Close
Menu

ਦਾਮਨ

-- 27 November,2013

116ਬਰਾਤ ਧਰਮਸ਼ਾਲਾ ਅੱਗੇ ਪਹੁੰਚ ਗਈ। ਲਾੜਾ ਆਪਣੀ ਕਾਰ ਵਿੱਚ ਹੀ ਬੈਠਾ ਹੋਇਆ ਸੀ ਕਿ ਕਿਸੇ ਮੋਟਰ ਸਾਈਕਲ ਸਵਾਰ ਨੌਜਵਾਨ ਨੇ ਉਸ ਕੋਲ ਰੁਕ ਕੇ ਲਿਫਾਫਾ ਫੜਾਉਂਦਿਆਂ ਕਿਹਾ, ‘ਕਾਰ ਵਿੱਚੋਂ ਉਤਰਨ ਤੋਂ ਪਹਿਲਾਂ ਇਸ ਨੂੰ ਖੋਲ੍ਹ ਕੇ ਦੇਖ ਲਈਂ।’ ਮੁਨੀਸ਼ ਨੇ ਸਿਹਰਾ ਉਤਾਂਹ ਕਰ ਕੇ ਲਿਫਾਫਾ ਖੋਲ੍ਹਿਆ, ਉਸਦੇ ਚਿਹਰੇ ‘ਤੇ ਤ੍ਰੇਲੀਆਂ ਆ ਗਈਆਂ। ਉਹ ਅਣਪਛਾਤੇ ਮੁੰਡੇ ਨੂੰ ਰੋਕਣ ਲਈ ਬਾਹਰ ਨਿਕਲਿਆ, ਪਰ ਉਹ ਬਹੁਤ ਦੂਰ ਚਲਾ ਗਿਆ ਸੀ। ਮੁਨੀਸ਼ ਨੇ ਕਾਰ ਵਿੱਚ ਬੈਠੇ ਬਰਾਤੀਆਂ ਨੂੰ ਉਤਾਰ ਦਿੱਤਾ ਅਤੇ ਮੋਟਰ ਸਾਈਕਲ ਵਾਲੇ ਮੁੰਡਾ ਦਾ ਪਿੱਛਾ ਕਰਨ ਲਈ ਗੱਡੀ ਭਜਾ ਕੇ ਲੈ ਗਿਆ। ਜਦ ਕੁਝ ਦੇਰ ਉਹ ਵਾਪਸ ਨਾ ਮੁੜਿਆ, ਸਾਰੀ ਬਰਾਤ ਚਿੰਤਾ ‘ਚ ਡੁੱਬ ਗਈ। ਸਭ ਇੱਕ ਦੂਜੇ ਨੂੰ ਪੁੱਛੀ ਜਾ ਰਹੇ ਸਨ ਕਿ ਮੁਨੀਸ਼ ਅਚਾਨਕ ਕਿਧਰ ਗਾਇਬ ਹੋ ਗਿਆ। ਸਿਆਣੀ ਉਮਰ ਦੇ ਕੁਝ ਬੰਦੇ ਕਹਿ ਰਹੇ ਸਨ, ‘‘ਇਹ ਤਾਂ ਜੱਗੋਂ ਤੇਰਵੀਂ ਹੋ ਗਈ, ਜੇ ਮੁੰਡਾ ਨਾ ਮੁੜਿਆ, ਕੀ ਬਣੂੰਗਾ, ਧੀ ਵਾਲਿਆਂ ਨੂੰ ਵੀ ਦੱਸ ਦੇਣਾ ਚਾਹੀਦੈ।”
ਆਖਿਰ ਘੰਟੇ ਕੁ ਪਿੱਛੋਂ ਮੁਨੀਸ਼ ਮੁੜ ਆਇਆ। ਉਸਦੇ ਆਲੇ-ਦੁਆਲੇ ਖਲੋਤੇ ਬਰਾਤੀ ਪੁੱਛ ਰਹੇ ਸਨ, ‘‘ਕਿੱਥੇ ਚਲਾ ਗਿਆ ਸੈਂ? ਸਾਨੂੰ ਤਾਂ ਹੱਥਾਂ-ਪੈਰਾਂ ਦੀ ਪੈ ਗਈ ਸੀ।” ਐਪਰ ਉਹ ਮੁਸਕਰਾ ਰਿਹਾ ਸੀ। ਜਿਵੇਂ ਦੱਸਣ ਵਾਲੀ ਗੱਲ ਨੇ ਬੁੱਲ੍ਹ ਸੀਅ ਦਿੱਤੇ ਹੋਣ। ਵਿਆਹ ਦੀਆਂ ਸਾਰੀਆਂ ਰਸਮਾਂ ਸੰਪੰਨ ਹੋ ਜਾਣ ਉਪਰੰਤ ਲਾੜੀ ਅਨੁਰਾਧਾ ਨੂੰ ਲੈ ਕੇ ਘਰ ਪਹੁੰਚਿਆ। ਮਾਂ ਨੇ ਪਾਣੀ ਵਾਰਿਆ। ਦੋਵਾਂ ਦੇ ਸਿਰ ‘ਤੇ ਹੱਥ ਰੱਖਦਿਆਂ ਅਸ਼ੀਰਵਾਦ ਦਿੱਤਾ, ਪਰ ਉਸ ਨੂੰ ਅਹਿਸਾਸ ਹੋਇਆ ਜਿਵੇਂ ਮੁਨੀਸ਼ ਦੇ ਚਿਹਰੇ ਦੀ ਉਹ ਖੁਸ਼ੀ ਕਿਧਰੇ ਗਾਇਬ ਹੋ ਗਈ ਸੀ, ਜਿਹੜੀ ਘਰੋਂ ਤੁਰਨ ਵੇਲੇ ਦਿਖਾਈ ਦਿੱਤੀ ਸੀ, ਪਰ ਛੇਤੀ ਹੀ ਮਾਂ ਦੀ ਸੋਚ ਬਦਲ ਗਈ, ‘‘ਸ਼ਾਇਦ ਖੁਸ਼ੀ ਦੇ ਮੌਕੇ ਪੁੱਤਰ ਨੂੰ ਆਪਣੇ ਪਿਤਾ ਜੀ ਯਾਦ ਆ ਗਏ ਹੋਣਗੇ।”
ਉਹ ਸਾਰੇ ਰੁਝੇਵੇਂ ਛੱਡ ਕੇ ਮਰਹੂਮ ਪਤੀ ਸ਼ਿਵ ਕੁਮਾਰ ਦੀ ਫੋਟੋ ਅੱਗੇ ਜਾ ਖਲੋਤੀ, ‘‘ਦੇਖੋ ਤੁਹਾਡਾ ਪੁੱਤਰ ਕਿੰਨੀ ਸੋਹਣੀ ਨੂੰਹ ਲੈ ਕੇ ਆਇਆ ਏ, ਰੌਣਕਾਂ ਲੱਗੀਆਂ ਹੋਈਆਂ ਨੇ ਤੁਹਾਡੇ ਘਰ, ਸ਼ਗਨਾਂ ਦੇ ਗੀਤ ਗਾਏ ਜਾ ਰਹੇ ਨੇ ਪਰ…ਪਰ ਤੁਹਾਡੇ ਬਿਨਾਂ…।” ਸੁਮਿੱਤਰਾ ਵਾਹਵਾ ਹੀ ਭਾਵੁਕ ਹੋ ਗਈ ਸੀ। ਏਨੇ ਚਿਰ ਨੂੰ ਨਵੀਂ ਵਿਆਹੀ ਜੋੜੀ ਵੀ ਡਰਾਇੰਗ ਰੂਮ ਵਿੱਚ ਪਹੁੰਚ ਗਈ। ਮੁਨੀਸ਼ ਤੇ ਅਨੁਰਾਧਾ ਨੇ ਫੋਟੋ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਈ ਬੇਨਤੀ ਕੀਤੀ।
ਸ਼ਿਵ ਕੁਮਾਰ ਧਾਰਮਿਕ ਵਿਚਾਰਾਂ ਵਾਲਾ ਹੋਣ ਕਰ ਕੇ ਲੋਕ ਸ਼ਿਵ ਭਗਤ ਵੀ ਕਿਹਾ ਕਰਦੇ ਸਨ। ਉਹ ਸੱਚਮੁੱਚ ਉਚੀਆਂ-ਸੁੱਚੀਆਂ ਸਮਾਜਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਭਰਪੂਰ ਸੰਸਕਾਰਾਂ ਦਾ ਸੋਮਾ ਸੀ, ਜਿਸਦਾ ਉਸਦੀ ਸੰਤਾਨ ‘ਤੇ ਵੀ ਗਹਿਰਾ ਪ੍ਰਭਾਵ ਦਿਖਾਈ ਦਿੰਦਾ ਸੀ। ਉਹ ਇੱਕ ਆਦਰਸ਼ਵਾਦੀ ਨੇਕਦਿਲ ਇਨਸਾਨ ਹੋਣ ਨਾਤੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਸੀ। ਮੁਨੀਸ਼ ਦੇ ਪੈਦਾ ਹੋਣ ਵੇਲੇ ਉਸਨੇ ਸੁਮਿੱਤਰਾ ਨੂੰ ਕਿਹਾ ਸੀ, ‘‘ਚੰਗਾ ਹੁੰਦਾ ਜੇ ਪਹਿਲਾਂ ਲਕਸ਼ਮੀ ਘਰ ਆ ਜਾਂਦੀ” ਪਰ ਸੁਣ ਕੇ ਪਤਨੀ ਦਾ ਮੂੰਹ ਕੁਝ ਕੁਸੈਲਾ ਜਿਹਾ ਹੋ ਗਿਆ ਸੀ। ਤਿੰਨ ਸਾਲਾਂ ਮਗਰੋਂ ਜਦ ਦੀਪਾਲੀ ਦਾ ਜਨਮ ਹੋਇਆ ਤਾਂ ਸ਼ਿਵ ਕੁਮਾਰ ਨੇ ਧੂਮਧਾਮ ਨਾਲ ਓਹਦੀ ਲੋਹੜੀ ਮਨਾਈ ਅਤੇ ਗਰੀਬ-ਗੁਰਬਿਆਂ ਲਈ ਸਾਰਾ ਦਿਨ ਲੰਗਰ ਲਾਈ ਰੱਖਿਆ ਸੀ। ਦੂਰ-ਦੂਰ ਤੱਕ ਉਸ ਦੀ ਸੁਚਾਰੂ ਸਭਿਆਚਾਰਕ ਸੋਚ ਦੀ ਸਲਾਹੁਤਾ ਵੀ ਹੋਈ ਸੀ। ਕਹਿੰਦੇ ਨੇ ਜਿਸ ਭਲੇ ਪੁਰਸ਼ ਦੀ ਜੱਗ ਨੂੰ ਲੋੜ ਹੁੰਦੀ ਏ ਓਹਦੀ ਰੱਬ ਨੂੰ ਵੀ ਲੋੜ ਹੁੰਦੀ ਏ। ਅਚਾਨਕ ਦੁਕਾਨ ‘ਤੇ ਬੈਠਿਆਂ ਇੱਕ ਦਿਨ ਉਸ ਨੂੰ ਅਜਿਹਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਮੁਨੀਸ਼ ਨੂੰ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਦੁਕਾਨ ਸੰਭਾਲਣੀ ਪੈ ਗਈ ਅਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਦੇ ਗਲ ਪੈ ਗਈਆਂ।
