Close
Menu

ਦਿਨ ਦਿਹਾੜੇ ਸੁਪਨੇ ਵੇਖਣੇ ਬੰਦ ਕਰੇ ਸੁਖਬੀਰ-ਕੈਪਟਨ ਅਮਰਿੰਦਰ ਸਿੰਘ

-- 17 May,2019

ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਜਾਬ ‘ਚ ਅਗਲੀ ਸਰਕਾਰ ਬਣਾਉਣ ਬਾਰੇ ਕੀਤੀ ਟਿੱਪਣੀ ਦਾ ਮੁੱਖ ਮੰਤਰੀ ਨੇ ਦਿੱਤਾ ਜਵਾਬ

ਅਕਾਲੀਆਂ ਨੂੰ ਲੋਕ ਸਭਾ ਚੋਣਾਂ ‘ਚ ਆਪਣਾ ਸਫਾਇਆ ਹੁੰਦਾ ਦਿਸ ਰਿਹਾ

2022 ਦੀਆਂ ਵਿਧਾਨ ਸਭਾ ਚੋਣਾਂ ‘ਤੋਂ ਬਹੁਤ ਪਹਿਲਾਂ ਹੀ ਅਕਾਲੀ ਮੂਧੇ ਮੂੰਹ ਡਿੱਗ ਪੈਣਗੇ

ਸੁਖਬੀਰ ਜੇਕਰ ਲੋਕਾਂ ਕੋਲ ਆਪਣੇ ਪਿਛਲੇ ਸ਼ਾਸਨਕਾਲ ਦਾ ਜ਼ਿਕਰ ਕਰਦਾ ਤਾਂ ਸਿਰਫ ਬਰਗਾੜੀ ਅਤੇ ਹੋਰ ਜੁਰਮਾਂ ਦੀਆਂ ਯਾਦਾਂ ਤਾਜ਼ਾ ਹੋਣਗੀਆਂ

ਚੰਡੀਗੜ੍ਹ, 17 ਮਈ

ਲੋਕ ਸਭਾ ਚੋਣਾਂ ਨੂੰ ਸੂਬੇ ਵਿੱਚ ਸਰਵਉਚਤਾ ਦੀ ਜੰਗ ਬਣਾਉਣ ਦੀਆਂ ਕੋਸ਼ਿਸ਼ਾਂ ਲਈ ਸੁਖਬੀਰ ਸਿੰਘ ਬਾਦਲ ਦੀ ਖਿੱਲੀ ਉਡਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੂਬੇ ਦੀ ਸੱਤਾ ‘ਤੇ ਮੁੜ ਆਉਣ ਦੇ ਦਿਨ ਦਿਹਾੜੇ ਸੁਪਨੇ ਲੈਣੇ ਬੰਦ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਹੁਤ ਪਹਿਲਾਂ ਹੀ ਲੋਕ ਅਕਾਲੀਆਂ ਨੂੰ ਮੂਧੇ ਮੂੰਹ ਸੁੱਟ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਜਨਤਕ ਰੈਲੀਆਂ ਵਿੱਚ ਸੁਖਬੀਰ ਬਾਦਲ ਵੱਲੋਂ ਕੀਤੀਆਂ ਉਨ੍ਹਾਂ ਟਿੱਪਣੀਆਂ ‘ਤੇ ਪ੍ਰਤੀਕ੍ਰਿਆ ਪ੍ਰਗਟ ਕਰ ਰਹੇ ਸਨ ਜਿਨ੍ਹਾਂ ਵਿੱਚ ਸੁਖਬੀਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਵਿੱਚ ਅਗਲੀ ਸਰਕਾਰ ਬਣਾਵੇਗਾ।

