Close
Menu

ਝੂਠ ਦੇ ਪੈਰ

-- 02 March,2017

ਰਾਜਨ ਪੜ੍ਹਾਈ ਵਿੱਚ ਹੁਸ਼ਿਆਰ ਹੁੰਦਿਆਂ ਵੀ ਅਧਿਆਪਕਾਂ ਤੇ ਮਾਪਿਆਂ ਤੋਂ ਝਿੜਕਾਂ ਖਾਂਦਾ ਸੀ। ਆਪਣੇ ਜ਼ਿੱਦੀ ਸੁਭਾਅ ਕਾਰਨ ਜਦੋਂ ਵੀ ਉਹ ਕੋਈ ਗ਼ਲਤੀ ਕਰਦਾ ਤਾਂ ਬਚਾਅ ਲਈ ਝੂਠ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਾ ਕਰਦਾ। ਉਸ ਦੇ ਮੰਮੀ-ਪਾਪਾ ਨੇ ਕਈ ਵਾਰੀ ਉਸ ਨੂੰ ਸਮਝਾਇਆ ਸੀ ਕਿ ਹਰ   ਗੱਲ ’ਤੇ ਜ਼ਿੱਦ ਪੁਗਾਉਣਾ ਤੇ ਝੂਠ ਬੋਲਣਾ ਚੰਗੀ ਆਦਤ ਨਹੀਂ ਪਰ ਇਹ ਗੱਲਾਂ ਉਸਦੇ ਸਿਰ ਤੋਂ ਲੰਘ ਜਾਂਦੀਆਂ ਸਨ।
ਇੱਕ ਸਵੇਰ ਰਾਜਨ ਨੇ ਕਿਸੇ ਗੱਲ ਨੂੰ ਲੈ ਕੇ  ਮੰਮੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੂੰ ਸਕੂਲ ਦੇ ਸਮੇਂ ਦਾ ਖਿਆਲ ਨਾ ਰਿਹਾ। ਜਦੋਂ ਤਕ ਮੰਮੀ ਨੇ ਉਸ ਨੂੰ ਮਨਾਇਆ ਉਹ ਸਕੂਲ ਤੋਂ ਲੇਟ ਸੀ। ਉਸ ਦੇ ਸਕੂਲ ਵਿੱਚ ਸਖ਼ਤ ਅਨੁਸ਼ਾਸਨ ਸੀ ਕਿ ਜੋ ਬੱਚਾ ਪੰਜ ਮਿੰਟ ਵੀ ਲੇਟ ਹੋ ਜਾਵੇ, ਉਸ ਨੂੰ ਕਲਾਸ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ। ਪਿਛਲੇ ਦਿਨੀਂ ਉਹ ਜਦੋਂ ਸਕੂਲੋਂ ਲੇਟ ਹੋ ਗਿਆ ਸੀ ਤਾਂ ਘਰ ਵਾਪਸੀ ’ਤੇ ਮੰਮੀ-ਪਾਪਾ ਵੱਲੋਂ ਖ਼ੂਬ ਝਿੜਕਾਂ ਪਈਆਂ ਸਨ। ਅੱਜ ਫਿਰ ਉਹੀ ਹਾਲਾਤ ਸੀ। ਉਸ ਨੂੰ ਸਕੂਲ ਗੇਟ ਤੋਂ ਹੀ ਗੇਟਕੀਪਰ ਨੇ ਮੋੜ ਦਿੱਤਾ। ਮਸੋਸੇ ਮਨ ਨਾਲ ਜਦੋਂ ਉਹ ਰਸਤੇ ਵਿੱਚ ਪਹੁੰਚਿਆ ਤਾਂ ਉਸ ਨੂੰ ਯਾਦ ਆਇਆ ਕਿ ਅੱਜ ਫਿਰ ਉਸ ਨੂੰ ਮੰਮੀ-ਪਾਪਾ ਦੀ ਡਾਂਟ ਖਾਣੀ ਪਵੇਗੀ। ਹੁਣ ਕੀ ਕੀਤਾ ਜਾਵੇ? ਸਕੂਲ ਵਿੱਚ ਉਹ ਜਾ ਨਹੀਂ ਸੀ ਸਕਦਾ। ਉਸ ਨੇ ਕੁਝ ਅਜਿਹਾ ਸੋਚਿਆ ਜਿਸ ਨਾਲ ਸੱਪ ਵੀ ਮਰ ਜਾਵੇ ਤੇ ਲਾਠੀ ਨਾ ਟੁੱਟੇ। ਉਹ ਘਰ ਜਾਣ ਦੀ ਬਜਾਏ ਸਕੂਲ ਤੋਂ ਕੁਝ ਹੀ ਦੂਰ ਬਣੇ ਸਿਨਮਾ ਘਰ ਵੱਲ ਚੱਲ ਪਿਆ। ਉਸ ਨੇ ਪਾਪਾ ਕੋਲੋਂ ਅੰਗਰੇਜ਼ੀ ਦੀ ਗਾਈਡ ਖਰੀਦਣ ਲਈ 200 ਰੁਪਏ ਲਏ ਸਨ। ਉਸ ਦਾ ਇਰਾਦਾ ਫ਼ਿਲਮ ਦੇਖਣ ਦਾ ਹੋ ਗਿਆ। ਪਰ ਸਕੂਲ ਬੈਗ ਦਾ ਕੀ ਕੀਤਾ ਜਾਵੇ? ਇਸ ਨਾਲ ਤਾਂ ਹਰ ਕੋਈ ਪਛਾਣ ਜਾਵੇਗਾ ਕਿ ਉਹ ਸਕੂਲ ਦਾ ਵਿਦਿਆਰਥੀ ਹੈ। ਉਸ ਨੇ ਦਿਮਾਗ਼ ਲਗਾਇਆ ਤੇ ਆਪਣਾ ਸਕੂਲ ਬੈਗ ਸਿਨਮਾ ਦੇ ਸਾਹਮਣੇ ਬਣੇ ਪਾਰਕ ਵਿੱਚ ਫੁੱਲਾਂ ਦੀ ਕਿਆਰੀ ਵਿੱਚ ਛੁਪਾ ਦਿੱਤਾ ਤਾਂ ਕਿ ਫ਼ਿਲਮ ਦੇਖਣ ਉਪਰੰਤ ਉਹ ਇਸ ਨੂੰ ਇੱਥੋਂ ਚੁੱਕ ਲਵੇ। ਉਸਨੇ ਸਿਨਮਾ ਘਰ ਜਾ ਕੇ ਟਿਕਟ ਖਰੀਦੀ ਤੇ ਫ਼ਿਲਮ ਦਾ ਆਨੰਦ ਮਾਣਿਆ। ਫ਼ਿਲਮ ਖ਼ਤਮ ਹੋਣ ਉਪਰੰਤ ਉਹ ਵਾਪਸ ਜਦੋਂ ਪਾਰਕ ਵਿੱਚ ਬੈਗ ਚੁੱਕਣ ਆਇਆ ਤਾਂ ਬੈਗ ਉੱਥੇ ਮੌਜੂਦ ਨਹੀਂ ਸੀ। ਰਾਜਨ ਦੇ ਚਿਹਰੇ ਦਾ ਰੰਗ ਉੱਡ ਗਿਆ। ਦਿਮਾਗ਼ ਜਿਵੇਂ ਕੰਮ ਕਰਨੋਂ ਹਟ ਗਿਆ ਸੀ। ਉਸ ਨੂੰ ਮੰਮੀ ਦੀਆਂ ਝਿੜਕਾਂ ਤੇ ਪਾਪਾ ਦੀ ਮਾਰ ਨਜ਼ਰ ਆ ਰਹੀ ਸੀ। ਫਿਰ ਕੀਤਾ ਕੀ ਜਾਵੇ? ਆਖ਼ਿਰ ਉਹ ਇੱਕ ਹੋਰ ਝੂਠ ਮਨ ਵਿੱਚ ਘੜ ਕੇ ਘਰ ਪਹੁੰਚਿਆ ਤੇ ਨਕਲੀ ਹੰਝੂ ਵਹਾਉਂਦਾ ਹੋਇਆ ਬੋਲਿਆ,‘ਮੰਮੀ, ਅੱਜ ਜਦੋਂ ਮੈਂ ਸਕੂਲ ਤੋਂ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਕੋਈ ਮੇਰਾ ਬੈਗ ਖੋਹ ਕੇ ਦੌੜ ਗਿਆ। ਪਾਪਾ ਦੇ ਦਿੱਤੇ 200 ਰੁਪਏ ਵੀ ਉਸ ਵਿੱਚ ਸਨ। ਮੈਂ  ਰੌਲਾ ਪਾਇਆ ਪਰ ਰਸਤੇ ਵਿੱਚ ਕੋਈ ਨਹੀਂ ਸੀ ਜੋ ਮੇਰੀ ਮਦਦ ਕਰਦਾ।’ ਤਦੇ ਇੱਕ ਚਪੇੜ ਰਾਜਨ ਦੀ ਗੱਲ੍ਹ ’ਤੇ ਰਸੀਦ ਹੋ ਗਈ।
‘ਗੁਸਤਾਖ਼ ਇੱਕ ਤਾਂ  ਗ਼ਲਤੀ ਕਰਦਾ ਹੈ। ਫਿਰ ਝੂਠ ’ਤੇ ਝੂਠ ਬੋਲ ਰਿਹਾ ਹੈ। ਤੇਰਾ ਬੈਗ ਕਿਸੇ ਨੇ ਖੋਹਿਆ ਨਹੀਂ…ਆਹ ਰਿਹਾ ਤੇਰਾ ਬੈਗ..।’ ਕਹਿ ਕੇ ਉਸ ਦੇ ਪਾਪਾ ਨੇ ਨਾਲ ਦੇ ਕਮਰੇ ਵਿੱਚੋਂ ਉਸ ਦਾ ਬੈਗ ਚੁੱਕ ਕੇ ਉਸ ਨੂੰ ਦਿਖਾਉਂਦੇ ਕਿਹਾ। ਹੁਣ ਰਾਜਨ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ ਸੀ। ਉਸ ਕੋਲ ਕੋਈ ਜਵਾਬ ਨਹੀਂ ਸੀ। ਮਨ ਵਿੱਚ ਹੀ ਇੱਕ ਖਿਆਲ ਵਾਰ-ਵਾਰ ਆ ਰਿਹਾ ਸੀ ਕਿ ਆਖ਼ਿਰ ਉਸ ਦਾ ਸਕੂਲ ਬੈਗ ਪਾਪਾ ਕੋਲ ਕਿਵੇਂ ਪਹੁੰਚਿਆ?
