Close
Menu

ਝੂਠ ਬਿਨਾਂ ਗੁਜ਼ਾਰਾ

-- 09 August,2013

Untitled-1-copy1

ਚਾਹੇ ਝੂਠ ਮਾੜਾ ਹੈ ਪਰ ਮਾਤ ਲੋਕੀ ਖੇਡ ਤਮਾਸ਼ੇ ਵਿਚ ਆਮ ਬੰਦੇ ਦਾ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ। ਮਹਾਤਮਾ ਗਾਂਧੀ ਜਿਹੇ ਮਹਾਪੁਰਸ਼ ਜਾਂ ਹੋਰ ਪੀਰ ਪੈਗੰਬਰਾਂ ਦਾ ਗੁਜ਼ਾਰਾ ਤਾਂ ਹੋ ਜਾਂਦਾ ਹੈ ਕਿਉਂਕਿ ਉਹ ਸੱਚ ਲਈ ਫਾਂਸੀ ‘ਤੇ ਚੜ੍ਹਨ ਲਈ ਵੀ ਤਿਆਰ ਰਹਿੰਦੇ ਹਨ। ਪ੍ਰੰਤੂ ਆਮ ਬੰਦੇ ਲਈ ਇੰਝ ਅਸੰਭਵ ਹੈ। ਉਸ ਨੂੰ ਤਾਂ ਚੋਣਾਂ ਵੇਲੇ ਵੋਟ ਮੰਗਣ ਆਏ ਕੋਲ ਝੂਠ ਬੋਲ ਕੇ ਸਾਰਨਾ ਪੈਂਦਾ ਹੈ। ਹਰੇਕ ਉਮੀਦਵਾਰ ਨੂੰ ਹੱਥ ਜੋੜ ਕੇ ਵੋਟ ਲਈ ਹਾਂ ਕਹਿੰਦਾ ਹੈ ਚਾਹੇ ਵੋਟ ਪੈਣੀ ਇਕ ਨੂੰ ਹੀ ਹੁੰਦੀ ਹੈ। ਸੱਚ ਬੋਲਣ ਨਾਲ ਬੇਲੋੜੀ ਨਾਰਾਜ਼ਗੀ ਪੈਦਾ ਹੋ ਜਾਂਦੀ ਹੈ ਜੋ ਕਈ ਵਾਰ ਮਹਿੰਗੀ ਪੈਂਦੀ ਹੈ। ਪਰਿਵਾਰ ਵਾਲੇ ਹੀ ਸੱਚ ਆਖਣ ‘ਤੇ ਫਿੱਟ ਲਾਹਨਤ ਪਾਉਣ ਲੱਗ ਪੈਂਦੇ ਹਨ ਕਿਉਂਕਿ ਸੱਚ ਨਾਲ ਪੁਆੜਾ ਪੈਣ ਦੇ ਚਾਂਸ ਹੁੰਦੇ ਹਨ, ਸੱਚ ਕੁੜੱਤਣ ਜੋ ਪੈਦਾ ਕਰਦਾ ਹੈ।
ਦੁਕਾਨਦਾਰੀ ਸਾਡੇ ਬਹੁਤ ਹਾਲਤਾਂ ਵਿਚ ਝੂਠ ‘ਤੇ ਆਧਾਰ ਹੁੰਦੀ ਹੈ। ਨਿਸਚਤ ਰੇਟ ਆਮ ਪੱਧਰ ‘ਤੇ ਨਾ ਹੋਣ ਕਾਰਨ ਲੱਗਦੀ ਲਾਉਣ ਵਾਲੀ ਗੱਲ ਹੁੰਦੀ ਹੈ। ਜ਼ਿਆਦਾ ਕਰਕੇ ਦੁਕਾਨਦਾਰ ਭਰਾ ਹਰੇਕ ਗਾਹਕ ਨੂੰ ਇੰਜ ਹੀ ਆਖਦਾ ਹੈ, ”ਬੱਸ ਤੁਹਾਡੇ ਲਈ ਹੀ ਇਹ ਰੇਟ ਹੈ।