ਲੜਕਾ ਦੁਕਾਨ ‘ਤੇ ਅਤੇ ਬੇਟੀ ਕਾਲਜ ਚਲੀ ਜਾਂਦੀ। ਸੁਮਿੱਤਰਾ ਸਾਰੇ ਕੰਮ ਨਿਪਟਾ ਕੇ ਜਦ ਵਿਹਲੀ ਹੋ ਜਾਂਦੀ, ਘਰ ਸੁੰਨਾ-ਸੁੰਨਾ, ਖਾਲੀ-ਖਾਲੀ ਦਿਸਣ ਲੱਗ ਪੈਂਦਾ। ਇਕੱਲਤਾ ਦਾ ਅਹਿਸਾਸ ਜਿਵੇਂ ਉਸਨੂੰ ਮੰਜੇ ਵੱਲ ਖਿੱਚ ਕੇ ਲੈ ਜਾਂਦਾ। ਕਈ ਵਾਰ ਉਹ ਖੁਦ ਨਾਲ ਗੱਲਾਂ ਕਰਦੀ ਕਰਦੀ ਕਦੇ ਰੋ ਪੈਂਦੀ, ਕਦੇ ਹੱਸ ਪੈਂਦੀ। ਮਾਂ ਦੀ ਅਜਿਹੀ ਹਾਲਤ ਦੇਖ ਕੇ ਮੁਨੀਸ਼ ਨੇ ਦਿਨ ਭਰ ਘਰ ਰਹਿਣ ਵਾਲੀ ਮਾਈ ਦਾ ਇੰਤਜ਼ਾਮ ਕਰ ਦਿੱਤਾ। ਸੁਮਿੱਤਰਾ ਦੇ ਨਰਮ-ਦਿਲ ਤੇ ਮਿਲਣਸਾਰ ਹੋਣ ਕਰ ਕੇ ਨੌਕਰਾਣੀ ਨਾਲ ਸਹੇਲੀਆਂ ਵਰਗੇ ਸੰਬੰਧ ਬਣ ਗਏ। ਮਾਈ ਨੇ ਇੱਕ ਦਿਨ ਉਸ ਨੂੰ ਪੁੱਤਰ ਦਾ ਵਿਆਹ ਕਰ ਦੇਣ ਦੀ ਸਲਾਹ ਦਿੱਤੀ। ਮੁਨੀਸ਼ ਨੇ ਨਾ ਚਾਹੁੰਦੇ ਹੋਇਆਂ ਵੀ ਮਾਂ ਦੀ ਮਰਜ਼ੀ ਅੱਗੇ ਸਿਰ ਝੁਕਾ ਦਿੱਤਾ। ਜਲਦੀ ਹੀ ਦੂਰ ਦੀ ਕਿਸੇ ਰਿਸ਼ਤੇਦਾਰੀ ‘ਚੋਂ ਕੋਈ ਲੜਕੀ ਦੇਖ ਕੇ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ। ਪਿਤਾ ਦੀ ਗੈਰ-ਮੌਜੂਦਗੀ ਤੇ ਲੜਕੀ ਵਾਲਿਆਂ ਦੀ ਕਮਜ਼ੋਰ ਆਰਥਿਕ ਹਾਲਤ ਦੇਖਦੇ ਹੋਇਆਂ ਵਿਆਹ ‘ਤੇ ਠੀਕ-ਠਾਕ ਹੀ ਖਰਚ ਕਰਨ-ਕਰਵਾਉਣੇ ਦਾ ਫੈਸਲਾ ਕੀਤਾ ਗਿਆ, ਕਿਉਂਕਿ ਮੁਨੀਸ਼ ਦਾ ਸਹੁਰਾ ਪਰਵਾਰ ਕਿਸੇ ਪਿੰਡ ‘ਚ ਰਹਿੰਦਾ ਸੀ।
ਵਿਆਹ ਹੋ ਗਿਆ। ਦੂਰ ਦੇ ਰਿਸ਼ਤੇਦਾਰ ਦੋ-ਦੋ ਤਿੰਨ-ਤਿੰਨ ਦਿਨ ਹੋਰ ਰਹਿ ਲੈਣ ਪਿੱਛੋਂ ਖੁਸ਼ੀ-ਖੁਸ਼ੀ ਆਪਣੇ ਘਰੀਂ ਵਾਪਸ ਚਲੇ ਗਏ।
ਮੁਨੀਸ਼ ਤੇ ਅਨੁਰਾਧਾ ਆਪਣੇ ਸੌਣ ਵਾਲੇ ਕਮਰੇ ਵਿੱਚ ਬੈਠੇ ਸਨ ਕਿ ਸੰਗਦੇ-ਸੰਗਦੇ ਪਤਨੀ ਨੇ ਪੁੱਛਿਆ, ‘‘ਤੁਸੀਂ ਵਿਆਹ ਵਾਲੇ ਦਿਨ ਜੰਝਘਰ ਛੱਡ ਕੇ ਕਿੱਥੇ ਚਲੇ ਗਏ ਸੀ?” ‘‘ਰਾਧਾ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਿਆ?” ਮੁਨੀਸ਼ ਨੇ ਹੈਰਾਨ ਹੁੰਦਿਆਂ ਪੁੱਛਿਆ।
‘‘ਸਾਡੇ ਘਰ ਹਰ ਇੱਕ ਦੀ ਜ਼ੁਬਾਨ ‘ਤੇ ਇਹੋ ਸੀ ਕਿ ਪ੍ਰਾਹੁਣਾ ਗੁੱਸੇ ਹੋ ਕੇ ਕਿਧਰੇ ਚਲਾ ਗਿਆ। ਸੁਣ ਕੇ ਸਭ ਦੇ ਸਾਹ ਈ ਸੂਤੇ ਗਏ ਸਨ।”
‘‘ਰਾਧਾ, ਮੈਂ ਕਿਸੇ ਵੀ ਸਮੱਸਿਆ ਤੋਂ ਡਰ ਕੇ ਭੱਜਣ ਵਾਲਾ ਨਹੀਂ, ਪਰ ਗੱਲ ਹੀ ਕੁਝ ਅਜਿਹੀ ਸੀ ਕਿ ਉਸ ਲੜਕੇ ਨੂੰ ਲੱਭ ਕੇ ਲਿਆਉਣਾ ਬਹੁਤ ਜ਼ਰੂਰੀ ਸੀ।”
