Close
Menu

ਜਨਮ ਦਿਨ

-- 09 March,2017

ਪਰਮਿੰਦਰ ਅੱਜ ਬੇਹੱਦ ਖੁਸ਼ ਸੀ। ਅੱਜ ਤੋਂ ਠੀਕ ਤਿੰਨ ਦਿਨ ਬਾਅਦ ਉਸ ਦਾ 13ਵਾਂ ਜਨਮ ਦਿਨ ਮਨਾਇਆ ਜਾਣਾ ਸੀ। ਪਿਛਲਾ ਜਨਮ ਦਿਨ ਉਸ ਨੇ ਬੜੇ ਧੂਮਧਾਮ ਨਾਲ ਆਪਣੇ ਦੋਸਤਾਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਦੀ ਹਾਜ਼ਰੀ ’ਚ ਵੱਡਾ ਕੇਕ ਕੱਟਕੇ ਮਨਾਇਆ ਸੀ। ਉਸ ਦੇ ਮਾਪਿਆਂ ਨੇ ਸਮੋਸੇ, ਗੁਲਾਬ ਜਾਮਣ, ਬਰਫ਼ੀ, ਪਨੀਰ ਪਕੌੜੇ, ਚਾਕਲੇਟ ਅਤੇ ਕੌਫੀ ਆਦਿ ਨਾਲ ਆਏ ਮਹਿਮਾਨਾਂ ਦੀ ਖ਼ੂਬ ਸੇਵਾ ਕੀਤੀ ਸੀ। ਪਰਮਿੰਦਰ ਨੂੰ ਇਸ ਮੌਕੇ ’ਤੇ ਬਹੁਤ ਸਾਰੇ ਤੋਹਫ਼ੇ ਵੀ ਹਾਸਲ ਹੋਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਉਸ ਨੇ ਵਰਤ ਲਏ ਸਨ ਤੇ ਕੁਝ ਉਸਦੀ ਮੰਮੀ ਨੇ ਡਰਾਇੰਗ ਰੂਮ ਵਿਚਲੇ ਸ਼ੋਅਕੇਸ ’ਚ ਸਜਾ ਦਿੱਤੇ ਸਨ।
ਅੱਜ ਜਦੋਂ ਉਹ ਸਕੂਲੋਂ ਵਾਪਸ ਆਉਣ ਪਿੱਛੋਂ ਸ਼ਾਮ ਵੇਲੇ ਆਪਣੇ ਦੋਸਤਾਂ, ਕਮਲ, ਵਿਸ਼ਾਲ ਤੇ ਇਸ਼ਮੀਤ ਨਾਲ ਖੇਡਣ ਲਈ ਪਾਰਕ ’ਚ ਗਿਆ ਤਾਂ ਉੱਥੇ ਉਸ ਦੀ ਮੁਲਾਕਾਤ ਉਨ੍ਹਾਂ ਦੇ ਗੁਆਂਢ ’ਚ ਨਵੇਂ ਕਿਰਾਏਦਾਰ ਦੇ ਲੜਕੇ ਗੁਰਸ਼ਾਨ ਨਾਲ ਹੋਈ। ਗੁਰਸ਼ਾਨ ਬੜਾ ਹੀ ਸੂਝਵਾਨ ਲੜਕਾ ਸੀ। ਉਸਦੇ ਪਿਤਾ ਜੀ ਇੱਕ ਸਕੂਲ ਅਧਿਆਪਕ ਸਨ। ਅਜੇ ਉਨ੍ਹਾਂ ਨੂੰ ਕਾਲੋਨੀ ’ਚ ਆਇਆਂ ਨੂੰ ਮਹੀਨਾ ਕੁ ਹੀ ਹੋਇਆ ਸੀ, ਪਰ ਕਾਲੋਨੀ ਦੇ ਸਾਰੇ ਬੱਚੇ ਤੇ ਉਨ੍ਹਾਂ ਦੇ ਮਾਪੇ ਗੁਰਸ਼ਾਨ ਦੀ ਤਾਰੀਫ਼ ਕਰਦਿਆਂ ਨਹੀਂ ਥੱਕਦੇ ਸਨ।
