Close
Menu

ਜ਼ਬਾਨ ਦਾ ਰਸ

-- 03 August,2015

ਇਕ ਵਾਰ ਇਕ ਪਿੰਡ ਵਿਚ ਇਕ ਬੁੱਢੀ ਮਾਈ ਰਹਿੰਦੀ ਸੀ | ਉਹ ਬਹੁਤ ਹੀ ਮਿਲਾਪੜੀ, ਦਿਆਲੂ, ਆਓ-ਭਗਤ ਕਰਨ ਵਾਲੀ ਅਤੇ ਸੇਵਾ ਭਾਵਨਾ ਵਾਲੀ ਔਰਤ ਸੀ | ਘਰ ਵਿਚ ਉਸ ਦਾ ਇਕ ਲੜਕਾ 20-22 ਸਾਲ ਦੀ ਉਮਰ ਦਾ ਸੀ, ਜੋ ਘਰ ਦੀ ਥੋੜ੍ਹੀ-ਬਹੁਤ ਖੇਤੀ ਦਾ ਕੰਮ ਦੇਖਦਾ ਸੀ | ਉਸ ਦਾ ਨਾਂਅ ਕਰਨੈਲ ਸੀ, ਪਰ ਉਹ ਬਹੁਤ ਹੀ ਸਾਧਾਰਨ ਬੁੱਧੀ ਦਾ ਮਾਲਕ ਸੀ | ਉਹ ਉੱਚਾ-ਲੰਬਾ ਜਵਾਨ ਸੀ, ਪਰ ਰੰਗ ਵੱਲੋਂ ਥੋੜ੍ਹਾ ਕਾਲਾ ਅਤੇ ਜ਼ਮੀਨ ਘੱਟ ਹੋਣ ਕਾਰਨ ਵਿਆਹਿਆ ਹੋਇਆ ਵੀ ਨਹੀਂ ਸੀ | ਉਨ੍ਹਾਂ ਨੇ ਇਕ ਬਹੁਤ ਹੀ ਵਧੀਆ ਮੱਝ ਰੱਖੀ ਹੋਈ ਸੀ, ਜੋ ਚੰਗਾ ਦੁੱਧ ਦਿੰਦੀ ਸੀ | ਉਨ੍ਹਾਂ ਦਾ ਗੁਜ਼ਾਰਾ ਠੀਕ-ਠਾਕ ਚੱਲ ਰਿਹਾ ਸੀ |
ਮਾਈ ਦਾ ਘਰ ਬਹੁਤ ਹੀ ਪੁਰਾਣੀ ਕਿਸਮ ਦਾ ਅੱਧ-ਪੱਕਾ ਜਿਹਾ ਸੀ ਅਤੇ ਦਰਵਾਜ਼ੇ ਵੀ ਤੰਗ ਅਤੇ ਛੋਟੇ ਸਨ | ਘਰ ਦੇ ਕਮਰੇ ਵੱਡੇ-ਵੱਡੇ ਅਤੇ ਖੁੱਲ੍ਹੇ ਸਨ | ਦੋਵੇਂ ਮਾਂ-ਪੁੱਤ ਇਕ-ਦੂਜੇ ਨੰੂ ਬਹੁਤ ਪਿਆਰੇ ਸਨ ਅਤੇ ਦੋਵਾਂ ਨੰੂ ਪਿਆਰੀ ਸੀ ਉਨ੍ਹਾਂ ਦੀ ਉਹ ਮੱਝ | ਪਿੰਡ ਵਿਚ ਕਿਸੇ ਵੀ ਆਏ ਬਾਹਰਲੇ ਵਿਅਕਤੀ ਜਾਂ ਗਰੀਬ-ਗੁਰਬੇ ਦੀ ਸੇਵਾ ਲਈ ਮਾਈ ਨਿਹਾਲੋ ਸਦਾ ਤਿਆਰ ਰਹਿੰਦੀ ਸੀ ਅਤੇ ਆਪਣੇ ਘਰੋਂ ਹੀ ਰੋਟੀ-ਪਾਣੀ ਦੀ ਸੇਵਾ ਕਰਦੀ ਸੀ | ਪਿੰਡ ਦੇ ਸਾਰੇ ਲੋਕ ਇਸ ਕੰਮ ਲਈ ਮਾਈ ਦੀਆਂ ਸਿਫਤਾਂ ਕਰਦੇ ਸਨ | ਉਂਜ ਵੀ ਪਿੰਡ ਵਿਚ ਕੋਈ ਸਾਧੂ-ਸੰਤ, ਮਹਾਤਮਾ ਆਉਂਦਾ ਤਾਂ ਮਾਈ ਦੇ ਘਰ ਹੀ ਲੰਗਰ-ਪਾਣੀ ਛਕਦਾ | ਘਰ ਮੱਝ ਹੋਣ ਕਰਕੇ ਦੁੱਧ-ਪਾਣੀ ਘਰ ਦਾ ਸੀ, ਇਸ ਲਈ ਉਸ ਨੰੂ ਕੋਈ ਔਖ ਨਹੀਂ ਸੀ ਆਉਂਦੀ |
