਸ ਦੇ ਆਲੇ-ਦੁਆਲੇ ਪੂਛ ਹਿਲਾਉਂਦੇ ਨੱਠੇ-ਭੱਜੇ ਦਿਸਦੇ। ਸਰਕਾਰ ਨੇ ਉਸ ਨੂੰ ਹੀਰੋ ਦਾ ਖਿਤਾਬ ਦਿੱਤਾ। ਜਿਸ ਨਾਲ ਉਸ ਦੀ ਆਕੜ ਦੁੱਗਣੀ ਹੋ ਗਈ। ਅੱਜ ਜਦੋਂ ਮੈ ਉਸ ਨੂੰ ਟੀ: ਵੀ: ਵਿਚ ਦੇਖਿਆ ਤਾਂ ਪੁਰਾਣੇ ਦਿਨ ਆਪ ਮੁਹਾਰੇ ਮੇਰੇ ਅੱਗੇ ਆਉਣ ਲੱਗੇ। ਏਨੀ ਪੁਰਾਣੀ ਨਫਰਤ ਫਿਰ ਜਾਗ ਪਈ। ਮੇਰਾ ਦਿਲ ਕੀਤਾ ਕਿ ਉਸ ਦਾ ਉਹ ਗੁੱਝਾ ਭੇਦ ਸਾਰੀ ਦੁਨੀਆਂ ਅੱਗੇ ਖਿਲਾਰ ਦੇਵਾ। ਪਰ ਮੇਰੇ ਤੇ ਯਕੀਨ ਕੌਣ ਕਰੇਗਾ। ਹੁਣ ਤਾਂ ਉਹ ਇਕ ਵੱਡਾ ਆਫੀਸਰ ਹੈ। ਯਕੀਨ ਤਾਂ ਲੋਕੀ ਉਸ ਉੱਪਰ ੳਦੋਂ ਵੀ ਕਰਦੇ ਜਦੋਂ ਉਹ ਸਾਡੇ ਕਾਲਜ਼ ਦਾ ਇਕ ਮਾਮੂਲੀ ਜਿਹਾ ਵਿਦਿਆਰਥੀ ਸੀ। ਬੇਸ਼ੱਕ ਉਹ ਲੋਕਾਂ ਲਈ ਇਕ ਆਮੀਰ ਸੀ। ਪਰ ਮੇਰੇ ਮਨ ਵਿਚ ਉਸ ਲਈ ਕੋਈ ਖਾਸ ਥਾਂ ਨਹੀ ਬਣੀ। ਕਈ ਵਾਰੀ ਮੇਰੀ ਸਹੇਲੀ ਡੋਲੀ ਹੁਣ ਵੀ ਮੈਨੂੰ ਟੀਚਰ ਕਰ ਦੇਂਦੀ ਹੈ,

“ ਲੋਕੀ ਆਪਣੇ ਪਿਆਰ ਨੂੰ ਨਹੀ ਭੁੱਲਦੇ, ਪਰ ਤੈਨੂੰ ਆਪਣੀ ਨਫਰਤ ਹੀ ਨਹੀ ਭੁੱਲਦੀ।”

ਸਾਡੇ ਕਾਲਜ਼ ਵਿਚ ਆਇਆ ਉਸ ਨੂੰ ਅਜੇ ਥੌੜੇ ਦਿਨ ਹੀ ਹੋਏ ਸਨ ਕਿ ਮੇਰੇ ਅੱਗੇ ਪਿੱਛੇ ਪੈਲਾਂ ਪਾਉਣ ਲੱਗਾ। ਪਰ ਮੈ ਉਸ ਦੀ ਕੋਈ ਪਰਵਾਹ ਨਾ ਕਰਦੀ। ਮੈਨੂੰ ਉਸ ਦੇ ਤੌਰ-ਤਰੀਕੇ ਫੁੱਟੀ ਅੱਖ ਵੀ ਨਾ ਭਾਉਂਦੇ। ਮੈਨੂੰ ਆਪਣੇ ਵਸ ਵਿਚ ਕਰਨ ਲਈ ਉਸ ਨੇ ਇਕ ਨਵੀ ਚਾਲ ਖੇਡੀ।ਮੈ ਹੈਰਾਨ ਰਹਿ ਗਈ ਜਦੋਂ ਉਸ ਨੂੰ ਸੋਨੀਆਂ ਨਾਲ ਗੱਲਾਂ ਕਰਦੇ ਦੇਖਿਆ। ਪਰ ਮੈ ਉਹਨਾਂ ਨੂੰ ਅਣਗੋਲਦੀ ਹੋਈ ਆਪਣੇ ਰਸਤੇ ਤੁਰੀ ਗਈ।
ਦੂਜੇ ਦਿਨ ਸੋਨੀਆਂ ਮੇਰੇ ਕੋਲ ਆਈ। ਬਹੁਤ ਹੀ ਧਿਆਨ ਨਾਲ ਮੈਨੂੰ ਦੇਖਦੀ ਹੋਈ ਕਹਿਣ ਲੱਗੀ,
“ ਸੰਗੀਤ, ਤੇਰੇ ਨਾਲ ਇਕ ਗੱਲ ਕਰਨੀ ਹੈ, ਜੇ ਤੂੰ ‘ਮਾਂਈਡ ਨਾ ਕਰੇ।”
“ ਜੇ ‘ਮਾਂਈਡ ਕਰਨ ਵਾਲੀ ਗੱਲ ਨਾ ਹੋਈ ਤਾਂ ਭਲਾ ਮੈ ਕਿਉਂ ਗੁੱਸਾ ਕਰਾਂਗੀ।”
“ ਰਾਜੂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ।”
“ ਕੌਣ ਰਾਜੂ ?”