ਪਰਮਿੰਦਰ ਨੇ ਝਕਦਿਆਂ-ਝਕਦਿਆਂ ਗੁਰਸ਼ਾਨ ਨਾਲ ‘ਹੈਲੋ’ ਕਰਨ ਲਈ ਹੱਥ ਅੱਗੇ ਵਧਾਇਆ ਤੇ ਗੁਰਸ਼ਾਨ ਨੇ ਬੜੇ ਪਿਆਰ ਤੇ ਅਦਬ ਨਾਲ ‘ਹੈਲੋ’ ਕਹਿੰਦਿਆਂ ਹੋਇਆਂ ਉਸ ਨੂੰ ਗਲ ਨਾਲ ਲਾ ਲਿਆ। ਪਰਮਿੰਦਰ ਨੂੰ ਗੁਰਸ਼ਾਨ ਦਾ ਅਪਣੱਤ ਭਰਿਆ ਅੰਦਾਜ਼ ਬੜਾ ਹੀ ਚੰਗਾ ਲੱਗਿਆ ਤੇ ਛੇਤੀ ਹੀ ਗੱਲਾਂ ਕਰਦਿਆਂ-ਕਰਦਿਆਂ ਉਹ ਚੰਗੇ ਦੋਸਤ ਬਣ ਗਏ। ਅਚਾਨਕ ਹੀ ਪਰਮਿੰਦਰ ਨੂੰ ਇੱਕ ਗੱਲ ਸੁੱਝੀ ਤੇ ਉਸਨੇ ਤੁਰੰਤ ਹੀ ਗੁਰਸ਼ਾਨ ਨੂੰ ਆਪਣੇ ਜਨਮ ਦਿਨ ’ਤੇ ਆਉਣ ਦਾ ਸੱਦਾ ਦੇ ਦਿੱਤਾ ਜੋ ਗੁਰਸ਼ਾਨ ਨੇ ਬੜੀ ਅਦਬ ਨਾਲ ਸਵੀਕਾਰ ਕਰ ਲਿਆ।
ਅਗਲੇ ਦਿਨ ਫਿਰ ਪਾਰਕ ਵਿੱਚ ਮਿਲਣ ਸਮੇਂ ਪਰਮਿੰਦਰ ਨੇ ਆਪਣੇ ਜਨਮ ਦਿਨ ਦਾ ਕਿੱਸਾ ਛੇੜ ਲਿਆ ਤੇ ਪਿਛਲੇ ਜਨਮ ਦਿਨ ’ਤੇ ਮਨਾਏ ਜਸ਼ਨ ਦੀ ਪੂਰੀ ਕਹਾਣੀ ਬਿਆਨ ਕਰ ਦਿੱਤੀ। ਉਸ ਦੀ ਗੱਲ ਸੁਣ ਕੇ ਗੁਰਸ਼ਾਨ ਪਹਿਲਾਂ ਤਾਂ ਖੁਸ਼ ਹੋਇਆ ਤੇ ਫਿਰ ਇੱਕ ਦਮ ਖ਼ਾਮੋਸ਼ ਹੋ ਗਿਆ। ਉਸ ਦੇ ਵਿਵਹਾਰ ’ਚ ਇਸ ਅਜੀਬ ਪਰਿਵਰਤਨ ਨੂੰ ਵੇਖ ਕੇ ਪਰਮਿੰਦਰ ਨੂੰ ਥੋੜ੍ਹਾ ਅਜੀਬ ਮਹਿਸੂਸ ਹੋਇਆ। ਝਿਜਕਦੇ ਹੋਏ ਉਸ ਨੇ ਗੁਰਸ਼ਾਨ ਨੂੰ ਉਸਦੀ ਖ਼ਾਮੋਸ਼ੀ ਦਾ ਕਾਰਨ ਪੁੱਛ ਹੀ ਲਿਆ।
ਗੁਰਸ਼ਾਨ ਕਹਿਣ ਲੱਗਾ ‘‘ਪਰਮਿੰਦਰ, ਤੂੰ ਕਦੇ ਸੋਚਿਐ ਕਿ ਆਪਣੇ ਹਰੇਕ ਜਨਮ ਦਿਨ ’ਤੇ ਤੂੰ ਕੇਕ ਕੱਟਦੈ, ਪਕੌੜੇ ਤੇ ਮਠਿਆਇਆਂ ਖਾਂਦੈ, ਤੋਹਫ਼ੇ ਲੈਂਦਾ ਤੇ ਫਿਰ ਉਨ੍ਹਾਂ ਤੋਹਫ਼ਿਆਂ ਨੂੰ ਵਰਤ ਕੇ ਖੁਸ਼ੀ ਪ੍ਰਾਪਤ ਕਰਦੈ, ਪਰ ਦੂਜਿਆਂ ਨੂੰ ਖੁਸ਼ੀ ਦੇਣ ਨਾਲ ਜੋ ਅਨੰਦ ਮਿਲਦੈ ਉਹ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦੈ…’’ ਪਰਮਿੰਦਰ ਨੇ ਉਸਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਬੋਲਿਆ ‘‘ ਯਾਰ ਗੁਰਸ਼ਾਨ, ਗੱਲ ਤਾਂ ਤੂੰ ਬੜੀ ਚੰਗੀ ਕੀਤੀ ਐ, ਪਰ ਸੱਚ ਦੱਸਾਂ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਈ…’’
‘‘ਮੇਰੇ ਕਹਿਣ ਦਾ ਭਾਵ ਹੈ ਕਿ ਆਪਣੇ ਜਨਮ ਦਿਨ ’ਤੇ ਤੂੰ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਪੈਸੇ ਖ਼ਰਚ ਕਰਵਾਉਂਦੈ, ਪਰ ਜੇਕਰ ਤੂੰ ਕਿਧਰੇ ਅਨਾਥ ਆਸ਼ਰਮ ਦੇ ਬੱਚਿਆਂ ਜਾਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਕੋਲ ਜਾ ਕੇ ਉਨ੍ਹਾਂ ਨਾਲ ਰਲ਼ ਕੇ ਆਪਣਾ ਜਨਮ ਦਿਨ ਮਨਾਵੇ, ਉਨ੍ਹਾਂ ਨੂੰ ਪਕੌੜੇ, ਮਠਿਆਈਆਂ, ਫਲ਼ ਜਾਂ ਕੇਕ ਖੁਆਵੇਂ ਤਾਂ ਤੈਨੂੰ  ਜੋ ਆਨੰਦ ਪ੍ਰਾਪਤ ਹੋਵੇਗਾ ਉਹ ਅਕਹਿ ਹੋਵੇਗਾ।’’ ਗੁਰਸ਼ਾਨ ਨੇ ਉਸ ਨੂੰ ਸਮਝਾਉਂਦਿਆਂ ਕਿਹਾ।
ਉਸ ਦੀ ਗੱਲ ਸੁਣ ਕੇ ਰਤਾ ਗੰਭੀਰ ਹੋ ਕੇ ਪਰਮਿੰਦਰ ਬੋਲਿਆਂ ‘‘ ਹਾਂ ਯਾਰ… ਗੱਲ ਤਾਂ ਤੇਰੀ ਬੜੀ ਵਧੀਆ ਐ ਪਰ ਮੈਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ। ਮੈਂ ਹਮੇਸ਼ਾਂ ਆਪਣੀ ਖੁਸ਼ੀ ਬਾਰੇ ਹੀ ਸੋਚਦਾ ਰਿਹਾ ਹਾਂ, ਦੂਜਿਆਂ ਨੂੰ ਖੁਸ਼ੀ ਦੇ ਕੇ ਆਨੰਦ ਪ੍ਰਾਪਤ ਕਰਨ ਬਾਰੇ ਤਾਂ ਮੇਰੇ ਮਨ ’ਚ ਕਦੇ ਖਿਆਲ ਹੀ ਨਹੀਂ ਆਇਆ। ਮੈਂ ਵਾਅਦਾ ਕਰਦਾ ਹਾਂ ਕਿ ਆਪਣਾ ਇਹ ਵਾਲਾ ਤੇ ਆਉਣ ਵਾਲਾ ਹਰੇਕ ਜਨਮ ਦਿਨ ਮੈਂ ਇਸੇ ਤਰ੍ਹਾਂ ਮਨਾਵਾਂਗਾ ਤੇ ਅੱਜ ਹੀ ਮੈਂ ਮੰਮੀ-ਪਾਪਾ ਨਾਲ ਇਸ ਬਾਰੇ ਗੱਲ ਵੀ ਕਰਾਂਗਾ।’’