ਇਕ ਦਿਨ ਪਿੰਡ ਵਿਚ ਤਿੰਨ ਸਾਧੂ ਆ ਗਏ | ਦੁਪਹਿਰ ਦੀ ਰੋਟੀ ਦਾ ਸਮਾਂ ਸੀ | ਉਨ੍ਹਾਂ ਨੰੂ ਕਿਸੇ ਨੇ ਮਾਈ ਦੇ ਘਰ ਦੀ ਦੱਸ ਪਾ ਦਿੱਤੀ ਅਤੇ ਉਹ ਮਾਈ ਨਿਹਾਲੋ ਦੇ ਘਰ ਪਹੁੰਚ ਗਏ | ਭਗਵੇਂ ਕੱਪੜਿਆਂ ਵਿਚ ਤਿੰਨ ਸਾਧੂਆਂ ਨੰੂ ਦੇਖ ਕੇ ਮਾਈ ਨੰੂ ਚਾਅ ਚੜ੍ਹ ਗਿਆ | ਉਸ ਨੇ ਉਨ੍ਹਾਂ ਨੰੂ ਅੰਦਰ ਇਕ ਵੱਡੇ ਕਮਰੇ ਵਿਚ ਵੱਡੇ ਪਲੰਘ ‘ਤੇ ਬਿਠਾ ਦਿੱਤਾ | ਜਲ-ਪਾਣੀ ਛਕਾਉਣ ਤੋਂ ਬਾਅਦ ਉਨ੍ਹਾਂ ਲਈ ਚਾਹ ਬਣਾਈ ਅਤੇ ਇਸ ਦੇ ਨਾਲ ਚੁੱਲ੍ਹੇ ਉੱਤੇ ਤੌੜੀ ਧਰ ਰੋਟੀ ਲਈ ਮਾਂਹਾਂ ਦੀ ਦਾਲ ਬਣਾਉਣ ਲੱਗ ਪਈ | ਮਾਈ ਦੀ ਸੇਵਾ ਦੇਖ ਕੇ ਸਾਧੂ ਬਹੁਤ ਖੁਸ਼ ਹੋਏ ਪਰ ਉਹ ਪਖੰਡੀ ਸਾਧੂ ਸਨ, ਸੰਤਾਂ ਵਾਲੀ ਉਨ੍ਹਾਂ ਵਿਚ ਕੋਈ ਗੱਲ ਨਹੀਂ ਸੀ | ਉਹ ਤਾਂ ਕੰਮ-ਕਾਜ ਤੋਂ ਡਰੇ ਵਿਹਲੜ ਸਾਧ ਸਨ | ਮਾਈ ਨੰੂ ਇਸ ਗੱਲ ਦਾ ਪਤਾ ਨਹੀਂ ਸੀ, ਪਰ ਉਹ ਤਾਂ ਆਪਣੇ ਸੁਭਾਅ ਮੁਤਾਬਿਕ ਸੇਵਾ ਵਿਚ ਲੀਨ ਸੀ | ਕਰਨੈਲ ਮੱਝ ਨੰੂ ਨਹਾਉਣ ਅਤੇ ਉਸ ਦੀ ਸੇਵਾ ਵਿਚ ਹੀ ਲੱਗਿਆ ਰਿਹਾ |
ਸਾਧੂ ਆਪਣੀਆਂ ਗੱਲਾਂ ਵਿਚ ਲੱਗ ਗਏ ਅਤੇ ਮਾਈ ਦਾਲ ਵਾਲੇ ਚੁੱਲ੍ਹੇ ਦੇ ਨਾਲ ਹੀ ਦੂਜੇ ਚੁੱਲ੍ਹੇ ਉੱਤੇ ਰੋਟੀਆਂ ਪਕਾਉਣ ਲੱਗ ਗਈ | ਉਸ ਨੰੂ ਸਾਧੂਆਂ ਦੀਆਂ ਗੱਲਾਂ ਆਰਾਮ ਨਾਲ ਸੁਣ ਰਹੀਆਂ ਸਨ | ਇਹ ਸੋਚ ਕੇ ਕਿ ਸਾਧੂ ਕੋਈ ਧਰਮ ਗਿਆਨ ਦੀ ਗੱਲ ਕਰਨਗੇ, ਆਪਣੇ ਕੰਨ ਉਨ੍ਹਾਂ ਦੀਆਂ ਗੱਲਾਂ ਵੱਲ ਹੀ ਰੱਖੇ |