“ ਉਹ ਹੀ ਨਵਾ ਮੁੰਡਾ, ਜਿਸ ਨਾਲ ਮੈ ਕੱਲ ਗੱਲਾਂ ਕਰ ਰਹੀ ਸਾਂ।”
“ ਮੇਰੇ ਨਾਲ ਉਸ ਨੇ ਕੀ ਗੱਲ ਕਰਨੀ ਆ?”
“ ਉਹ ਤੈਨੂੰ ਬਹੁਤ ਜ਼ਿਆਦਾ ‘ਲਾਈਕ’ ਕਰਦਾ ਹੈ।”
“ ਪਰ ਮੈ ਉਸ ਨੂੰ ਪਸੰਦ ਨਹੀ ਕਰਦੀ।”
“ ਦੇਖ ਸੰਗੀਤ, ਉਹ ਤੈਨੂੰ ਪਾਉਣ ਲਈ ਕੁੱਝ ਵੀ ਕਰ ਸਕਦਾ ਹੈ। ਬਹੁਤ ਹੀ ‘ਨਾਈਸ ਹੈ।”
“ ਤੂੰ ਉਸ ਨੂੰ ਕਦੋਂ ਕੁ ਦੀ ਜਾਣਦੀ ਆ।” ਮੈ ਸੋਨੀਆਂ ਨੂੰ ਸਿੱਧਾ ਪੁੱਛਿਆ।
“ ਬਸ, ੳਦੋਂ ਦੀ ਹੀ ਜਦੋਂ ਦਾ ਕਾਲਜ ਵਿਚ ਆਇਆ ਹੈ।”
“ ਮੈਨੂੰ ਉਸ ਦੇ ਰੰਗ-ਢੰਗ ਬਿਲਕੁਲ ਚੰਗੇ ਨਹੀ ਲੱਗਦੇ, ‘ਪਲੀਜ਼’ ਮੁੜ ਕੇ ਉਸ ਦਾ ਨਾਮ ਮੇਰੇ ਸਾਹਮਣੇ ਨਾ ਲਈ।” ਮੈ ਗੁੱਸੇ ਨਾਲ ਕਿਹਾ।

ਉਸ ਨੇ ਹੋਰ ਵੀ ਇਸ ਤਰਾਂ ਦੇ ਬਹੁਤ ਯਤਨ ਕੀਤੇ। ਪਰ ਸਭ ਬੇਕਾਰ। ਉਸ ਨੇ ਦੋ ਚਾਰ ਮੁੰਡਿਆ ਨੂੰ ਲੈ ਕੇ ਇਕ ਗੁੱਰਪ ਬਣਾ ਲਿਆ। ਲੀਡਰ ਬਣ ਕੇ ਉਹਨਾ ਦੇ ਅੱਗੇ ਅੱਗੇ ਹੋ ਤਰੁਦਾ। ਕਦੀ ਮੋਟਰਸਾਈਕਲ, ਕਦੀ ਸਕੂਟਰ ਅਤੇ ਕਦੀ ਕਾਰ ਜਾਂ ਜੀਪ ਲੈ ਕੇ ਕਾਲਜ਼ ਪੜ੍ਹਨ ਆਉਂਦਾ। ਕਈ ਵਾਰੀ ਸ਼ਰਾਬ ਪੀ ਕੇ ਕਾਲਜ਼ ਵਿਚ ਹੱਲਾ-ਗੁੱਲਾ ਕਰਦਾ। ਕਾਫੀ ਮੁੰਡੇ ਉਸ ਦੇ ਦੁਆਲੇ ਇਕੱਠੇ ਹੋਏ ਰਹਿੰਦੇ। ਉਹਨਾ ਨੂੰ ਖਾਣ-ਪੀਣ ਨੂੰ ਖੁੱਲ੍ਹਾ ਜਿਉਂ ਮਿਲ ਜਾਂਦਾ।

ਸੋਨੀਆਂ ਮੈਨੂੰ ਸਨੇਹੇ ਪੁਹੰਚਾਉਂਦੀ ਆਪ ਹੀ ਉਸ ਦੇ ਜਾਲ ਵਿਚ ਫਸ ਗਈ। ਜਦੋਂ ਮੈਨੂੰ ਪਤਾ ਲੱਗਾ ਤਾਂ ਮਨ ਦੁੱਖੀ ਹੋਇਆ। ਆਪਣੇ ਵਲੋਂ ਸਮਝਾਉਣ ਦੇ ਯਤਨ ਨਾਲ ਮੈ ਸੋਨੀਆਂ ਨੂੰ ਕਿਹਾ,
“ ਸੋਨੀਆਂ, ਮੈ ਤਾਂ ਸੋਚ ਵੀ ਨਹੀ ਸਕਦੀ ਕਿ ਤੇਰਾ ਉਸ ਅਵਾਰਾ ਮੁੰਡੇ ਨਾਲ ਚੱਕਰ ਚੱਲ ਸਕਦਾ ਹੈ।”