ਮੁੱਖ ਮੰਤਰੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਲੋਕ ਸਭਾ ਚੋਣਾਂ ਦੇ ਮੰਚ ਨੂੰ ਵਰਤਣ ਲਈ ਸੁਖਬੀਰ ਦੀ ਕੋਸ਼ਿਸ਼ ਦਾ ਮੌਜੂ ਉਡਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਪਿਛਲੀ ਸਰਕਾਰ ਦੌਰਾਨ ਉਸ ਵੱਲੋਂ ਵਿਕਾਸ ਕਾਰਜਾਂ ਲਈ ਕੀਤੇ ਗਏ ਦਾਅਵੇ ਖੋਖਲੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨਾ ਸਿਰਫ ਦਿਨ ਵੇਲੇ ਸੁਪਨੇ ਦੇਖ ਰਿਹਾ ਹੈ ਸਗੋਂ ਬਾਦਲਾਂ ਦੇ ਪਿਛਲੇ ਕਾਰਜਕਾਲ ਦੀ ਲੋਕਾਂ ਨੂੰ ਯਾਦ ਦਿਵਾ ਕੇ ਆਪਣੇ ਆਪ ਲਈ ਮੁਸੀਬਤਾਂ ਵੀ ਸਹੇੜ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸੂਬੇ ਦੇ ਪਿਛਲੇ ਕਾਲੇ ਦੌਰ ਨੂੰ ਭੁੱਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸੁਖਬੀਰ ਬਾਦਲ ਨੂੰ ਇਹ ਇੱਛਾ ਅਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਲੋਕ ਪਿਛਲੇ ਅਕਾਲੀ ਸ਼ਾਸਨ ਨੂੰ ਯਾਦ ਨਾ ਕਰਨ ਕਿਉਂਕਿ ਪਿਛਲੇ ਸਮੇਂ ਦੀ ਕੋਈ ਵੀ ਯਾਦ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਖੱਜਲ ਖੁਆਰੀਆਂ ਦੀ ਹੀ ਯਾਦ ਦਿਵਾਵੇਗੀ ਜੋ ਉਨ੍ਹਾਂ ਨੂੰ ਬਾਦਲਾਂ ਅਤੇ ਇਨ੍ਹਾਂ ਦੇ ਗੁੰਡਿਆਂ ਦੇ ਹੱਥੋਂ ਝੱਲਣੀਆਂ ਪਈਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਮਾੜੀ ਮੋਟੀ ਵੀ ਸਮਝ ਹੈ ਤਾਂ ਉਸ ਨੂੰ ਇਹ ਇੱਛਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਅਕਾਲੀਆਂ ਵੱਲੋਂ ਮਚਾਈ ਗਈ ਤਬਾਹੀ ਨੂੰ ਲੋਕ ਭੁੱਲ ਜਾਣ। ਉਸ ਨੂੰ ਇਹ ਵੀ ਚਾਹਤ ਕਰਨੀ ਚਾਹੀਦੀ ਹੈ ਕਿ ਲੋਕਾਂ ਦੀ ਯਾਦਦਾਸ਼ਤ ਵਿੱਚੋਂ ਉਹ ਸਾਰੇ ਮਾਫੀਏ ਵੀ ਖਤਮ ਹੋ ਜਾਣ ਜਿਨ੍ਹਾਂ ਨੇ ਉਨ੍ਹਾਂ ਦੇ ਸ਼ਾਸਨ ਦੌਰਾਨ ਅਸਲ ਵਿੱਚ ਸੱਤਾ ਚਲਾਈ। ਉਸ ਨੂੰ ਇਹ ਵੀ ਇੱਛਾ ਰੱਖਣੀ ਚਾਹੀਦੀ ਹੈ ਕਿ ਨਸ਼ਿਆਂ ਨਾਲ ਤਬਾਹ ਹੋਏ ਬੱਚਿਆਂ, ਸੂਬੇ ਵਿੱਚੋਂ ਉਦਯੋਗ ਦੇ ਚਲੇ ਜਾਣ, ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਅਤੇ ਕਿਸਾਨ ਖੁਦਕੁਸ਼ੀਆਂ ਦੀਆਂ ਗੱਲਾਂ ਵੀ ਲੋਕਾਂ ਦੇ ਚੇਤਿਆਂ ‘ਚੋਂ ਵਿਸਰ ਜਾਣ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਲਈ ਇਹ ਵਧੀਆ ਹੋਵੇਗਾ ਕਿ ਲੋਕਾਂ ਨੂੰ ਬਰਗਾੜੀ ਅਤੇ ਬੇਅਦਬੀ ਦੀਆਂ ਹੋਰ ਘਟਨਾਵਾਂ ਦੀ ਯਾਦ ਨਾ ਆਵੇ ਕਿਉਂਕਿ ਅਕਾਲੀਆਂ ਨੇ ਸੱਤਾ ਵਿੱਚ ਮੁੜ ਵਾਪਸ ਆਉਣ ਲਈ ਲੋਕਾਂ ਨੂੰ ਵੰਡਣ ਵਾਸਤੇ ਨਿਰਾਸ਼ਾਜਨਕ ਕੋਸ਼ਿਸ਼ਾਂ ਕੀਤੀਆਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਿਰੋਧ ਕਰ ਰਹੇ ਬੇਗੁਨਾਹਾਂ ‘ਤੇ ਗੋਲੀਬਾਰੀ ਕੀਤੀ।

ਮੁੱਖ ਮੰਤਰੀ ਨੇ ਕਿਹਾ,”ਮੈਂ ਇਹ ਤਾਂ ਹਮੇਸ਼ਾ ਜਾਣਦਾ ਸੀ ਕਿ ਸੁਖਬੀਰ ਮੂਰਖ ਹੈ ਪਰ ਜਿੰਨਾ ਮੈਂ ਸਮਝਦਾ ਸੀ ਉਹ ਉਸ ਤੋਂ ਵੀ ਕਿਤੇ ਵੱਡਾ ਮੂਰਖ ਹੈ। ਉਹ ਅਸਲ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ‘ਤੇ ਕੀਤੇ ਬੇਤਹਾਸ਼ਾ ਜੁਰਮਾਂ ਬਾਰੇ ਹੀ ਲੋਕਾਂ ਨੂੰ ਯਾਦ ਕਰਵਾ ਰਿਹਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2022 ‘ਤੇ ਕੇਂਦਰਿਤ ਕਰਨ ਦੀ ਬੁਖਲਾਹਟ ਭਰੀ ਕੋਸ਼ਿਸ਼ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਅਕਾਲੀਆਂ ਨੇ ਇਨ੍ਹਾਂ ਲੋਕ ਸਭਾ ਚੋਣਾਂ ਬਾਰੇ ਕੰਧ ‘ਤੇ ਲਿਖਿਆ ਪੜ੍ਹ ਲਿਆ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਹੋ ਰਿਹਾ ਹੈ।

Facebook Comment
Project by : XtremeStudioz