‘‘ਕਿਸ ਲੜਕੇ ਦੀ ਗੱਲ ਕਰ ਰਹੇ ਹੋ?” ਹੈਰਾਨੀ ਨਾਲ ਉਸਨੇ ਪੁੱਛਿਆ।
‘‘ਮੈਂ ਇਸ ਭਲੇਮਾਣਸ ਦੀ ਗੱਲ ਕਰ ਰਿਹਾ ਹਾਂ।” ਮੁਨੀਸ਼ ਨੇ ਗੱਦੇ ਹੇਠੋਂ ਲਿਫਾਫਾ ਕੱਢ ਕੇ ਪਤਨੀ ਨੂੰ ਫੜਾਉਂਦਿਆਂ ਕਿਹਾ। ਜੇ ਉਹ ਖੁਸ਼ਨਸੀਬ ਮਿਲ ਜਾਂਦਾ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ।
ਲਿਫਾਫੇ ਵਿੱਚੋਂ ਨਿਕਲੀਆਂ ਫੋਟੋਆਂ ਤੇ ਚਿੱਠੀਆਂ ਦੇਖ ਕੇ ਅਨੁਰਾਧਾ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ, ਜਿਵੇਂ ਸਿਰ ‘ਤੇ ਸੱਤ ਘੜੇ ਪਾਣੀ ਪੈ ਗਿਆ ਹੋਵੇ।
‘‘ਰਾਧਾ ਜੇਕਰ ਤੇਰਾ ਕ੍ਰਿਸ਼ਨ ਘਨੱਈਆ ਇਹ ਲਿਫਾਫਾ ਸੌਂਪਣ ਤੋਂ ਬਾਅਦ ਮੈਨੂੰ ਮਿਲ ਗਿਆ ਹੁੰਦਾ, ਮੈਂ ਆਪਣੀ ਥਾਂ ਉਸ ਨੂੰ ਫੇਰਿਆਂ ‘ਤੇ ਬਿਠਾ ਦਿੰਦਾ, ਪਰ ਕੀ ਕਰਦਾ, ਉਸਦੀ ਗੈਰ-ਹਾਜ਼ਰੀ ਵਿੱਚ ਤੇਰੇ ਨਾਲ ਵਿਆਹ ਤੋਂ ਸਿਵਾ ਮੇਰੇ ਲਈ ਕੋਈ ਚਾਰਾ ਵੀ ਤਾਂ ਨਹੀਂ ਸੀ ਰਹਿ ਗਿਆ।”
‘‘ਇਹ ਗੱਲ ਮੇਰੀ ਸਮਝ ‘ਚ ਨਹੀਂ ਆ ਰਹੀ, ਜੇ ਤੁਸੀਂ ਇੱਕ ਦੂਜੇ ਨੂੰ ਪ੍ਰੇਮ ਕਰਦੇ ਸੀ, ਫਿਰ ਸ਼ਾਦੀ ਕਿਉਂ ਨਾ ਕੀਤੀ? ਤੁਹਾਡੇ ਸੰਬੰਧਾਂ ਦੀ ਜੇ ਜ਼ਰਾ ਵੀ ਭਿਣਕ ਪੈ ਜਾਂਦੀ, ਮੈਂ ਕਦੇ ਤੁਹਾਡੇ ਰਾਹ ਦਾ ਰੋੜਾ ਨਾ ਬਣਦਾ।”
‘‘ਮੁਨੀਸ਼… ਮੈਂ ਬਹਿਕਾਵੇ ਵਿੱਚ ਆ ਗਈ ਸੀ।… ਮੈਥੋਂ ਭੁੱਲ ਹੋ ਗਈ… ਮੈਨੂੰ ਮੁਆਫ ਕਰ ਦਿਓ…। ਹੁਣ ਸਾਲ ਭਰ ਤੋਂ ਉਸ ਲੜਕੇ ਨਾਲ ਮੇਰਾ ਕੋਈ ਸੰਬੰਧ ਨਹੀਂ। ਮੈਂ ਉਸਨੂੰ ਛੱਡ ਚੁੱਕੀ
ਹਾਂ… ਦਿਲ ‘ਚੋਂ ਵੀ ਕੱਢ ਚੁੱਕੀ ਹਾਂ।” ਇਹ ਕਹਿੰਦੇ ਹੋਏ ਉਸਨੇ ਡਿੱਗ ਰਹੇ ਹੰਝੂਆਂ ਨੂੰ ਸਮੇਟਣ ਲਈ ਦੋਵੇਂ ਹੱਥਾਂ ਨਾਲ ਚਿਹਰਾ ਢਕ ਲਿਆ ਸੀ।
ਉਸ ਲੜਕੇ ਨੂੰ ਛੱਡ ਦੇਣ ਜਾਂ ਭੁੱਲ ਜਾਣ ਨਾਲ ਤੇਰਾ ਮੈਲਾ ਹੋਇਆ ਦਾਮਨ ਹੁਣ ਸਾਫ ਤਾਂ ਨਹੀਂ ਹੋ ਸਕਦਾ, ਪਰ…। ਮੁਨੀਸ਼ ਨੇ ਚਿਹਰੇ ਤੋਂ ਹੱਥ ਹਟਾ ਕੇ ਆਪਣੇ ਰੁਮਾਲ ਨਾਲ ਪਤਨੀ ਦੀਆਂ
