Close
Menu

ਝੂਠ ਹਾਰ ਗਿਆ

-- 07 October,2013

25sppt102ਇੱਕ ਪਿੰਡ ਦੇ ਬਾਹਰ ਨਦੀ ਕੰਢੇ ਇੱਕ ਮਹਾਤਮਾ ਰਹਿੰਦਾ ਸੀ। ਉਹ ਸਵੇਰੇ-ਸ਼ਾਮ ਪੰਛੀਆਂ ਨੂੰ ਦਾਣਾ ਪਾਉਂਦਾ ਸੀ। ਦਾਣਾ ਚੁਗਣ ਲਈ ਦੂਰ-ਦੁਰਾਡੇ ਤੋਂ ਪੰਛੀ ਆਉਂਦੇ। ਉਸ ਦੀ ਕੁਟੀਆ ਦੇ ਆਲੇ-ਦੁਆਲੇ ਕਈ ਤਰ੍ਹਾਂ ਦੇ ਪੰਛੀਆਂ ਦੀ ਭੀੜ ਲੱਗੀ ਰਹਿੰਦੀ ਸੀ। ਉਨ੍ਹਾਂ ਪੰਛੀਆਂ ਵਿੱਚ ਕੁਝ ਕਬੂਤਰ ਵੀ ਸਨ। ਉਹ ਕਬੂਤਰ ਸਵੇਰੇ-ਸ਼ਾਮ ਦਾਣਾ ਚੁਗਣ ਲਈ ਆਉਂਦੇ। ਉਹ ਦਾਣਾ ਚੁਗ ਕੇ ਜਦੋਂ ਆਪਣੀਆਂ ਥਾਵਾਂ ’ਤੇ ਵਾਪਸ ਜਾਂਦੇ ਉਦੋਂ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਪੁੱਛਦੇ ਕਿ ਉਹ ਕਿਸ ਥਾਂ ਦਾਣਾ ਚੁਗਣ ਜਾਂਦੇ ਹਨ। ਉਨ੍ਹਾਂ ਨੂੰ ਪੇਟ ਭਰਨ ਜੋਗੀ ਖੁਰਾਕ ਮਿਲ ਜਾਂਦੀ ਹੈ ਜਾਂ ਨਹੀਂ? ਉਨ੍ਹਾਂ ਕਬੂਤਰਾਂ ਵਿੱਚੋਂ ਕੁਝ ਕਬੂਤਰ ਬਹੁਤ ਹੀ ਸਵਾਰਥੀ, ਝੂਠੇ ਅਤੇ ਤੰਗ ਦਿਲ ਸਨ। ਉਹ ਆਪਣੇ ਸਾਥੀਆਂ ਕੋਲ ਸਾਫ਼ ਮੁੱਕਰ ਜਾਂਦੇ ਅਤੇ ਇਹ ਕਹਿੰਦੇ ਕਿ ਉਹ ਇਧਰ-ਉਧਰ ਘੁੰਮ ਕੇ ਆ ਜਾਂਦੇ ਹਨ। ਉਨ੍ਹਾਂ ਨੂੰ ਪੇਟ ਭਰਨ ਜੋਗਾ ਭੋਜਨ ਨਹੀਂ ਮਿਲਦਾ। ਝੂਠ ਬੋਲਣ ਵਾਲੇ ਕਬੂਤਰਾਂ ਦੇ ਨਾਲ ਜਾਣ ਵਾਲੇ ਕਬੂਤਰ ਉਨ੍ਹਾਂ ਨੂੰ ਕਹਿੰਦੇ, ‘‘ਸਾਨੂੰ ਆਪਣੇ ਆਪਣੇ ਸਾਥੀਆਂ ਨਾਲ ਝੂਠ ਬੋਲਣ ਦੀ ਕੀ ਲੋੜ ਹੈ? ਜੇ ਅਸੀਂ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਈਏ ਤਾਂ ਉਸ ਨਾਲ ਸਾਡਾ ਤਾਂ ਕੁਝ ਨਹੀਂ ਵਿਗੜੇਗਾ। ਜਿੱਥੇ ਹੋਰ ਪੰਛੀ ਆਪਣਾ ਪੇਟ ਭਰਦੇ ਹਨ ਉੱਥੇ ਇਹ ਵੀ ਭਰ ਲਿਆ ਕਰਨਗੇ। ਇਹ ਵੀ ਤਾਂ ਸਾਡੇ ਸਾਥੀ ਹੀ ਹਨ। ਸਾਨੂੰ ਵੀ ਤਾਂ ਕਦੇ ਇਨ੍ਹਾਂ ਦੀ ਲੋੜ ਪੈ ਸਕਦੀ ਹੈ।’’ ਝੂਠੇ ਅਤੇ ਸਵਾਰਥੀ ਕਬੂਤਰ ਉਨ੍ਹਾਂ ਨਾਲ ਸਹਿਮਤ ਨਾ ਹੁੰਦੇ। ਲੋੜਵੰਦ ਕਬੂਤਰਾਂ ਨੂੰ ਪਤਾ ਹੁੰਦਾ ਕਿ ਉਹ ਉਨ੍ਹਾਂ ਨਾਲ ਝੂਠ ਬੋਲ ਰਹੇ ਹਨ। ਉਹ ਚੁੱਪ ਕਰ ਕੇ ਰਹਿ ਜਾਂਦੇ ਅਤੇ ਉਸ ਸਮੇਂ ਦੀ ਉਡੀਕ ਕਰਦੇ ਜਿਸ ਦਿਨ ਉਨ੍ਹਾਂ ਨੂੰ ਵੀ ਪੇਟ ਭਰ ਕੇ ਦਾਣਾ ਮਿਲੇਗਾ। ਸਮਾਂ ਨਿਕਲਦਾ ਗਿਆ। ਇੱਕ ਦਿਨ ਉਨ੍ਹਾਂ ਕਬੂਤਰਾਂ ਵਾਂਗ ਉਨ੍ਹਾਂ ਨੂੰ ਵੀ ਇੱਕ ਅਜਿਹਾ ਟਿਕਾਣਾ ਮਿਲ ਗਿਆ ਜਿਸ ਥਾਂ ਉਨ੍ਹਾਂ ਨੂੰ ਵੀ ਪੇਟ ਭਰ ਕੇ ਦਾਣਾ ਮਿਲਣ ਲੱਗ ਪਿਆ।
ਦੂਜੇ ਪਾਸੇ ਝੂਠੇ ਅਤੇ ਸਵਾਰਥੀ ਕਬੂਤਰਾਂ ਨੂੰ ਦਾਣਾ ਮਿਲਣ ਦੀ ਸਮੱਸਿਆ ਆ ਗਈ ਕਿਉਂਕਿ ਉਹ ਮਹਾਤਮਾ ਰੱਬ ਨੂੰ ਪਿਆਰਾ ਹੋ ਗਿਆ। ਉਹ ਕੁਟੀਆ ਬੰਦ ਹੋ ਗਈ। ਉਹ ਕਾਫ਼ੀ ਸਮੇਂ ਤਕ ਉਡੀਕਦੇ ਰਹੇ ਕਿ ਉਹ ਕੁਟੀਆ ਫੇਰ ਖੁੱਲ੍ਹੇ ਅਤੇ ਪਹਿਲਾਂ ਵਾਂਗ ਉਨ੍ਹਾਂ ਨੂੰ ਦਾਣਾ ਮਿਲਣ ਲੱਗ ਪਵੇ ਪਰ ਉਨ੍ਹਾਂ ਦੀ ਇੱਛਾ ਪੂਰੀ ਨਾ ਹੋਈ। ਉਹ ਆਪਣੀ ਭੁੱਖ ਨਾ ਮਿਟਣ ਕਰਕੇ ਉਦਾਸ ਰਹਿਣ ਲੱਗੇ। ਉਨ੍ਹਾਂ ਦੀ ਉਦਾਸੀ ਵੇਖ ਕੇ ਸਾਥੀ ਕਬੂਤਰਾਂ ਨੇ ਇੱਕ ਦਿਨ ਉਨ੍ਹਾਂ ਨੂੰ ਪੁੱਛ ਹੀ ਲਿਆ। ਉਨ੍ਹਾਂ ਨੇ ਕਿਹਾ, ‘‘ਮਿੱਤਰੋ, ਕੀ ਗੱਲ? ਲੱਗਦੈ ਤੁਹਾਨੂੰ ਕਿਸੇ ਸਮੱਸਿਆ ਨੇ ਘੇਰ ਲਿਆ ਹੈ!’’