ਰਾਤ ਨੂੰ ਖਾਣੇ ਦੀ ਮੇਜ਼ ’ਤੇ ਜਦੋਂ ਪਰਮਿੰਦਰ ਨੇ ਆਪਣੇ ਮੰਮੀ-ਪਾਪਾ ਨੂੰ ਨਿਵੇਕਲੇ ਢੰਗ ਨਾਲ ਜਨਮ ਦਿਨ ਮਨਾਉਣ ਦੀ ਆਪਣੀ ਇੱਛਾ ਬਾਰੇ ਦੱਸਿਆ ਤਾਂ ਉਹ ਬੜੇ ਹੀ ਖੁਸ਼ ਹੋਏ। ਉਸਦੇ ਪਾਪਾ ਨੇ ਉਸ ਨੂੰ ਸ਼ਾਬਾਸ਼ ਦਿੰਦਿਆਂ ਘੁੱਟ ਕੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਜਿਸ ਤਰ੍ਹਾਂ ਉਸ ਨੇ ਸੋਚਿਆ ਹੈ, ਉਸੇ ਤਰ੍ਹਾਂ ਹੀ ਹੋਵੇਗਾ। ਅਖ਼ੀਰ ਉਹ ਦਿਨ ਆ ਹੀ ਗਿਆ ਜਿਸ ਦੀ ਪਰਮਿੰਦਰ ਨੂੰ ਬੇਸਬਰੀ ਨਾਲ ਉਡੀਕ ਸੀ। ਆਪਣੇ ਮੰਮੀ-ਪਾਪਾ ਨਾਲ ਸਵੇਰੇ ਉਹ ਅਨਾਥ ਆਸ਼ਰਮ ਚਲਾ ਗਿਆ ਤੇ ਸ਼ਾਮ ਨੂੰ ਬਿਰਧ ਆਸ਼ਰਮ। ਉੱਥੇ ਜਾ ਕੇ ਉਸ ਨੇ ਅਨਾਥ ਬੱਚਿਆਂ ਨਾਲ ਰਲ਼ ਕੇ ਕੇਕ ਕੱਟਿਆ, ਮਠਿਆਈਆਂ ਤੇ ਪਕੌੜੇ ਖਾ ਕੇ ਖ਼ੂਬ ਮਸਤੀ ਕੀਤੀ। ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਫਲ ਤੇ ਮਠਿਆਈਆਂ ਦੇ ਕੇ ਉਸ ਨੂੰ ਜੋ ਖੁਸ਼ੀ ਪ੍ਰਾਪਤ ਹੋਈ, ਉਹ ਖੁਸ਼ੀ ਉਸ ਨੇ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਸੀ ਕੀਤੀ। ਉਸ ਦਾ ਇਹ ਜਨਮ ਦਿਨ ਉਸ ਲਈ ਯਾਦਗਾਰੀ ਹੋ ਨਿੱਬੜਿਆ ਸੀ। ਉਸ ਨੇ ਹੁਣ ਆਪਣਾ ਹਰੇਕ ਜਨਮ ਦਿਨ ਇਸੇ ਤਰ੍ਹਾਂ ਹੀ ਮਨਾਉਣ ਦਾ ਫ਼ੈਸਲਾ ਕਰ ਲਿਆ ਸੀ।

Facebook Comment
Project by : XtremeStudioz