ਅੱਖਾਂ ਪੂੰਝਦਿਆਂ ਕਿਹਾ, ‘‘ਜੇ ਪੜ੍ਹਨ ਦੇ ਨਾਲ-ਨਾਲ ਤੂੰ ਆਪਣੇ ਵਿਰਸੇ ਦੀਆਂ ਸਮਾਜਕ ਕਦਰਾਂ-ਕੀਮਤਾਂ, ਸੱਭਿਅਕ ਪ੍ਰੰਪਰਾਵਾਂ, ਸਿੱਖਿਆਵਾਂ ਅਤੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਵੀ ਰੱਖਦੀ ਤਾਂ ਤੈਨੂੰ ਅੱਜ ਅਜਿਹੀ ਸ਼ਰਮਿੰਦਗੀ ਨਾ ਝੱਲਣੀ ਪੈਂਦੀ। ਅਨੁਰਾਧਾ ਅਜਿਹੀਆਂ ਬੇਹੂਦਾ ਚਿੱਠੀਆਂ ਲਿਖਦਿਆਂ, ਨਾ ਦੇਖਣਯੋਗ ਤਸਵੀਰਾਂ ਖਿਚਵਾਉਂਦਿਆਂ ਤੈਨੂੰ ਤਾਂ ਰਾਧਾ ਵਰਗੇ ਪਵਿੱਤਰ ਕਿਰਦਾਰ ਦਾ ਵੀ ਖਿਆਲ ਨਹੀਂ ਆਇਆ ਅਤੇ ਤੂੰ ਤਾਂ ਉਸਦੇ ਨਾਂ ਨੂੰ ਵੀ ਦਾਗਦਾਰ ਕਰ ਦਿੱਤਾ। ਕਾਲਜ ਵਿੱਚ ਬਿਤਾਏ ਤਿੰਨ-ਚਾਰ ਸਾਲ ਹੀ ਜੀਵਨ ਨਹੀਂ ਬਣ ਜਾਂਦੇ, ਸਗੋਂ ਜ਼ਿੰਦਗੀ ਦਾ ਇੱਕ ਨਿੱਕਾ ਜਿਹਾ ਹਿੱਸਾ ਹੁੰਦੇ ਹਨ, ਜੋ ਸਮੁੱਚੇ ਜੀਵਨ ਦੀ ਇਮਾਰਤ ਉਸਾਰਨ ਵਾਲੀ ਪ੍ਰਭਾਵਸ਼ਾਲੀ ਮਜ਼ਬੂਤ ਨੀਂਹ ਬਣਨ ਲਈ ਜ਼ਿੰਮੇਵਾਰ ਸਮਝੇ ਜਾਂਦੇ ਹਨ। ਜੇ ਨੀਂਹ ਕਮਜ਼ੋਰ ਹੋਵੇ ਤਾਂ ਇਮਾਰਤ ਲੰਮਾ ਸਮਾਂ ਨਹੀਂ ਖਲੋ ਸਕਦੀ। ਛੇਤੀ ਹੀ ਮਲਬੇ ਦਾ ਰੂਪ ਧਾਰਨ ਕਰ ਲੈਂਦੀ ਏ। ਤੂੰ ਸਮਝ ਸਕਦੀ ਏਂ ਖੰਡਰਾਤ ਬਣੀ ਇਮਾਰਤ ਦਾ ਕੀ ਮੁੱਲ ਰਹਿ ਜਾਂਦਾ ਏ। ਦੇਖ ਅਨੁਰਾਧਾ, ਤੂੰ ਆਪਣੇ ਜੀਵਨ ਦਾ ਮਹੱਤਵਪੂਰਨ ਸਮਾਂ ਗੁਆ ਚੁੱਕੀ ਏਂ। ਇਹ ਸਾਰਥਕ ਵੀ ਹੋ ਸਕਦਾ ਸੀ, ਜੇ ਤੇਰਾ ਵਿਆਹ ਤੇਰੇ ਪ੍ਰੇਮੀ ਨਾਲ ਹੋ ਜਾਂਦਾ। ਤੇਰੀਆਂ ਚਿੱਠੀਆਂ ਮੂੰਹੋਂ ਬੋਲਦੀਆਂ ਨੇ ਕਿ ਤੂੰ ਉਸਨੂੰ ਬਹੁਤ ਪਿਆਰ ਕਰਦੀ ਸੈਂ। ਫਿਰ ਉਸ ਤੋਂ ਮੂੰਹ ਕਿਉਂ ਮੋੜ ਲਿਆ? ਅੱਜ ਆਪਣੀ ਪਹਿਲੀ ਰਾਤ ਹੈ, ਤੂੰ ਸਭ ਕੁਝ ਸੱਚੋ-ਸੱਚ ਦੱਸ ਦੇ, ਤਾਂ ਕਿ ਭਵਿੱਖ ਵਿੱਚ ਵਾਰ-ਵਾਰ ਇਸਦਾ ਜ਼ਿਕਰ ਕਰਨ ਤੋਂ ਬਚਿਆ ਜਾਵੇ।”
‘‘ਮੁਨੀਸ਼, ਮੈਂ ਕਿਸੇ ਵੱਲੋਂ ਕਹੇ ਗਏ ਸੱਚ ਨੂੰ ਦੁਹਰਾਉਂਦੀ ਹਾਂ…‘ਇਸ਼ਕ ਅੰਨ੍ਹਾ ਹੁੰਦਾ ਏ।’ ਹਾਂ ਇਸ਼ਕ ਅੰਨ੍ਹਾ ਹੁੰਦਾ ਏ, ਉਨ੍ਹਾਂ ਸੁਜਾਖਿਆਂ ਲਈ ਜੋ ਆਪਣੇ ਆਪ ਨੂੰ ਦੇਖਣ ਤੋਂ ਮੁਨਕਰ ਹੋ ਜਾਂਦੇ ਨੇ। ਮੁਨੀਸ਼, ਬੁਰੇ-ਭਲੇ ਦਾ ਫਰਕ, ਚੰਗੇ-ਮੰਦੇ ਦੀ ਪਛਾਣ ਕਰਨ ਲਈ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ, ਪਰ ਮੈਂ ਵੀ ਤਾਂ ਅੰਨ੍ਹੀ ਹੋ ਗਈ ਸਾਂ, ਜਦ ਨਸ਼ਿਆਂ ਦੇ ਆਦੀ ਆਵਾਰਾ ਵਿਵੇਕ ਬਾਰੇ ਮੈਨੂੰ ਪਤਾ ਲੱਗਿਆ, ਮੈਂ ਉਸ ਨਾਲੋਂ ਨਾਤਾ ਤੋੜ ਲਿਆ, ਪਰ ਉਸ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਨਸ਼ਿਆਂ ਦੀ ਪੂਰਤੀ ਲਈ ਡਰਾ-ਧਮਕਾ ਕੇ ਉਹ ਮੈਥੋਂ ਰੁਪਏ ਵੀ ਲੈਂਦਾ ਰਿਹਾ। ਮੈਂ ਉਸ ਕੋਲੋਂ ਇਹੀ ਫੋਟੋਆਂ ਤੇ ਚਿੱਠੀਆਂ ਬਦਲੇ ਕੰਨਾਂ ਤੋਂ ਲਾਹ ਕੇ ਆਪਣੇ ਟੌਪਸ ਵੀ ਦਿੱਤੇ, ਪਰ ਉਸਨੇ ਮੈਨੂੰ ਹੋਰ ਵੀ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਮੇਰਾ ਜਿਊਣ ਦੁੱਭਰ ਹੋ ਗਿਆ। ਆਖਰ ਤੰਗ ਆ ਕੇ ਮੈਂ ਕਾਲਜ ਜਾਣਾ ਛੱਡ ਦਿੱਤਾ। ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ।” ਪਤੀ ਦੇ ਪੈਰ ਫੜਦਿਆਂ ਉਸਨੇ ਤਰਲੇ ਵਜੋਂ ਕਿਹਾ, ‘‘ਮੈਨੂੰ ਮੁਆਫ ਕਰ ਦਿਓ।”…ਰੋਕ-ਰੋਕ ਰੱਖ ਹੋਏ ਹੰਝੂ ਵਹਿ ਤੁਰੇ ਅਤੇ ਰਾਧਾ ਨੇ ਆਪਣਾ ਸਿਰ ਮੁਨੀਸ਼ ਦੇ ਮੋਢੇ ਨਾਲ ਲਾ ਲਿਆ।
‘‘ਅਨੁਰਾਧਾ, ਤੂੰ ਉਸ ਮੋਬਾਈਲ ਫੋਨ ਬਾਰੇ ਕੁਝ ਨਹੀਂ ਦੱਸਿਆ, ਜਿਸਦਾ ਤੇਰੀਆਂ ਚਿੱਠੀਆਂ ਵਿੱਚ ਜ਼ਿਕਰ ਕੀਤਾ ਗਿਆ ਹੈ?” ਮੁਨੀਸ਼ ਨੇ ਪੁੱਛਿਆ।
‘‘ਉਸ ਵਿੱਚ ਮੇਰੀਆਂ ਫੋਟੋਆਂ ਸੇਵ ਕੀਤੀਆਂ ਹੋਈਆਂ ਸਨ। ਉਹ ਉਨ੍ਹਾਂ ਨੂੰ ਜਨਤਕ ਕਰ ਕੇ ਮੇਰੀ ਬਦਨਾਮੀ ਕਰਨ ਦੀ ਧਮਕੀ ਦਿਆ ਕਰਦਾ ਸੀ। ਇੱਕ ਦਿਨ ਨਸ਼ੇ ਦੀ ਹਾਲਤ ਵਿੱਚ ਵਿੱਕੀ ਕਾਲਜ ਦੀ ਕੰਟੀਨ ਵਿੱਚ ਬੈਠਾ ਕਿਸੇ ਨੂੰ ਫੋਨ ਕਰ ਰਿਹਾ ਸੀ। ਮੈਂ ਉਸ ਕੋਲੋਂ ਮੋਬਾਈਲ ਖੋਹ ਕੇ ਕਾਹਲੇ-ਕਾਹਲੇ ਕਦਮੀ ਕਾਲਜ ਤੋਂ ਬਾਹਰ ਚਲੀ ਗਈ। ਥੋੜ੍ਹੀ ਦੇਰ ਪਿੱਛੋਂ ਉਸ ਨੇ ਮੇਰੇ ਕੋਲ ਆ ਕੇ ਆਪਣਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਦੇ ਥੱਪੜ ਮਾਰਿਆ ਅਤੇ ਉਹ ਜ਼ਰਾ ਕੁ ਧੱਕਾ ਦੇਣ ਨਾਲ ਡਿੱਗ ਪਿਆ। ਉਸ ਨੇ ਖੜਾ ਹੋ ਕੇ ਜਦ ਮੇਰਾ ਦੁਬਾਰਾ ਪਿੱਛਾ ਕੀਤਾ ਤਾਂ ਮੈਂ ਰੌਲਾ ਪਾ ਦਿੱਤਾ। ਇਕੱਠੇ ਹੋਏ ਲੋਕਾਂ ਨੇ ਕੁੱਟਮਾਰ ਕਰ ਕੇ ਉਸਨੂੰ ਪੁਲਸ ਹਵਾਲੇ ਕਰ ਦਿੱਤਾ ਅਤੇ ਮੈਂ ਉਸ ਮੋਬਾਈਲ ਨੂੰ ਗੰਦੇ ਨਾਲੇ ‘ਚ ਸੁੱਟ ਦਿੱਤਾ।”
‘‘ਅਜਿਹੇ ਨਸ਼ੇੜੀ ਆਵਾਰਾਗਰਦ ਮੁੰਡਿਆਂ ਦਾ ਭਵਿੱਖ ਸਮੇਂ ਦੀ ਧੂੜ ‘ਚ ਗੁੰਮ ਹੋ ਕੇ ਰਹਿ ਜਾਂਦਾ ਏ। ਫੇਰ ਕੀ ਹੋਇਆ ਰਾਧਾ?”