“ ਤੂੰ ਇਹ ਕਿਵੇ ਕਹਿ ਸਕਦੀ ਆ ਕਿ ਉਹ ਅਵਾਰਾ ਹੈ।”
ਸੋਨੀਆਂ ਨੇ ਮੈਨੂੰ ਉਲਟਾ ਸਵਾਲ ਪਾ ਦਿੱਤਾ। ਪਰ ਮੈ ਵੀ ਉਸ ਨੂੰ ਖਿੱਝ ਕੇ ਪਈ,
“ ਉਹ ਵੱਡੇ ਘਰ ਦਾ ਵਿਗੜਿਆ ਕਾਕਾ ਹੈ। ਉਸ ਦੀ ਚਾਲ-ਰਿਫਤਾਰ ਕੋਈ ਚੰਗੇ ਇਨਸਾਨ ਵਾਲੇ ਨਹੀ ਹੈ।”
“ ਕਾਲਜ਼ ਦਾ ਸਟਾਫ ਅਤੇ ਕਮੇਟੀ ਸਭ ਉਸ ਦੀ ਮੰਨਦੇ ਹਨ।”
“ ਉਸ ਦੇ ਪਿਉ ਦੇ ਪੈਸੇ ਨਾਲ ਇਹ ‘ਪਰਾਈਵੇਟ, ਕਾਲਜ਼ ਚੱਲਦਾ ਹੈ। ਸਭ ਪੈਸੇ ਦੀ ਹੀ ਖੇਡ ਹੈ।” ਮੈ ਹਰ ਯਤਨ ਕੀਤਾ ਸੋਨੀਆਂ ਨੂੰ ਉਸ ਲਫੰਗੇ ਤੋਂ ਬਚਾਉਣ ਦਾ। ਪਰ ਸੋਨੀਆ ਉਸ ਦੇ ਖਿਲਾਫ ਕੁੱਝ ਵੀ ਸੁਨਣ ਨੂੰ ਤਿਆਰ ਨਹੀ ਸੀ। ਫਿਰ ਵੀ ਮੈ ਆਖਰੀ ਚਿਤਵਾਨੀ ਸੋਨੀਆਂ ਨੂੰ ਦੇ ਦਿੱਤੀ,
“ ਦੇਖੀ, ਇਕ ਦਿਨ ਤੂੰ ਪਛਤਾਵੇਗੀ।”
“ ਪਛਤਾਵੇ ਦਾ ਰੌਣ ਤੇਰੇ ਕੋਲ ਨਹੀ ਰੋਵਾਂਗੀ।” ਸੋਨੀਆ ਨੇ ਲਾਪ੍ਰਵਾਹੀ ਨਾਲ ਕਿਹਾ।
ਵਕਤ ਆਪਣੀ ਚਾਲ ਨਾਲ ਤੁਰਦਾ ਰਹਾ। ਮੈ ਜਦੋਂ ਵੀ ਸੋਨੀਆ ਨੂੰ ਉਸ ਨਾਲ ਦੇਖਦੀ ਪਤਾ ਨਹੀ ਮੈਨੂੰ ਕਿਉਂ ਤਕਲੀਫ ਹੋ ਜਾਂਦੀ। ਉਸ ਦਿਨ ਵੀ ਜਦੋਂ ਸੋਨੀਆ ਨੂੰ ਸੱਜੀ ਬਾਹ ਰਾਜੂ ਦੇ ਲੱਕ ਦੁਆਲੇ ਪਾ ਕੇ ਮੋਟਰਸਾਈਕਲ ਉੱਤੇ ਬੈਠੀ ਦੇਖਿਆ ਤਾਂ ਮੈ ਆਪਣੇ ਨਾਲ ਜਾਂਦੀ ਰੇਣੂ ਨੂੰ ਆਖਿਆ,
“ਦੇਖ, ਹੈ ਇਸ ਨੂੰ ਕੋਈ ਸ਼ਰਮ।”
“ ਸੰਗੀਤ, ਤੂੰ ਉਸ ਨੂੰ ਸਮਝਾ- ਬੁਝਾ ਲਿਆ, ਜੇ ਉਹ ਨਹੀ ਮੰਨਦੀ ਤਾਂ ਸਾਨੂੰ ਕੀ।”
“ ਸਾਨੂੰ ਕੀ ਨਹੀ, ਫਿਰ ਵੀ ਉਹ ਆਪਣੀ ਸਹੇਲੀ ਹੈ, ਜੇ ਉਹ ਆਪਣਾ ਬੁਰਾ ਭਲਾ ਨਹੀ ਸੋਚਦੀ ਤਾਂ ਸਾਡਾ ਫਰਜ਼ ਬਣਦਾ ਹੈ ਉਸ ਨੂੰ ਸਮਝਾਉਣ ਦਾ।”
“ ਸਾਡੀ ਸਹੇਲੀ ਕਿਸ ਤਰਾਂ ਰਹੀ। ਜ਼ਿਆਦਾ ਸਮਾਂ ਉਹ ਰਾਜੂ ਨਾਲ ਗੁਜ਼ਾਰਦੀ ਹੈ।ਆਪਾ ਨੂੰ ਤਾਂ ਉਹ ‘ਬੈਕ ਵਰਡ’ ਖਿਆਲਾਂ ਦੀਆਂ ਕੁੜੀਆਂ ਸਮਝਦੀ ਹੈ।” ਰੇਣੂ ਨੇ ਕੁੱਝ ਸੋਚਦੇ ਕਿਹਾ,
“ ਅੱਜਕੱਲ ਰਾਜੂ ਖੇਡਾ ਵਿਚ ਬੜੀ ਦਿਲਚਸਪੀ ਲੈ ਰਿਹਾ ਹੈ।”
“ ਪਰ ਇਸ ਨਾਲ ਉਸ ਦੀ ਕੁੜੀਆਂ ਵਿਚ ਦਿਲਚਸਪੀ ਘਟੀ ਨਹੀ। ਸੋਨੀਆਂ ਤੋਂ ਬਾਅਦ ਪਤਾ ਨਹੀ ਕਿਹਦੀ ਮਾੜੀ ਕਿਸਮਤ ਹੋਵੇਗੀ।”
“ ਚੱਲ ਛੱਡ, ਰਾਜੂ ਅਤੇ ਸੋਨੀਆਂ ਦਾ ਵਿਸ਼ਾ। ਉਸ ਮਜ਼ਬੂਨ ਬਾਰੇ ਸੋਚ ਜਿਸ ਤੇ ਕੰਮ ਕਰਨ ਲਈ ਮੈਡਮ ਭਾਟੀਆ ਨੇ ਕਿਹਾ।”
ਇਸ ਦਿਨ ਤੋਂ ਬਾਅਦ ਮੈ ਸੱਚ-ਮੁਚ ਹੀ ਸੋਨੀਆ ਬਾਰੇ ਸੋਚਣਾ ਛੱਡ ਦਿੱਤਾ। ਅੱਗੇ ਕਦੀ ਕਦੀ ਮੇਰੇ ਕਮਰੇ ਵਿਚ ਸੋਨੀਆ ਆ ਹੀ ਜਾਂਦੀ ਸੀ। ਹੁਣ ਤਾਂ ਬਿਲਕੁਲ ਹੀ ਬੰਦ ਹੋ ਗਈ। ਮੈ ਵੀ ਆਪਣੀ ਪੜ੍ਹਾਈ ਵਿਚ ਮਸਤ ਰਹੀ।

ਉਸ ਦਿਨ ‘ ਹੌਸਟਲ ਵਿਚ ਬਹੁਤ ਸ਼ਾਤੀ ਸੀ। ਜ਼ਿਆਦਾ ਤਰ ਕੁੜੀਆਂ ਦੇ ‘ਇਗਜ਼ਾਮ’ ਹੋ ਚੁੱਕੇ ਸਨ। ਉਹ ਹੀ ਦੋ ਚਾਰ ਕੁੜੀਆਂ ਰਹਿ ਗਈਆਂ ਸਨ। ਜਿਹਨਾਂ ਦੇ ‘ ਪਰੈਕਟੀਕਲ’ ਚੱਲ ਰਹੇ ਸਨ। ਮੈ ਵੀ ਆਪਣੇ ‘ ਪਰੈਕਟੀਕਲ’ ਕਰਕੇ ਹੀ ਰੁਕੀ ਹੋਈ ਸਾਂ। ਬੇਲੋੜਾ ਨਿੱਕਾ- ਮੋਟਾ ਸਮਾਨ ਪੈਕ ਕਰਨ ਵਿਚ ਰੁੱਝੀ ਹੋਈ ਸੀ ਕਿ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਖੋਲ੍ਹਿਆ ਤਾਂ ਸਾਹਮਣੇ ਮੁਰਝਾਏ ਚਿਹਰੇ ਨਾਲ ਖੜੀ ਸੋਨੀਆਂ ਦੇਖੀ। ਚੁੱਪ-ਚਿੱਪਤੀ ਅੰਦਰ ਲੰਘ ਆਈ। ਮੈ ਹੀ ਚੁੱਪ ਤੌੜੀ,
“ ਮੈ ਤਾਂ ਸੋਚਿਆ ਕਿ ਤੂੰ ਵਾਪਸ ਆਪਣੇ ਪਿੰਡ ਚਲੀ ਗਈ ਹੋਵੇਗੀ।”
“ ਪਿੰਡ ਕਿਵੇ ਜਾਵਾਂ?” ਉਸ ਨੇ ਭਰੀਆਂ ਅੱਖਾਂ ਨਾਲ ਕਿਹਾ।
“ ਕਿਉਂ, ਕੀ ਹੋਇਆ?”
“ ਸੰਗੀਤ, ਇਕ ਦਿਨ ਮੈ ਤੈਨੂ ਬਹੁਤ ਆਕੜ ਨਾਲ ਕਿਹਾ ਸੀ ਕਿ ਪਛਤਾਵੇ ਰੋਣ ਤੇਰੇ ਕੋਲ ਨਹੀ ਰੋਵਾਂਗੀ, ਪਰ ਅੱਜ …।”

ਇਸ ਤੋਂ ਬਾਅਦ ਉਸ ਨੇ ਰੌਣਾ ਸ਼ੁਰੂ ਕਰ ਦਿੱਤਾ। ਮੈਨੂੰ ਸਮਝ ਨਾ ਲੱਗੇ ਮੈ ਕੀ ਕਰਾਂ। ਮੈ ਆਪਣਾ ਹੱਥ ਉਸ ਦੇ ਮੋਢੇ ਤੇ ਰੱਖਿਆ।ਉਸ ਨੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਅਤੇ ਹੋਰ ਵੀ ਉੱਚੀ ਅਵਾਜ਼ ਵਿਚ ਰੋਣ ਲੱਗੀ। ਮੈ ਆਪਣਾ ਮੋਢਾ ਛੁਡਾ ਕੇ ਦੌੜ ਕੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਕਿ ਉਸ ਦੀ ਅਵਾਜ਼ ਕਿਤੇ ਬਾਹਰ ਨਾ ਚਲੀ ਜਾਵੇ। ਉਸ ਨੂੰ ਚੁੱਪ ਕਰਾਵਾਉਣ ਦਾ ਯਤਨ ਕਰਦੀ ਉਸ ਦੇ ਰੋਣ ਦਾ ਕਾਰਨ ਪੁੱਛਣ ਲੱਗੀ। ਪਰ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦੀ। ਉਸ ਦਾ ਰੋਣਾ ਥੱਮਿਆ ਨਹੀ ਸੀ ਜਾ ਰਹਾ। ਪਾਣੀ ਦਾ ਗਿਲਾਸ ਦਿੱਤਾ ਤਾਂ ਇਕ ਸਾਹ ਵਿਚ ਹੀ ਨਿਗਲ ਗਈ।

“ ਉਸ ਨੂੰ ਕੋਈ ਹੋਰ ਮਿਲ ਗਈ।” ਮੈ ਆਪਣਾ ਅੰਦਾਜ਼ਾ ਦੱਸਿਆ, “ ਜਾਂ ਤੈਨੂੰ ਸਮਝ ਆ ਗਈ।”
“ ਉਸ ਨੇ ਮੈਨੂੰ ਬਰਬਾਦ ਕਰ ਦਿੱਤਾ।” ਆਪਣੇ ਸਾਹ ਨਾਲ ਸਾਹ ਮਿਲਾਉਂਦੀ ਕਹਿਣ ਲੱਗੀ, “ ਮੈ ‘ ਪਰੈਗਨੈਟ, …।” ਤੇ ਉਹ ਫਿਰ ਰੋਣ ਲੱਗੀ।
ਇਹ ਸੁਣ ਕੇ ਮੈ ਖੜੀ- ਖਲੋਤੀ ਰਹਿ ਗਈ। ਪਤਾ ਨਾ ਲੱਗੇ ਮੈ ਕੀ ਕਰਾ। ਕਰੋਧ ਨੇ ਮੈਨੂੰ ਪੁਰੀ ਤਰਾਂ ਜਕੜ ਲਿਆ ਤੇ ਦਿਲ ਕੀਤਾ ਕਿ ਕਹਾ,
“ ਅਬ ਪਛਤਾਏ ਕੀਆ ਹੋਏ, ਜਬ ਚਿੜੀਆ ਚੁਗ ਗਈ ਖੇਤ।” ਕਰੋਧ ਨੂੰ ਇਕ ਪਾਸੇ ਕਰਦੀ ਅਤੇ ਉਸ ਨੂੰ ਹੌਸਲਾ ਦੇਂਦੀ ਨੇ ਕਿਹਾ,