ਹੁਣ ਪਹਿਲਾ ਸਾਧੂ ਬੋਲਿਆ, ‘ਦੇਖੋ! ਮਾਈ ਦਾ ਘਰ ਕਿੰਨਾ ਪੁਰਾਣਾ ਏ, ਜੇ ਇਹ ਢਹਿ ਗਿਆ ਤਾਂ ਮਾਈ ਅਤੇ ਉਸ ਦਾ ਮੁੰਡਾ ਕਿੱਥੇ ਰਹਿਣਗੇ?’ ਫਿਰ ਦੂਜਾ ਬੋਲਿਆ, ‘ਘਰ ਦੀ ਤਾਂ ਕੋਈ ਗੱਲ ਨਹੀਂ, ਇਸ ਦੇ ਦਰਵਾਜ਼ੇ ਦੇਖੋ ਕਿੰਨੇ ਛੋਟੇ ਅਤੇ ਤੰਗ ਹਨ | ਜੇ ਬੁੱਢੀ ਦੀ ਮੱਝ ਮਰ ਗਈ ਤਾਂ ਉਸ ਨੰੂ ਬਾਹਰ ਕਿਵੇਂ ਕੱਢੇਗੀ?’ ਉਹ ਕੁਝ ਸੋਚਾਂ ਵਿਚ ਪੈ ਗਏ | ਹੁਣ ਤੀਜੇ ਤੋਂ ਵੀ ਰਿਹਾ ਨਾ ਗਿਆ, ਉਹ ਵੀ ਉੱਚੀ ਸਾਰੀ ਬੋਲਿਆ, ‘ਤੁਸੀ ਮੱਝ ਦੀ ਗੱਲ ਤਾਂ ਛੱਡੋ, ਜੇ ਇਸ ਦਾ ਮੁੰਡਾ ਮਰ ਗਿਆ ਤਾਂ ਦਰਵਾਜ਼ਿਆਂ ਵਿਚੋਂ ਤਾਂ ਉਹ ਵੀ ਨਹੀਂ ਕੱਢ ਹੋਣਾ | ਇਹ ਤਾਂ ਬੁੱਢੀ ਵਾਸਤੇ ਸਮੱਸਿਆ ਬਣ ਜਾਵਗੀ |’
ਬੁੱਢੀ ਮਾਈ ਨੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਪਰ ਉਹ ਸਬਰ ਕਰਕੇ ਫਿਰ ਵੀ ਚੁੱਪ ਰਹੀ | ਉਸ ਨੇ ਸੋਚਿਆ ਕਿ ਇਹ ਤਾਂ ਕੋਈ ਮੂਰਖ ਸਾਧ ਲਗਦੇ ਹਨ | ਇਨ੍ਹਾਂ ਨੰੂ ਧਰਮ-ਗਿਆਨ ਦੀ ਕੋਈ ਸੋਝੀ ਨਹੀਂ | ਪਰ ਇਨ੍ਹਾਂ ਦੀ ਖ਼ਬਰ ਲੈਣੀ ਜ਼ਰੂਰੀ ਬਣਦੀ ਹੈ, ਤਾਂ ਕਿ ਆਪਣੇ ਪਖੰਡ ਨਾਲ ਹੋਰ ਲੋਕਾਂ ਨੰੂ ਲੁੱਟਦੇ ਨਾ ਫਿਰਨ | ਹੁਣ ਮਾਈ ਨੇ ਉਨ੍ਹਾਂ ਲਈ ਪਕਾਈਆਂ ਸਾਰੀਆਂ ਰੋਟੀਆਂ ਅਤੇ ਗਰਮ-ਗਰਮ ਦਾਲ ਉਨ੍ਹਾਂ ਤਿੰਨਾਂ ਦੇ ਪੱਲਿਆਂ ਵਿਚ ਪਾ ਦਿੱਤੀ ਅਤੇ ਕਿਹਾ, ‘ਜਲਦੀ ਜਾਓ, ਅਤੇ ਇਹ ਰੋਟੀਆਂ ਬਾਹਰ ਜਾ ਕੇ ਖਾ ਲੈਣੀਆਂ |’ ਉਸੇ ਸਮੇਂ ਮਾਈ ਨੇ ਕਰਨੈਲ ਨੰੂ ਆਵਾਜ਼ ਮਾਰੀ, ‘ਕਰਨੈਲ ਪੁੱਤ! ਛੇਤੀ ਡਾਂਗ ਲੈ ਕੇ ਆ, ਸੰਤਾਂ ਦੀ ਸੇਵਾ ਕਰਨੀ ਏ |’