‘‘ ਭਾਵ ਦੂਜੇ ਗਾਹਕ ਲਈ ਮੀਟਰ ਵੱਖਰਾ ਹੋਵੇਗਾ। ਸਮੁੱਚੇ ਤੌਰ ‘ਤੇ ਰੇਟ ਨਿਸ਼ਚਤ ਨਾ ਹੋਣ ਕਾਰਨ ਝੂਠ ਬਗੈਰ ਗੁਜ਼ਾਰਾ ਘੱਟ ਹੀ ਹੁੰਦਾ ਹੈ। ਕਿਸੇ ਤੋਂ ਕੋਈ ਚੀਜ਼ ਮੰਗਣੀ ਹੋਵੇ ਤਾਂ ਜ਼ਿਆਦਾ ਕਰਕੇ ਬੰਦੇ ਆਪਣੀ ਮੰਦਹਾਲੀ ਦਾ ਰੋਣਾ ਸੋਹਣੀ ਤਰਜ਼ ਨਾਲ ਕੱਢਦੇ ਹਨ। (ਉਂਝ ਹਾਲ ਇੰਨਾ ਮਾੜਾ ਨਹੀਂ ਹੁੰਦਾ) ਪਰ ਜੇ ਆਪਣੇ ਮੁੰਡੇ ਦਾ ਰਿਸ਼ਤਾ ਕਰਨਾ ਹੋਵੇ ਤਾਂ ਕੁੜੀ ਵਾਲਿਆਂ ਨੂੰ ਵੱਧ ਤੋਂ ਵੱਧ ਮਾਂਜਣ ਲਈ ਅਮੀਰੀ ਦੇ ਫਰਾਟੇ ਮਾਰਦੇ ਹਨ। ਹਾਂ, ਟੈਕਸ ਦੇਣਾ ਹੋਵੇ ਤਾਂ ਫਿਰ ਗਰੀਬੀ ਦੀ ਰੇਖਾ ਤੋਂ ਹੇਠ ਆ ਡਿੱਗਦੇ ਹਨ। ਅਜਿਹਾ ਇਕ ਕੇਸ ਕਸੂਤਾ ਫੱਸ ਗਿਆ। ਕਿਸੇ ਸੱਜਣ ਦਾ ਲੜਕਾ ਵਿਆਹੁਣ ਯੋਗ ਹੋ ਗਿਆ ਤੇ ਲੜਕੇ ਦੀ ਪੁਜ਼ੀਸ਼ਨ ਚੰਗੀ ਸੀ। ਰਿਸ਼ਤੇ ਧੜਾ-ਧੜਾ ਆਉਣ ਲੱਗੇ। ਲੜਕੇ ਦਾ ਬਾਪੂ ਹਰੇਕ ਕੁੜੀ ਵਾਲੇ ਨੂੰ ਅਸਿੱਧੇ ਢੰਗ ਨਾਲ ਵੱਧ ਤੋਂ ਵੱਧ ਦਾਜ ਲਈ ਪ੍ਰੇਰਦਾ। ਲਾਲਚੀ ਹੋਣ ਕਾਰਨ ਆਪਣੀ ਆਮਦਨ ਦੇ ਸਾਧਨ ਦੱਸ ਕੇ ਕੁੜੀ ਵਾਲਿਆਂ ਨੂੰ ਬੌਂਦਲਾਉਣ ਤਕ ਚਲੇ ਜਾਂਦਾ।
ਰੁਟੀਨ ਵਿਚ ਹੀ ਇਕ ਪਾਰਟੀ ਆ ਗਈ। ਲੜਕੇ ਦੇ ਬਾਪ ਨੂੰ ਇਹ ਵੀ ਕੁੜੀ ਵਾਲੇ ਹੀ ਲੱਗੇ ਕਿਉਂਕਿ ਹਾਲਤ ਸਾਉਣ ਦੇ ਅੰਨ੍ਹੇ ਵਾਲੀ ਹੋਈ ਸੀ। ਇਸ ਪਾਰਟੀ ਨੂੰ ਆਪਣੀ ਜਾਇਦਾਦ ਤੇ ਆਮਦਨ ਬਾਰੇ ਠੁੱਕ ਨਾਲ ਦੱਸ ਕੇ ਆਈ ਹੋਈ ਪਾਰਟੀ ਤੋਂ ਪੁੱਛਣ ਲੱਗਾ। ਮੰਦੇ ਕਰਮੀ ਇਹ ਇਨਕਮ ਟੈਕਸ ਵਾਲੇ ਸਨ ਜਿਨ੍ਹਾਂ ਨੂੰ ਸਾਰਾ ਵੇਰਵਾ ਉਹ ਕੁੜੀ ਵਾਲੇ ਸਮਝਕੇ ਦੇ ਬੈਠਾ। ਲੜਕੇ ਦੇ ਬਾਪ ਦੀ ਹਾਲਤ ”ਮੈਂ ਫੱਸ ਗਿਆ ਰਾਮ ਦੁਹਾਈ‘‘ ਵਾਲੀ ਹੋ ਗਈ। ਸਾਡੀ ਨੈਤਿਕਤਾ ਦੀ ਘਾਟ ਕਾਰਨ ਸੱਚ ਬਗੈਰ ਤਾਂ ਬੰਦਿਆਂ ਦਾ ਸਰ ਜਾਂਦਾ ਹੈ ਪਰ ਝੂਠ ਬਗੈਰ ਤਾਂ ਹਾਲਤ ‘ਅੱਲ੍ਹਾ ਮੇਰੀ ਤੌਬਾ‘ ਵਾਲੀ ਹੋ ਜਾਂਦੀ ਹੈ। ਜੇ ਅਫ਼ਸਰ ਦੀ ਗਲਤ ਗੱਲ ਨੂੰ ਗਲਤ ਕਹਿ ਬੈਠੀਏ ਤਾਂ ‘ਕਲਮ ਦੀ ਮਾਰ‘ ਪੈ ਜਾਂਦੀ ਹੈ। ਝਿੜਕਾਂ ਦਾ ਨਕਦ ਨਾਰਾਇਣ ਵੱਖਰਾ ਮਿਲਦਾ ਹੈ। ਇਹੀ ਜੇ ਗਲਤ ਗੱਲ ਨੂੰ ਖਿੜੇ ਮੱਥੇ ਠੀਕ ਕਹਿ ਦੇਈਏ ਤਾਂ ਨੌਕਰੀ ਵਿਚ ਪੌਂ ਬਾਰਾਂ ਹੋਣ ਦੇ ਚਾਂਸ ਹੋ ਜਾਂਦੇ ਹਨ। ਸਾਡੇ ਚਮਚਾਗਿਰੀ ਦਾ ਜ਼ੋਰ ਹੈ ਜੋ ਝੂਠੀ ਵਡਿਆਈ ਤੇ ਚਾਪਲੂਸੀ ‘ਤੇ ਆਧਾਰਤ ਹੁੰਦੀ ਹੈ। ਵੱਡੇ ਬੰਦਿਆਂ ਨਾਲ ਨੇੜਤਾ ਸਥਾਪਤ ਕਰਨ ਲਈ ਉਨ੍ਹਾਂ ਦੀ ਹਰ ਪੁੱਠੀ-ਸਿੱਧੀ ਸੁਣਕੇ ”ਹਾਂ ਜਨਾਬ, ਠੀਕ ਹੈ ਜਨਾਬ‘‘ ਦਾ ਰਾਗ ਅਲਾਪਣਾ ਪੈਂਦਾ ਹੈ। ਸੱਚ ‘ਤੇ ਗੁਜ਼ਾਰਾ ਕਰਨ ਵਾਲਾ ਬੰਦਾ ਚਮਚਾ ਬਣ ਹੀ ਨਹੀਂ ਸਕਦਾ ਕਿਉਂਕਿ ਸਾਡੇ ਸਿਸਟਮ ਵਿਚ ਸ਼ਕਤੀਸ਼ਾਲੀ ਸਿਆਸਤਦਾਨ ਜਾਂ ਅਫ਼ਸਰ ਅਜਿਹੇ ‘ਯੁਧਿਸ਼ਟਰ ਪੁੱਤਰਾਂ‘ ਨੂੰ ਨੇੜੇ ਹੀ ਨਹੀਂ ਆਉਣ ਦਿੰਦੇ। ਹੁਣ ਜੇ ਦੇਖਿਆ ਜਾਵੇ ਤਾਂ ਸਾਡਾ ਝੂਠ ਬਿਨਾਂ ਗੁਜ਼ਾਰਾ ਹੋਣਾ ਅਸੰਭਵ ਨਹੀਂ ਹੈ ਤਾਂ ਅਤਿਕਠਿਨ ਜ਼ਰੂਰ ਹੈ। ਸੱਚ ਬੋਲ ਕੇ ‘ਭਗਤਾਂ ਨੂੰ ਭੀੜਾਂ‘ ਪੈਂਦੀਆਂ ਹਨ। ਜਿਹੜੇ ਸਮਾਜਾਂ ਵਿਚ ਨੈਤਿਕ ਸੋਚ ਭਾਰੂ ਹੈ ਤੇ ਗਲਤ ਠੀਕ ਦਾ ਫਰਕ ਕੀਤਾ ਜਾਂਦਾ ਹੈ ਉਥੇ ਸੋਚ ਦੀ ਜੈ-ਜੈ ਹੈ। ਨਿਯਮ ਜਾਂ ਕਾਨੂੰਨ ਮੂਹਰੇ ਸ਼ੇਰ ਬੱਕਰੀ ਸਭ ਬਰਾਬਰ ਹਨ। ਹਰੇਕ ਆਪਣਾ ਹੱਕ ਤੇ ਫਰਜ਼ ਸਮਝਦਾ ਹੈ। ਗਲਤ ਨੂੰ ਗਲਤ ਕਹਿਣ ਨਾਲ ਕੋਈ ਗੁੱਸੇ ਨਹੀਂ ਹੁੰਦਾ ਸਗੋਂ ਧੰਨਵਾਦ ਕਰਦਾ ਹੈ। ਚਮਚਾਗਿਰੀ ਦੀ ਕਲਾ ਦੀ ਲੋੜ ਨਹੀਂ ਪੈਂਦੀ। ਵੋਟਾਂ ਪਾਉਣ ਵੇਲੇ ਸਪੱਸ਼ਟਤਾ ਨਾਲ ਚੱਲਿਆ ਜਾਂਦਾ ਹੈ। ਕੋਈ ਉਮੀਦਵਾਰ ਗੁੱਸਾ ਨਹੀਂ ਕਰਦਾ। ਦੋ ਨੰਬਰ ਦੀਆਂ ਹਰਕਤਾਂ ਨਹੀਂ ਹੁੰਦੀਆਂ। ਚੀਜ਼ਾਂ ਦੇ ਰੇਟ ਨਿਸ਼ਚਿਤ ਹਨ। ਟੈਕਸ ਠੀਕ ਤਰ੍ਹਾਂ ਦਿਤੇ ਜਾਂਦੇ ਹਨ। ਉਧਾਰ ਮੰਗਣ, ਮੋੜਨ ਵੇਲੇ ਝੂਠਾ ਸੱਚਾ ਰੋਣਾ ਨਹੀਂ ਰੋਇਆ ਜਾਂਦਾ।
ਸਪੱਸ਼ਟ ਹੈ ਕਿ ਜੇ ਸਾਡੇ ਭ੍ਰਿਸ਼ਟ ਸੋਚ ਦੀ ਥਾਂ ਨੈਤਿਕ ਸੋਚ ਭਾਰੂ ਹੋ ਜਾਵੇ ਤਾਂ ”ਜੈ ਬੋਲੋ ਬੇਈਮਾਨ ਦੀ‘ ਦਾ ਜ਼ੋਰ ਕਾਫੀ ਘੱਅ ਜਾਵੇਗਾ। ਦੂਜੇ ਸ਼ਬਦਾਂ ਵਿਚ ਝੂਠ ਬਗੈਰ ਗੁਜ਼ਾਰਾ ਹੋਣ ਲੱਗ ਪਏਗਾ। ਸੱਚ ਦੀ ਜੈ-ਜੈ ਹੀ ਹੋਣੀ ਚਾਹੀਦੀ ਹੈ। ਝੂਠ ਤਾਂ ਕਿਤੇ ਅਤਿ ਮਜ਼ਬੂਰੀ ਵਿਚ ਹੀ ਬੋਲਿਆ ਜਾਣਾ ਚਾਹੀਦਾ ਹੈ ਪਰ ਹੁਣ ਸਾਡੇ ਇਹ ਥੋਕ ਵਿਚ ਚਲਦਾ ਹੈ। ਸਮੁੱਚੇ ਸਮਾਜ ਨੂੰ ਇਸ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸੋ ਆਸ ਕਰਦੇ ਹਾਂ ਤੇ ਸਵਰਗੀ ਸਾਹਿਰ ਸਾਹਿਬ ਦੇ ਬੋਲ ਯਾਦ ਕਰਦੇ ਹਾਂ, ”ਵੋਹ ਸੁਭਾ ਕਭੀ ਤੋ ਆਏਗੀ।‘‘

Facebook Comment
Project by : XtremeStudioz