“ ਵਿਆਹ ਕਰਵਾ ਲੈ ਉਸ ਨਾਲ ਹੋਰ ਤਾਂ ਕੁੱਝ ਨਹੀ ਹੋ ਸਕਦਾ।”
“ਵਿਆਹ ਦਾ ਤਾਂ ਨਾਮ ਸੁੱਨਣ ਨੂੰ ਵੀ ਉਹ ਤਿਆਰ ਨਹੀ।” ਹਟਕੋਰੇ ਲੈਦੀ ਬੋਲੀ,
“ ਜਦੋਂ ਮੈ ਉਸ ਨੂੰ ਦੱਸਿਆ ਤਾਂ ਉੱਚੀ ਉੱਚੀ ਹੱਸਿਆ ਅਤੇ ਇਕ ਨਰਸ ਦਾ ਐਡਰਸ ਦਿੰਦਾ ਕਹਿਣ ਲੱਗਾ,
“ ਇਸ ਕੋਲ ਚਲੇ ਜਾਣਾ ਸਭ ਠੀਕ ਹੋ ਜਾਵੇਗਾ।” ਫਿਰ ਰੋਣ ਲੱਗੀ।

ਮੈ ਸੋਨੀਆਂ ਨੂੰ ਸਮਝਾ -ਬੁਝਾ ਕੇ, ਸਮੱਸਿਆ ਦਾ ਹੱਲ ਲਭਣ ਦੀ ਆਸ ਦੇ ਕੇ, ਉਸ ਦੇ ਕਮਰੇ ਵਿਚ ਛੱਡ ਆਈ। ਮੈ ਉਸ ਨੂੰ ਇੱਕਲਿਆ ਛੱਡਣਾ ਤਾਂ ਨਹੀ ਸੀ ਚਾਹੁੰਦੀ। ਕਿਉਕਿ ਉਹ ਬਹੁਤ ਜ਼ਿਆਦਾ ‘ਅਪਸੈਟ’ ਸੀ। ਪਰ ਮੇਰਾ ‘ਹੋਮ ਸਾਇੰਸ’ ਦਾ ਪਰੈਕਟੀਕਲ ਹੋਣਾ ਸੀ। ਸੋ ਮੈਨੂੰ ਆਉਣਾ ਪਿਆ।

‘ਪਰੈਕਟੀਕਲ ‘ ਦੇ ਤਿੰਨ- ਚਾਰ ਘੰਟੇ ਪਿਛੋ ਮੈ ਸਿਧੀ ਉਸ ਦੇ ਕਮਰੇ ਵੱਲ ਗਈ। ਦੇਖਾ ਤਾਂ ਕਮਰੇ ਦਾ ਦਰਵਾਜ਼ਾ ਅਦਰੋਂ ਬੰਦ ਸੀ। ਬਥੇਰਾ ਖੜਕਾਇਆ। ਪਰ ਉਸ ਨੇ ਖੋਲ੍ਹਿਆ ਹੀ ਨਾ। ਘਬਰਾ ਕੇ ਹੌਸਟਲ ਬਾਰਡਨ ਵੱਲ ਦੌੜੀ। ਉਸ ਨੂੰ ਸਿਰਫ ਇਹੀ ਹੀ ਦੱਸਿਆ, “ ਸੋਨੀਆ ਦਰਵਾਜ਼ਾ ਨਹੀ ਖੋਲ਼੍ਹ ਰਹੀ।”
ਬਾਰਡਨ ਨੇ ਮੇਰੀ ਹਾਲਤ ਤੋਂ ਕੁਝ ਅੰਦਾਜ਼ਾ ਲਾਇਆ ਅਤੇ ‘ਡੁਪਲੀਕੇਟ’ ਚਾਬੀਆਂ ਚੁੱਕ ਕੇ ਮੇਰੇ ਨਾਲ ਚਲ ਪਈ।
ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੱਗੇ ਮੂਧੇ ਮੂੰਹ ਸੋਨੀਆ ਮੰਜ਼ੇ ਤੇ ਪਈ ਸੀ। ਕੋਲ ਖਾਲੀ ਸੰਰਿਜ਼ ਪਈ ਦੇਖੀ ਤਾਂ ਮੇਰੇ ਖਾਨਿਉ ਗਈ। ਉੱਚੀ ਉਚੀ ਅਵਾਜ਼ਾ ਮਾਰਦੀ ਉਸ ਨੂੰ ਉਠਾਉਣ ਲੱਗੀ। ਰੋਲਾ ਸੁਣ ਕੇ ਬਾਕੀ ਦੀਆ ਕੁੜੀਆਂ ਅਤੇ ਅਧਿਆਪਕ ਵੀ ਆ ਗਏ। ਪੁਲੀਸ ਆ ਗਈ। ਸੋਨੀਆਂ ਨੂੰ ਚੁੱਕ ਕੇ ਹਸਪਤਾਲ ਲੈ ਗਏ। ਮਿੰਟਾ- ਸੰਕਡਾ ਵਿਚ ਸਭ ਕੁੱਝ ਹੋ ਗਿਆ।
