Close
Menu

ਜੂਲੀਅਨ ਅਸਾਂਜ ਨੂੰ ਯੂਕੇ ’ਚ 50 ਹਫ਼ਤਿਆਂ ਦੀ ਕੈਦ

-- 02 May,2019

ਲੰਡਨ, 2 ਮਈ
ਵਿਕੀਲੀਕਸ ਦੇ ਸਹਿ-ਬਾਨੀ ਜੂਲੀਅਨ ਅਸਾਂਜ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹੇਠ ਯੂਕੇ ਦੀ ਅਦਾਲਤ ਨੇ 50 ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਨੇ ਅਸਾਂਜ (47) ਦੀ ਇਕੁਆਡੋਰ ਦੇ ਸਫ਼ਾਰਤਖਾਨੇ ’ਚੋਂ ਲੰਘੇ ਮਹੀਨੇ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ ਐਕਟ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਉਸ ਨੇ ਸਵੀਡਨ ਵਿਚ 2012 ’ਚ ਲੱਗੇ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਾਅਦ ਲੰਡਨ ਸਥਿਤ ਇਕੁਆਡੋਰ ਦੂਤਾਵਾਸ ’ਚ ਸ਼ਰਨ ਲਈ ਹੋਈ ਸੀ। ਅਦਾਲਤ ਨੇ ਕਿਹਾ ਕਿ ਅਸਾਂਜ ਨੇ ਜ਼ਮਾਨਤ ਸ਼ਰਤਾਂ ਦੀ ਗੰਭੀਰ ਉਲੰਘਣਾ ਕੀਤੀ ਹੈ। ਜੱਜ ਨੇ ਕਿਹਾ ਕਿ ‘ਸਫ਼ਾਰਤਖਾਨੇ ਵਿਚ ਲੁਕ ਕੇ ਅਸਾਂਜ ਨੇ ਯੂਕੇ ਵਿਚ ਖ਼ੁਦ ਨੂੰ ਪਹੁੰਚ ਤੋਂ ਦੂਰ ਕਰ ਲਿਆ’। ਦੂਜੇ ਸ਼ਬਦਾਂ ਵਿਚ ਇਹ ਜਾਣਬੁੱਝ ਕੇ ਕੀਤੀ ਨਿਆਂ ਦੀ ਉਲੰਘਣਾ ਜਾਂ ਉਸ ਵਿਚ ਦੇਰੀ ਕਰਨ ਦੇ ਦਾਇਰੇ ਵਿਚ ਆਉਂਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਅਸਾਂਜ ਨੇ ਮਿਲੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਾਨੂੰਨ ਨੂੰ ਟਿੱਚ ਜਾਣਨ ਲਈ ਕੀਤੀ। ਇਸ ਨਾਲ ਦੁਨੀਆ ਭਰ ਵਿਚ ਇਹ ਸੁਨੇਹਾ ਗਿਆ ਕਿ ਅਸਾਂਜ ਨੂੰ ਯੁੂਕੇ ਦੇ ਕਾਨੂੰਨਾਂ ਦੀ ਪ੍ਰਵਾਨ ਨਹੀਂ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਾਫ਼ੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਜੂਲੀਅਨ ਅਸਾਂਜ ਨੇ ਅਦਾਲਤ ਵਿਚ ਪੜ੍ਹੇ ਪੱਤਰ ’ਚ ਕਿਹਾ ਕਿ ‘ਉਹ ਬੇਹੱਦ ਮੁਸ਼ਕਲ ਭਰੀਆਂ ਸਥਿਤੀਆਂ ਨਾਲ ਜੂਝ ਰਿਹਾ ਸੀ’ ਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਦਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਸ ਨੇ ਉਨ੍ਹਾਂ ਦਾ ‘ਨਿਰਾਦਰ’ ਕੀਤਾ। ਜੂਲੀਅਨ ਨੇ ਕਿਹਾ ਕਿ ਅਜਿਹਾ ਕਰਨ ਦੀ ਨਾ ਤਾਂ ਉਸ ਦੀ ਕੋਈ ਯੋਜਨਾ ਸੀ ਤੇ ਨਾ ਹੀ ਉਹ ਅਜਿਹਾ ਕਰਨਾ ਚਾਹੁੰਦਾ ਸੀ।

Facebook Comment
Project by : XtremeStudioz