‘ਮੈਂ ਦੱਸਦਾ ਹਾਂ… ਇਹ ਬੈਗ ਮੇਰੇ ਕੋਲ ਕਿਵੇਂ ਆਇਆ।’ ਉਸ ਦੇ ਪਾਪਾ ਨੇ ਜਿਵੇਂ ਉਸ ਦੇ ਮਨ ਵਿੱਚ ਆਏ ਸਵਾਲ ਨੂੰ ਭਾਂਪ ਲਿਆ ਸੀ ਤੇ ਉਸ ਦਾ ਜਵਾਬ ਦਿੰਦੇ ਹੋਏ ਬੋਲੇ, ‘ ਤੂੰ ਜਿਸ ਪਾਰਕ ਵਿੱਚ ਬੈਗ ਛੁਪਾ ਕੇ ਆਇਆ ਸੀ, ਉਸ ਦੇ ਮਾਲੀ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਬੱਚੇ ਦਾ ਬੈਗ ਉਸ ਨੂੰ ਪਾਰਕ ਵਿੱਚੋਂ ਮਿਲਿਆ ਹੈ ਕਿਉਂਕਿ ਮੇਰਾ ਮੋਬਾਈਲ ਨੰਬਰ ਤੇਰੀਆਂ ਕਾਪੀਆਂ ’ਤੇ ਲਿਖਿਆ ਹੋਇਆ  ਸੀ। ਹੁਣ ਇਸ ਤੋਂ ਪਹਿਲਾਂ ਕਿ ਤੂੰ ਹੋਰ ਝੂਠ ਬੋਲੇਂ ਸੱਚ-ਸੱਚ ਦੱਸ ਕਿੱਥੋਂ ਆ ਰਿਹਾ ਹੈ…?’
ਰਾਜਨ ਕੋਲ ਹੋਰ ਝੂਠ ਬੋਲਣ ਦੀ ਹਿੰਮਤ ਨਹੀਂ ਸੀ। ਉਸ ਨੇ ਸਭ  ਕੁਝ ਸੱਚ ਦੱਸ ਦਿੱਤਾ ਤੇ ਨਾਲ ਹੀ ਰੋਂਦਾ ਹੋਇਆ ਬੋਲਿਆ, ‘ਪਾਪਾ, ਮੈਨੂੰ ਨਹੀਂ ਸੀ ਪਤਾ ਕਿ ਮੇਰੇ ਇੱਕ ਝੂਠ ਛੁਪਾਉਣ ਦੀ ਖ਼ਾਤਰ ਮੈਨੂੰ ਕਈ ਝੂਠਾਂ ਦਾ ਸਹਾਰਾ ਲੈਣਾ ਪਵੇਗਾ। ਤੁਸੀਂ ਠੀਕ ਕਿਹਾ ਸੀ ਮੇਰਾ ਜ਼ਿੱਦੀ ਸੁਭਾਅ ਮੈਨੂੰ ਗ਼ਲਤ ਰਸਤੇ ’ਤੇ ਲਿਜਾ ਸਕਦਾ ਹੈ। ਅੱਜ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ। ਮੈਨੂੰ ਮੁਆਫ਼ ਕਰ ਦਿਓ…।’ ਰਾਜਨ ਨੂੰ ਅੱਜ ਲੱਗਾ ਕਿ ਪੜ੍ਹਾਈ ਵਿੱਚ  ਹੁਸ਼ਿਆਰ ਹੁੰਦਿਆਂ ਵੀ ਉਹ ਆਪਣੇ ਮਾਪਿਆਂ ਸਾਹਮਣੇ ਕਿਸੇ ਅਪਰਾਧੀ ਵਾਂਗ ਖੜ੍ਹਾ  ਹੈ। ਉਸ ਨੂੰ ਆਪਣੇ ਸੁਭਾਅ ਵਿੱਚ ਬਦਲਾਅ ਕਰਨ ਦੀ ਲੋੜ ਹੈ। ਇਸ ਘਟਨਾ ਨੇ ਰਾਜਨ ਨੂੰ ਕਾਫ਼ੀ ਬਦਲ ਦਿੱਤਾ। ਉਸ ਨੇ ਸੰਕਲਪ ਕਰ ਲਿਆ ਕਿ ਹੁਣ ਉਹ ਕਦੇ ਵੀ ਜ਼ਿੱਦ ਨਹੀਂ ਕਰੇਗਾ ਤੇ ਝੂਠ ਤਾਂ ਬਿਲਕੁਲ ਹੀ ਨਹੀਂ ਬੋਲੇਗਾ।

Facebook Comment
Project by : XtremeStudioz