Close
Menu

…ਤੇ ਹਵਾ ਜਿੱਤ ਗਈ

-- 24 June,2015

ਤੁਰੇ ਜਾਂਦੇ ਰਾਹੀ ਨੂੰ ਦੇਖ ਕੇ ਇਸ ਵਾਰ ਫਿਰ ਹਵਾ ਅਤੇ ਸੂਰਜ ਵਿਚਕਾਰ ਆਪਸ ਵਿਚ ਬਹਿਸ ਹੋ ਗਈ | ‘ਮੈਂ ਉਸ ਮੁਸਾਫਿਰ ਦੇ ਪਹਿਨਿਆ ਹੋਇਆ ਕੋਟ ਉਤਾਰ ਸਕਦੀ ਹਾਂ’, ਹਵਾ ਬੋਲੀ |
‘ਨਹੀਂ, ਮੈਂ ਉਸ ਦਾ ਕੋਟ ਉਤਾਰ ਸਕਦੈਂ, ਨਾਲੇ ਤੈਨੂੰ ਪਤੈ, ਪਿਛਲੀ ਵਾਰ ਤੇਰੀ ਪੜਦਾਦੀ ਮੇਰੇ ਪੜਦਾਦਾ ਜੀ ਤੋਂ ਹਾਰ ਗਈ ਸੀ’, ਸੂਰਜ ਥੋੜ੍ਹਾ ਜਿਹਾ ਆਕੜ ਕੇ ਬੋਲਿਆ |
‘ਲੱਗੀ ਫਿਰ ਸ਼ਰਤ?’ ਹਵਾ ਮਾਣ ਜਿਹੇ ‘ਚ ਬੋਲੀ |
ਸੂਰਜ ਅਤੇ ਹਵਾ ਵਿਚਕਾਰ ਫਿਰ ਸ਼ਰਤ ਲੱਗ ਗਈ ਅਤੇ ਫੈਸਲਾ ਉਸ ਮੁਸਾਫਿਰ ਉੱਤੇ ਛੱਡ ਦਿੱਤਾ, ਜੋ ਉਹ ਕਹੇਗਾ, ਉਹੋ ਹੀ ਸਹੀ ਮੰਨਿਆ ਜਾਵੇਗਾ |
ਸ਼ਰਤ ਲੱਗਣ ਤੋਂ ਬਾਅਦ ਪਹਿਲਾਂ ਸੂਰਜ ਨੇ ਉਸ ਰਾਹੀ ਦਾ ਕੋਟ ਉਤਾਰਨ ਲਈ ਚਮਕਣਾ ਸ਼ੁਰੂ ਕੀਤਾ | ਉਹ ਪਹਿਲਾਂ ਥੋੜ੍ਹਾ ਜਿਹਾ ਚਮਕਿਆ, ਫਿਰ ਹੋਰ ਤੇਜ਼ ਅਤੇ ਫਿਰ ਹੋਰ ਤੇਜ਼, ਆਖਰ ‘ਚ ਏਨੀ ਤੇਜ਼ੀ ਨਾਲ ਚਮਕਿਆ ਕਿ ਤੁਰੇ ਜਾਂਦੇ ਉਸ ਮੁਸਾਫਿਰ ਨੂੰ ਮਹਿਸੂਸ ਹੋਇਆ ਕਿ ਅੱਜ ਤਾਂ ਘਰੋਂ ਖਾਹਮਖਾਹ ਹੀ ਕੋਟ ਪਾ ਕੇ ਤੁਰੇ, ਅੱਜ ਤਾਂ ਗਰਮੀ ਹੋ ਗਈ | ਫਿਰ ਉਸ ਨੇ ਸੂਰਜ ਦੀ ਗਰਮਾਇਸ਼ ‘ਚ ਆਪਣੇ ਸੁੰਗੜੇ ਸਰੀਰ ਨੂੰ ਖੋਲ੍ਹਣ ਲਈ ਆਪਣੀਆਂ ਬਾਹਵਾਂ ਨੂੰ ਜਿਉਂ ਹੀ ਇਧਰ-ਉਧਰ ਨੂੰ ਹਿਲਾਉਣਾ ਸ਼ੁਰੂ ਕੀਤਾ, ਤਿਉਂ ਹੀ ਹਵਾ ਨੇ ਮੌਕਾ ਤਾੜਿਆ ਤੇ ਯਕਦਮ ਏਨੀ ਤੇਜ਼ੀ ਨਾਲ ਵਗਣਾ ਸ਼ੁਰੂ ਕਰ ਦਿੱਤਾ ਕਿ ਮੁਸਾਫਿਰ ਦਾ ਕੋਟ ਉਤਾਰ ਕੇ ਪਰੇ ਦੂਰ ਸੁੱਟ ਦਿੱਤਾ |
ਪਰੇ ਡਿੱਗੇ ਹੋਏ ਕੋਟ ਨੂੰ ਦੇਖ ਕੇ ਸੂਰਜ ਨੇ ਖੁਸ਼ੀ ‘ਚ ਤਾੜੀਆਂ ਮਾਰ ਦਿੱਤੀਆਂ, ‘ਦੇਖਿਆ ਫਿਰ, ਮੈਂ ਉਸ ਰਾਹੀ ਦਾ ਕੋਟ ਉਤਾਰ ਦਿੱਤਾ ਹੈ, ਮੈਂ ਜਿੱਤ ਗਿਆ ਹਾਂ’, ਸੂਰਜ ਖੁਸ਼ ਹੁੰਦਾ ਬੋਲਿਆ |
‘ਨਹੀਂ! ਉਸ ਰਾਹੀ ਦਾ ਕੋਟ ਮੈਂ ਉਤਾਰਿਆ ਹੈ’, ਹਵਾ ਬੋਲੀ |
‘ਨਹੀਂ, ਮੈਂ’, ਸੂਰਜ ਅੱਧ ਗੁੱਸੇ ਜਿਹੇ ‘ਚ ਬੋਲਿਆ |
ਦੋਵੇਂ ਆਪਸ ਵਿਚ ਫਿਰ ਬਹਿਸ ਪਏ ਤਾਂ ਹਵਾ ਬੋਲੀ, ਚਲੋ ਉਸ ਮੁਸਾਫਿਰ ਤੋਂ ਹੀ ਪੁੱਛਦੇ ਹਾਂ, ਜਿਹੜੀ ਆਪਾਂ ਸ਼ਰਤ ਰੱਖੀ ਸੀ ਕਿ ਉਸ ਰਾਹੀ ਦਾ ਦਿੱਤਾ ਜਵਾਬ ਅੰਤਿਮ ਫੈਸਲਾ ਹੋਵੇਗਾ |
ਦੋਵੇਂ ਜਣੇ ਮਨੁੱਖੀ ਰੂਪ ਧਾਰਨ ਕਰਕੇ ਧਰਤੀ ਉੱਤੇ ਤੁਰੇ ਜਾਂਦੇ ਉਸ ਰਾਹੀ ਸਾਹਮਣੇ ਉਤਰ ਆਏ ਸਨ | ਸੂਰਜ ਨੇ ਆਪਣੀ ਆਕੜ ਜਿਹੀ ‘ਚ ਰਾਹੀ ਤੋਂ ਪੁੱਛਿਆ, ‘ਭਲਾ ਤੁਹਾਡਾ ਕੋਟ ਕਿਸ ਨੇ ਉਤਾਰਿਆ ਹੈ?’
‘ਮੇਰਾ ਕੋਟ, ਮੇਰਾ ਕੋਟ ਤਾਂ ਹਵਾ ਨੇ ਉਤਾਰਿਆ ਹੈ, ਪਰ ਤੁਹਾਨੂੰ ਇਸ ਨਾਲ ਮਤਲਬ?’ ਮੁਸਾਫਿਰ ਨੇ ਪਰੇ ਡਿਗਿਆ ਹੋਇਆ ਕੋਟ ਚੁੱਕਦੇ ਨੇ ਕਿਹਾ |
ਸੂਰਜ ਛਿੱਥਾ ਜਿਹਾ ਪੈਂਦਾ ਬੋਲਿਆ, ‘ਚਮਕਿਆ ਤਾਂ ਸੂਰਜ ਬਹੁਤ ਤੇਜ਼ੀ ਨਾਲ ਸੀ |’
‘ਹਾਂ, ਤੁਹਾਡੀ ਗੱਲ ਸਹੀ ਹੈ, ਜਦੋਂ ਸੂਰਜ ਚਮਕਿਆ ਸੀ ਤਾਂ ਮੈਂ ਸੋਚਿਆ ਕਿ ਅੱਜ ਤਾਂ ਘਰੋਂ ਖਾਹਮਖਾਹ ਹੀ ਕੋਟ ਪਾ ਕੇ ਤੁਰਿਆ | ਜਦੋਂ ਸੂਰਜ ਦੀ ਤਪਸ਼ ਵਿਚ ਮੈਂ ਤੁਰੇ ਜਾਂਦੇ ਨੇ ਆਪਣੇ ਸਰੀਰ ‘ਤੇ ਗਰਮੀ ਮਹਿਸੂਸ ਕਰਨ ਲੱਗਿਆ ਤਾਂ ਮੈਂ ਹਵਾ ਖਾਣ ਲਈ ਬਾਹਵਾਂ ਨੂੰ ਜਿਉਂ ਹੀ ਇਧਰ-ਉਧਰ ਹਿਲਾਇਆ ਤਾਂ ਹਵਾ ਹੀ ਏਨੀ ਤੇਜ਼ ਆਈ ਕਿ ਮੇਰੀਆਂ ਬਾਹਵਾਂ ‘ਚੋਂ ਕੋਟ ਨਿਕਲ ਕੇ ਪਰੇ ਦੂਰ ਜਾ ਡਿਗਿਆ |’ ਮੁਸਾਫਿਰ ਨੇ ਸਹਿਜਤਾ ਨਾਲ ਜਵਾਬ ਦਿੱਤਾ |
ਰਾਹੀ ਦਾ ਅੰਤਿਮ ਫੈਸਲਾ ਸੁਣ ਕੇ ਸੂਰਜ ਸੁੰਨ ਹੋ ਗਿਆ | ਫਿਰ ਉਸ ਨੇ ਹੈਰਾਨੀ ਨਾਲ ਹਵਾ ਤੋਂ ਪੁੱਛਿਆ, ‘ਜੇ ਰਾਹੀ ਦਾ ਇਹ ਫੈਸਲਾ ਸਹੀ ਹੈ ਤਾਂ ਤੰੂ ‘ਇਸ ਵਾਰ’ ਜਿੱਤ ਕਿਵੇਂ ਗਈ?
‘ਦਰਅਸਲ, ਮੇਰੇ ਪੜਦਾਦੀ ਜੀ ਅਨਪੜ੍ਹ ਸਨ, ਉਨ੍ਹਾਂ ਨੂੰ ਮੌਕੇ ਦੀ ਨਜ਼ਾਕਤ ਸਮਝਣੀ ਨਹੀਂ ਸੀ ਆਉਂਦੀ ਅਤੇ ਮੈਂ ਪੜ੍ਹੀ-ਲਿਖੀ ਹਾਂ, ਮੈਂ ਸਮੇਂ ਦੀ ਨਬਜ਼ ਪਛਾਣਦੀ ਹਾਂ’, ਏਨਾ ਕਹਿ ਕੇ ਹਵਾ ਅਲੋਪ ਹੋ ਗਈ |
ਹਵਾ ਦਾ ਜਵਾਬ ਸੁਣ ਕੇ ਸੂਰਜ ਨਿੰਮੋਝੂਣਾ ਜਿਹਾ ਹੋ ਕੇ ਆਪਣੇ ਟਿਕਾਣੇ ਜਾ ਲੱਗਿਆ |

Facebook Comment
Project by : XtremeStudioz