ਤਰਾਂ ਤਰਾਂ ਦੀ ਗੱਲਾਂ ਨਾਲ ਕਾਲਜ਼ ਦਾ ਅਤੇ ਹੋਸਟਲ ਦਾ ਮਹੌਲ ਬਦਨਾਮ ਹੋਣ ਲੱਗਾ।
“ ਮੁੰਡੇ ਤਾਂ ਡਰੱਗ ਲੈਂਦੇ ਸੀ, ਹੁਣ ਕੁੜੀਆ ਵੀ ਲੱਗ ਪਈਆਂ।”
“ ਕੁੜੀਆਂ ਨੂੰ ਹੋਸਟਲ ਵਿਚ ਰੱਖ ਕੇ ਪੜਾਉਣ ਦਾ ਕੋਈ ਮਤਲਵ ਹੀ ਨਹੀ।”

ਇਹ ਸਭ ਗੱਲਾਂ ਸੁੱਣਦੀ ਹੋਈ ਵੀ ਮੈ ਚੁੱਪ ਰਹੀ। ਮੈ ਅਜਿਹੀ ਕੋਈ ਵੀ ਗੱਲ ਨਹੀ ਸੀ ਕਰਨੀ ਚਾਹੁੰਦੀ ਜਿਸ ਨਾਲ ਸੋਨੀਆ ਅਤੇ ਉਸ ਦੇ ਘਰਦਿਆਂ ਦੀ ਬਦਨਾਮੀ ਹੋਵੇ। ਪਰ ਜਦੋਂ ਮੈ ਉਸ ਦੰਰਿਦੇ ਨੂੰ ਦੇਖਦੀ ਤਾਂ ਦਿਲ ਕਰਦਾ ਚੀਖ ਚੀਖ ਕੇ ਕਹਾਂ ਕੇ ਇਸ ਨੇ ਹੀ ਸੋਨੀਆ ਦਾ ਕਤਲ ਕੀਤਾ ਹੈ। ਪਰ ਇਸ ਭੇਦ ਨੂੰ ਮੈ ਆਪਣੇ ਅੰਦਰ ਇੰਨਾ ਡੂੰਘਾ ਦਬਾ ਲਿਆ ਕਿ ਜ਼ੋਰ ਲਗਾਉਣ ਉੱਪਰ ਵੀ ਬਾਹਰ ਨਾ ਆਇਆ।ਉਸੇ ਸਾਲ ਮੇਰੀ ‘ਫਾਈਨ ਆਰਟਸ’ ਦੀ ਪੜ੍ਹਾਈ ਪੂਰੀ ਹੋ ਗਈ।

ਸਮਾਂ ਆਪਣੀ ਚਾਲ ਨਾਲ ਚਲਦਾ ਰਿਹਾ ਅਤੇ ਮੈ ਆਪਣੀ ਜ਼ਿੰਦਗੀ ਨਾਲ। ਕਈ ਵਾਰੀ ਸੋਨੀਆਂ ਦੀ ਯਾਦ ਉਸ ਦੰਰਿਦੇ ਲਈ ਨਫਰਤ ਦਾ ਤੂਫਾਨ ਬਣ ਕੇ ਆਉਂਦੀ। ਪਰ ਸਭ ਬੇਕਾਰ, ਕਿਉਂਕਿ ਮੈ ਕੁੱਝ ਵੀ ਨਹੀ ਸਾਂ ਕਰ ਸਕਦੀ।
ਜਦੋਂ ਮੈ ਉਸ ਦੇ ਵੱਡੇ ਆਫੀਸਰ ਬਨਣ ਬਾਰੇ ਸੁਣਿਆ ਤਾਂ ਹੈਰਾਨ ਰਹਿ ਗਈ। ਉਹ ਲਫੰਗਾ ਆਫੀਸਰ ਕਿਵੇ ਬਣ ਗਿਆ? ਮੇਰੇ ਦਿਮਾਗ ਵਿਚੋਂ ਆਪ ਹੀ ਜ਼ਵਾਬ ਆਇਆ। ਇਹ ਸਾਡਾ ਮਹਾਨ ਭਾਰਤ ਦੇਸ਼ ਹੈ ਪੈਸੇ ਦੇ ਕੇ ਕੁਝ ਵੀ ਹੋ ਸਕਦਾ ਹੈ।
ਭਾਂਵੇ ਉਹ ਆਫੀਸਰ ਬਣ ਗਿਆ ਸੀ, ਪਰ ਆਦਤਾ ਉਹੀ ਸੀ ਕਿ ,
“ ਵਾਰਸ਼ ਸ਼ਾਹ ਨਾ ਆਦਤਾ ਜਾਂਦੀਆਂ, ਭਾਵੇ ਕਟੀਏ ਪੋਰੀਆਂ ਪੋਰੀਆਂ ਜੀ।” ਇਕ ਵਾਰੀ ਉਸ ਨੇ ਭਰੀ ਮਹਿਫਲ ਵਿਚ ਇਕ ਨਾਮਵਾਰ ਇੱਜ਼ਤ ਵਾਲੀ ਅਰੌਤ ਨੂੰ ਹੱਥ ਪਾਇਆ। ਪਰ ਫਿਰ ਵੀ ਸਰਕਾਰੇ ਦਰਬਾਰੇ ਉਸ ਦੀ ਚੜ੍ਹਤ ਰਹੀ। ਹੁਣ ਤਾ ਉਹ ਕਈ ਸਰਕਾਰੀ ਸੰਸ਼ਥਾਵਾਂ ਦਾ ਮੈਂਬਰ ਅਤੇ ਪ੍ਰਧਾਨ ਬਣ ਚੁੱਕਾ ਸੀ।
ਟੀ. ਵੀ ਵਿਚ ਜੋਰ ਦੀ ਬਿਗਲ ਵੱਜਿਆ ਤਾਂ ਮੇਰੀ ਸੋਚਾਂ ਦੀ ਲੜੀ ਟੁੱਟੀ। ਉਸ ਦਰਿੰਦੇ ਦਾ ਸਨਮਾਨ ਹੋ ਰਿਹਾ ਸੀ। ਉਸ ਨੂੰ ਸਨਮਾਨਤ ਕਰਦਾ ‘ਡਫੈਨਸ ਮਨਸਿਟਰ ਕਹਿ ਰਿਹਾ ਸੀ,
“ ਦੇਸ਼ ਦੇ ਜ਼ਵਾਨਾ ਨੂੰ ਇਸ ਆਦਰਸ਼ ਅਤੇ ਉੱਚੇ ਆਚਰਣ ਵਾਲੇ ਨੋਜਵਾਨ ਦੇ ਪਦ- ਚਿੰਨਾ ਤੇ ਚਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾ ਜੋ ਸਾਡੇ ਦੇਸ਼ ਦਾ ਭੱਵਿਖ ਉਜਲਾ ਹੋ ਸਕੇ।”
ਮੇਰੇ ਨਾਲ ਹੀ ਮੇਰੇ ਹਾਸਬੈਂਡ ਦੇ ਦਾਦੀ ਜੀ ਵੀ ਟੀ’ਵੀ ਦੇਖ ਰਹੇ ਸਨ। ਮੈ ਸਭ ਕੁੱਝ ਉਹਨਾਂ ਨੂੰ ਦਸ ਦਿੱਤਾ ਨਾਲ ਹੀ ਪੁਛਿਆ,
“ ਇਸ ਭੈੜੇ ਬੰਦਾ ਦਾ ਰੱਬ ਨੇ ਵੀ ਨਾ ਕੁੱਝ ਵਿਗਾੜਿਆ।”
ਦਾਦੀ ਜੀ ਨੇ ਬੜੀ ਸਹਿਜਤਾ ਨਾਲ ਜ਼ਵਾਬ ਦਿੱਤਾ,
“ ਰੱਬ ਦੀ ਚੱਕੀ ਚਲਦੀ ਤਾਂ ਬੜੀ ਹੌਲੀ ਹੈ, ਪਰ ਜਦੋਂ ਪਹਿਦੀ ਹੈ ਤਾਂ ਪੀਸਦੀ ਬੜਾ ਬਾਰੀਕ।”
ਦਾਦੀ ਜੀ ਦੇ ਇਹਨਾ ਸ਼ਬਦਾਂ ਨਾਲ ਜਿਵੇ ਮੇਰੀ ਤਸੱਲੀ ਜਿਹੀ ਹੋ ਗਈ ਹੋਵੇ ਅਤੇ ਮੈ ਟੀ: ਵੀ ਛੱਡ ਕੇ ਰਸੌਈ ਵੱਲ ਨੂੰ ਤੁਰ ਪਈ।

Facebook Comment
Project by : XtremeStudioz