Close
Menu

ਤਬਾਹੀ ਤੇ ਅਸਥਿਰਤਾ ਲਈ ਅਤਿਵਾਦ ਜ਼ਿੰਮੇਵਾਰ: ਸੁਸ਼ਮਾ

-- 02 March,2019

ਅਬੂ ਧਾਬੀ, 2 ਮਾਰਚ
ਭਾਰਤ ਨੇ ਕੂਟਨੀਤਕ ਪੱਧਰ ’ਤੇ ਵੱਡੀ ਮੱਲ੍ਹ ਮਾਰਦਿਆਂ ਪਹਿਲੀ ਵਾਰ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੀ ਬੈਠਕ ਨੂੰ ਸੰਬੋਧਨ ਕੀਤਾ। ਇਥੇ ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਤਿਵਾਦ ਖ਼ਿਲਾਫ਼ ਜੰਗ ਕਿਸੇ ਧਰਮ ਖ਼ਿਲਾਫ਼ ਨਹੀਂ ਹੈ ਸਗੋਂ ਅਤਿਵਾਦ ਨੇ ਖ਼ਿੱਤਿਆਂ ਨੂੰ ਅਸਥਿਰ ਕਰਨ ਦੇ ਨਾਲ ਨਾਲ ਪੂਰੀ ਦੁਨੀਆਂ ਨੂੰ ਵੀ ਮੁਸ਼ਕਲ ’ਚ ਪਾ ਦਿੱਤਾ ਹੈ। ਪਾਕਿਸਤਾਨ ਨੇ ਓਆਈਸੀ ਦੀ ਬੈਠਕ ’ਚ ਭਾਰਤ ਦੀ ਸ਼ਮੂਲੀਅਤ ਦਾ ਵਿਰੋਧ ਕੀਤਾ ਸੀ। ਸ੍ਰੀਮਤੀ ਸਵਰਾਜ ਪਹਿਲੀ ਭਾਰਤੀ ਮੰਤਰੀ ਬਣ ਗਏ ਹਨ ਜਿਨ੍ਹਾਂ 57 ਇਸਲਾਮਿਕ ਮੁਲਕਾਂ ਦੀ ਬੈਠਕ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ 1969 ਦੀ ਰਬਾਤ ਕਾਨਫ਼ਰੰਸ ’ਚ ਇੰਦਰਾ ਗਾਂਧੀ ਕੈਬਨਿਟ ’ਚ ਸੀਨੀਅਰ ਮੰਤਰੀ ਫਖਰੂਦੀਨ ਅਲੀ ਅਹਿਮਦ, ਜੋ ਬਾਅਦ ’ਚ ਰਾਸ਼ਟਰਪਤੀ ਬਣੇ ਸਨ, ਹਿੱਸਾ ਲੈਣ ਗਏ ਸਨ ਪਰ ਪਾਕਿਸਤਾਨ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਬੈਠਕ ’ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਸੀ। ਇਸ ਮਗਰੋਂ ਭਾਰਤ ਨੂੰ ਸਾਰੀਆਂ ਓਆਈਸੀ ਬੈਠਕਾਂ ’ਚੋਂ ਬਾਹਰ ਰੱਖਿਆ ਗਿਆ। ਆਪਣੇ ਸੰਬੋਧਨ ਦੌਰਾਨ ਸੁਸ਼ਮਾ ਸਵਰਾਜ ੇ ਪਵਿੱਤਰ ਕੁਰਾਨ ਦੀ ਆਇਤ ਪੜ੍ਹੀ ਜਿਸ ਦਾ ਭਾਵ ਸੀ ਕਿ ਧਰਮ ’ਚ ਕੋਈ ਵੀ ਮਜਬੂਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ,‘‘ਇਸਲਾਮ ਦਾ ਅਰਥ ਅਮਨ ਹੈ। ਅੱਲ੍ਹਾ ਦੇ 99 ਨਾਵਾਂ ’ਚੋਂ ਕਿਸੇ ਦਾ ਵੀ ਅਰਥ ਹਿੰਸਾ ਨਹੀਂ ਹੈ। ਦੁਨੀਆਂ ਦਾ ਹਰ ਧਰਮ ਅਮਨ, ਰਹਿਮ ਅਤੇ ਭਾਈਚਾਰੇ ਦੀ ਵਕਾਲਤ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 1.3 ਅਰਬ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਏ ਹਨ ਜਿਨ੍ਹਾਂ ’ਚ ਸਾਢੇ 18 ਕਰੋੜ ਮੁਸਲਿਮ ਭਾਈਚਾਰਾ ਵੀ ਸ਼ਾਮਲ ਹੈ। ਆਪਣੇ ਕਰੀਬ 17 ਮਿੰਟਾਂ ਦੇ ਭਾਸ਼ਨ ਦੌਰਾਨ ਉਨ੍ਹਾਂ ਪਾਕਿਸਤਾਨ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੰਗਲਾਦੇਸ਼ ਦੇ ਹਮਰੁਤਬਾ ਏ ਕੇ ਅਬਦੁੱਲ ਮੋਮਨ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨਾਲ ਦੁਵੱਲੀ ਗੱਲਬਾਤ ਕਰਕੇ ਖੇਤਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ।

Facebook Comment
Project by : XtremeStudioz