ਡਾਂਗ ਦਾ ਨਾਂਅ ਸੁਣ ਕੇ ਤਿੰਨੇ ਸਾਧ ਆਪਣੇ ਪੱਲੇ ਫੜ ਕੇ ਗਲੀ ਵਿਚ ਦੌੜ ਗਏ | ਗਰਮ-ਗਰਮ ਦਾਲ ਉਨ੍ਹਾਂ ਦੇ ਪੱਲਿਆਂ ਵਿਚੋਂ ਰਿਸਦੀ ਜਾਂਦੀ ਸੀ | ਕਦੇ ਉਨ੍ਹਾਂ ਦੇ ਪੈਰਾਂ ‘ਤੇ ਪੈਂਦੀ ਤਾਂ ਹੌਲੀ ਜਿਹੇ ਚੀਸ ਵੱਟ ਲੈਂਦੇ | ਬਾਹਰ ਸੱਥ ਵਿਚ ਬੈਠੇ ਕੁਝ ਆਦਮੀਆਂ ਨੇ ਉਨ੍ਹਾਂ ਨੰੂ ਪੁੱਛਿਆ, ‘ਸੰਤੋ! ਇਹ ਕੀ ਹੋ ਰਿਹਾ ਹੈ, ਤੁਹਾਡੇ ਪੱਲਿਆਂ ਵਿਚੋਂ ਕੀ ਰਿਸ ਰਿਹਾ ਹੈ |’ ਸੰਤਾਂ ਵਿਚੋਂ ਵੱਡੀ ਉਮਰ ਦੇ ਸੰਤ ਨੇ ਕੇਵਲ ਏਨਾ ਹੀ ਕਿਹਾ, ‘ਇਹ ਸਾਡੀ ਜ਼ਬਾਨ ਦਾ ਰਸ ਏ |’ ਇਹ ਕਹਿ ਕੇ ਸਾਧੂ ਤੇਜ਼ੀ ਨਾਲ ਪਿੰਡ ਵਿਚੋਂ ਬਾਹਰ ਭੱਜ ਗਏ |
ਇਸ ਤਰ੍ਹਾਂ ਬੱਚਿਓ! ਤੁਸੀਂ ਦੇਖਿਆ ਕਿ ਜ਼ਬਾਨ ਕੀ-ਕੀ ਰੰਗ ਦਿਖਾਉਂਦੀ ਹੈ | ਇਸੇ ਲਈ ਤਾਂ ਸਿਆਣਿਆਂ ਨੇ ਕਿਹਾ ਹੈ ਕਿ ‘ਪਹਿਲਾਂ ਤੋਲੋ-ਫਿਰ ਬੋਲੋ |’ ਹਰ ਮਨੁੱਖ ਦੀ ਚੰਗੀ ਜ਼ਬਾਨ ਸਤਿਕਾਰ ਵਧਾਉਂਦੀ ਹੈ ਅਤੇ ਮਾੜੀ ਨਿਰਾਦਰ ਕਰਵਾਉਂਦੀ ਹੈ | ਇਸ ਲਈ ਤੁਹਾਨੰੂ ਛੋਟਿਆਂ ਨੰੂ ਪਿਆਰ ਅਤੇ ਵੱਡਿਆਂ ਨੰੂ ਸਤਿਕਾਰ ਨਾਲ ਬੁਲਾਉਣਾ ਚਾਹੀਦਾ ਹੈ | ਕਿਸੇ ਦੀਆਂ ਮਿੱਠੀਆਂ ਗੱਲਾਂ ਉਸ ਦੇ ਸੁਭਾਅ ਅਤੇ ਚਰਿੱਤਰ ਦਾ ਦਰਪਣ ਹੁੰਦੀਆਂ ਹਨ |

Facebook Comment
Project by : XtremeStudioz