‘‘ਉਹ ਮੈਨੂੰ ਬਰਬਾਦ ਕਰ ਦੇਣ ਦੀਆਂ ਧਮਕੀਆਂ ਦੇਣ ਲੱਗ ਪਿਆ। ਮੈਂ ਤੰਗ ਆ ਕੇ ਆਪਣੇ ਮਾਪਿਆਂ ਨੂੰ ਸਭ ਕੁਝ ਦੱਸ ਦਿੱਤਾ। ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਉਹ ਕਿਸੇ ਸਿਆਸੀ ਬੰਦੇ ਦਾ ਲੜਕਾ ਸੀ, ਜੋ ਪੜ੍ਹਨ ਲਈ ਆਪਣੇ ਮਾਮੇ ਕੋਲ ਰਿਹਾ ਕਰਦਾ ਸੀ।” ‘‘ਫੇਰ ਕੀ ਹੋਇਆ?” ਮੁਨੀਸ਼ ਨੇ ਪੁੱਛਿਆ।
‘‘ਮੇਰਾ ਕਾਲਜ ਜਾਣਾ ਬੰਦ ਕਰ ਕੇ ਮੈਨੂੰ ਵਿਆਹ ਦੇਣ ਦਾ ਫੈਸਲਾ ਕੀਤਾ ਗਿਆ।”
‘‘ਰਾਧਾ, ਅਜਿਹੀ ਧੀ ਨੂੰ ਪਰਾਈ ਕਰ ਦੇਣ ਤੋਂ ਸਿਵਾ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ। ਮਾਣ ਨਾਲ ਸਿਰ ਉਚਾ ਚੁੱਕ ਕੇ ਤੁਰਨ ਲਈ ਜ਼ਿੰਦਗੀ ਦੇ ਹਰ ਖੇਤਰ ਵਿੱਚ ਪਾਕ-ਦਾਮਨ ਹੋ ਕੇ ਵਿਚਰਨਾ ਤਦ ਹੀ ਸੰਭਵ ਹੋ ਸਕਦਾ ਹੈ, ਜੇ ਮੁੱਢਲੀ ਅਵਸਥਾ ਤੋਂ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ। ਕੀ ਤੇਰੇ ਮਾਤਾ-ਪਿਤਾ ਨੇ ਤੈਨੂੰ ਅਜਿਹੀਆਂ ਵਰਜਿਤ ਗੱਲਾਂ ਤੋਂ ਦੂਰ ਰਹਿਣ ਲਈ ਸੁਚੇਤ ਨਹੀਂ ਸੀ ਕੀਤਾ? ਅੱਲ੍ਹੜ ਉਮਰੇ ਬੇਸਮਝੀ ਕਾਰਨ ਕੀਤੀਆਂ ਗਈਆਂ ਗਲਤੀਆਂ ਦਾ ਖਮਿਆਜ਼ਾ ਤਾਂ ਭੁਗਤਣਾ ਹੀ ਪੈਂਦਾ ਹੈ।”
ਮੁਨੀਸ਼ ਨੇ ਪਤਨੀ ਨੂੰ ਸਮਝਾਉਂਦਿਆਂ ਕਿਹਾ, ‘‘ਚਿੜੀਆਂ ਵੱਲੋਂ ਖੇਤ ਚੁਗਿਆ ਜਾਣ ਪਿੱਛੋਂ ਰੋਣ-ਧੋਣ ਦਾ ਕੋਈ ਫਾਇਦਾ ਨਹੀਂ ਹੁੰਦਾ। ਫੇਰਿਆਂ ਤੋਂ ਪਹਿਲਾਂ ਵਾਪਰੀ ਉਹ ਦੁਖਦਾਈ ਘਟਨਾ ਮੇਰੇ ਲਈ ਕਿਸੇ ਗਹਿਰੇ ਸਦਮੇ ਤੋਂ ਘੱਟ ਨਹੀਂ ਸੀ, ਪਰ ਉਸ ਵੇਲੇ ਤੇਰੇ ਪਰਵਾਰ ਦਾ ਹੀ ਨਹੀਂ, ਮੇਰੇ ਪਰਵਾਰ ਦੀ ਇੱਜ਼ਤ ਦਾ ਵੀ ਸਵਾਲ ਪੈਦਾ ਹੋ ਗਿਆ ਸੀ। ਲੋਕਾਂ ਨੇ ਇਹੋ ਕਹਿਣਾ ਸੀ ਕਿ ਸ਼ਿਵ ਕੁਮਾਰ ਵਰਗੇ ਸੱਚੇ-ਸੁੱਚੇ ਤੇ ਸ਼ਿਵ ਭਗਤ ਅਖਵਾਉਣ ਵਾਲੇ ਦਾ ਮੁੰਡਾ ਦਾਜ-ਦਹੇਜ ਦੇ ਕਾਰਨ ਕਿਸੇ ਦੀ ਗਊ ਵਰਗੀ ਧੀ ਨੂੰ ਅਣਵਿਆਹੀ ਛੱਡ ਆਇਆ। ਰਾਧਾ, ਜੋ ਹੋਣਾ ਸੀ ਹੋ ਗਿਆ, ਲਫੰਗੇ ਵਿੱਕੀ ਨਾਲ ਸਬੰਧਾਂ ਦਾ ਰਾਜ਼ ਸਿਰਫ ਤੇਰੇ-ਮੇਰੇ ਤੱਕ ਹੀ ਸੀਮਤ ਹੈ ਅਤੇ ਮੈਂ ਤਾਂ ਇਸ ਨੂੰ ਸਦਾ ਲਈ ਭੁਲਾ ਦੇਣ ਦਾ ਯਤਨ ਕਰਾਂਗਾ, ਪਰ ਕਿਤੇ ਇਹ ਨਾ ਹੋਵੇ ਅਤੀਤ ਦਾ ਇਹ ਗੰਧਲਾ ਰਾਜ਼ ਤੇਰੇ-ਮੇਰੇ ਲਈ ਨਾਸੂਰ ਬਣ ਜਾਵੇ, ਇਸ ਲਈ ਤੈਨੂੰ ਬਹੁਤ ਹੀ ਸੰਵੇਦਨਸ਼ੀਲ ਸੋਚ ਅਪਣਾਉਣੀ ਪਵੇਗੀ।” ਗੁੱਸੇ ਵਾਲੇ ਤੇਵਰ ਨਰਮ ਕਰਦਿਆਂ ਉਸ ਨੇ ਕਿਹਾ, ‘‘ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ਦੀਆਂ ਨੀਹਾਂ ‘ਤੇ ਟਿਕਿਆ ਹੁੰਦਾ ਏ, ਐਪਰ ਜ਼ਰਾ ਕੁ ਵਿਸ਼ਵਾਸਘਾਤ ਦਾ ਸ਼ੱਕ ਇਸ ਨੂੰ ਤੋੜ ਦੇਣ ਦਾ ਕਾਰਨ ਵੀ ਬਣ ਸਕਦਾ ਹੈ।”
ਰਾਧਾ ਨੇ ਮੁਨੀਸ਼ ਦੇ ਪੈਰ ਫੜ ਕੇ ਹੰਝੂਆਂ ਦੀ ਝੜੀ ਲਾ ਦਿੱਤੀ।
ਪਤਨੀ ਨੂੰ ਪੈਰਾਂ ਤੋਂ ਉਠਾ ਕੇ ਗਲ ਨਾਲ ਲਾਉਂਦਿਆਂ ਉਸਨੇ ਕਿਹਾ, ‘‘ਅਨੁਰਾਧਾ, ਤੂੰ ਨਹੀਂ ਜਾਣਦੀ ਸਾਡੀ ਸਭਿਅਤਾ, ਸੰਸਕ੍ਰਿਤੀ, ਕਦਰਾਂ-ਕੀਮਤਾਂ ਦੂਜਿਆਂ ਤੋਂ ਕਿੰਨੀਆਂ ਨਿਵੇਕਲੀਆਂ ਤੇ ਅਨਮੋਲ ਹਨ। ਹਰ ਲੜਕੇ-ਲੜਕੀ ਦੇ ਜੀਵਨ ਦੀ ਸ਼ੁਰੂਆਤ ਬਹੁਤ ਸਾਰੇ ਸੁੰਦਰ ਸੁਪਨਿਆਂ ਦੀ ਸਿਰਜਣਾ ਨਾਲ ਹੁੰਦੀ ਹੈ। ਜਿਨ੍ਹਾਂ ਨੂੰ ਹਕੀਕਤ ਬਣਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤੱਤਪਰ ਰਹਿੰਦੇ ਹਨ, ਪਰ ਭੁੱਲ ਜਾਂਦੇ ਨੇ ਸਮਾਜਕ ਪ੍ਰੰਪਰਾਵਾਂ ਦੀਆਂ ਸੀਮਾਵਾਂ, ਜਿਨ੍ਹਾਂ ਦੀ ਉਲੰਘਣਾ ਨਾਲ ਸੁਪਨੇ ਚੂਰ-ਚੂਰ ਹੋ ਜਾਂਦੇ ਨੇ। ਪਿਆਰ ਪੰਛੀ ਵੀ ਕਰਦੇ ਹਨ ਅਤੇ ਪਸ਼ੂ ਵੀ, ਕੁਦਰਤ ਨੇ ਉਨ੍ਹਾਂ ਲਈ ਵੀ ਕੋਈ ਨਿਯਮ ਬਣਾਏ ਹੋਏ ਨੇ, ਜਿਸ ਦਾ ਉਹ ਬਾਖੂਬੀ ਪਾਲਣ ਕਰਦੇ ਹਨ, ਪਰ ਮਨੁੱਖ ਇੱਕ ਅਜਿਹਾ ਜੀਵ ਹੈ, ਜੋ ਗਿਆਨਵਾਨ ਹੁੰਦੇ ਹੋਏ ਵੀ ਮਰਿਯਾਦਾ ਦੀ ਪਰਵਾਹ ਨਹੀਂ ਕਰਦਾ। ਰਾਧਾ, ਸ਼ਾਇਦ ਤੂੰ ਇਹ ਨਹੀਂ ਜਾਣਦੀ ਕਿ ਸਾਡੇ ਸਮਾਜ ਵਿੱਚ ਪੁੱਤਾਂ ਦੀ ਨਿਸਬਤ ਧੀਆਂ ਦੇ ਦਾਮਨ ਵਧੇਰੇ ਪਰਖੇ ਜਾਂਦੇ ਹਨ।”

Facebook Comment
Project by : XtremeStudioz