ਝੂਠੇ ਅਤੇ ਸਵਾਰਥੀ ਕਬੂਤਰ ਤਾਂ ਕੁਝ ਨਾ ਬੋਲ ਸਕੇ ਪਰ ਉਨ੍ਹਾਂ ਦੇ ਨਾਲ ਦੇ ਕਬੂਤਰਾਂ ਨੇ ਕਿਹਾ, ‘‘ਭਰਾਵੋ ਕੀ ਕਰੀਏ? ਅਸੀਂ ਤਾਂ ਤੁਹਾਡੇ ਸਾਹਮਣੇ ਆਪਣੇ ਮਨ ਦੀ ਗੱਲ ਕਹਿਣ ਜੋਗੇ ਵੀ ਨਹੀਂ।’’
ਦੂਜੇ ਕਬੂਤਰਾਂ ਵਿੱਚੋਂ ਇੱਕ ਬੋਲਿਆ, ‘‘ਕਿਉਂ? ਕੀ ਅਸੀਂ ਤੁਹਾਡੇ ਸਾਥੀ ਨਹੀਂ? ਤੁਹਾਡੀ ਸਮੱਸਿਆ ਅਸੀਂ ਨਹੀਂ ਸੁਣਾਂਗੇ ਤਾਂ ਹੋਰ ਕੋਣ ਸੁਣੇਗਾ।’‘ ਉਨ੍ਹਾਂ ਦਾ ਜਵਾਬ ਸੁਣ ਕੇ ਸਵਾਰਥੀ ਕਬੂਤਰਾਂ ਵਿੱਚੋਂ ਇੱਕ ਕਬੂਤਰ ਬੋਲਿਆ, ‘‘ਮਿੱਤਰੋ, ਅਸੀਂ ਤੁਹਾਡੀ ਸਮੇਂ ਸਿਰ ਸਹਾਇਤਾ ਨਹੀਂ ਕੀਤੀ। ਫਿਰ ਵੀ ਤੁਸੀਂ ਸਾਡੇ ਨਾਲ ਬਹੁਤ ਚੰਗਾ ਵਰਤਾਓ ਕਰ ਰਹੇ ਹੋ। ਇਸ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਹੁਣ ਸਾਨੂੰ ਦਾਣਾ ਮਿਲਣਾ ਬੰਦ ਹੋ ਗਿਐ। ਅਸੀਂ ਹੁਣ ਭੁੱਖੇ ਰਹਿੰਦੇ ਹਾਂ। ਇਹੋ ਸਾਡੀ ਉਦਾਸੀ ਦਾ ਕਾਰਨ ਹੈ।’’ ਉਸ ਦੀ ਗੱਲ ਸੁਣ ਕੇ ਚੰਗੇ ਕਬੂਤਰਾਂ ਵਿੱਚੋਂ ਹੋਰ ਕਬੂਤਰ ਬੋਲਿਆ, ‘‘ਮਿੱਤਰੋ, ਤੁਸੀਂ ਪੁਰਾਣੀਆਂ ਗੱਲਾਂ ਛੱਡੋ। ਤੁਸੀਂ ਕੱਲ੍ਹ ਸਾਡੇ ਨਾਲ ਚੱਲਣਾ। ਤੁਹਾਨੂੰ ਪੇਟ ਭਰ ਕੇ ਦਾਣਾ ਮਿਲੇਗਾ।’’ ਐਨੀ ਗੱਲ ਕਹਿ ਕੇ ਚੰਗੇ ਕਬੂਤਰ ਆਪਣੇ ਆਪ ਵਿੱਚ ਮਸਤ ਹੋ ਗਏ। ਝੂਠੇ ਅਤੇ ਸਵਾਰਥੀ ਕਬੂਤਰਾਂ ਨੂੰ ਆਪਣਾ ਝੂਠ ਹਾਰਦਾ ਨਜ਼ਰ ਆ ਰਿਹਾ ਸੀ।
-ਪ੍ਰਿੰਸੀਪਲ ਵਿਜੈ ਕੁਮਾਰ

Facebook Comment
Project by : XtremeStudioz