Close
Menu

ਦਿੱਲੀ ’ਚ ਕੀਤੇ ਕੰਮਾਂ ਆਸਰੇ ਪੰਜਾਬ ਵਾਸੀਆਂ ਤੋਂ ਵੋਟਾਂ ਮੰਗੇਗੀ ‘ਆਪ’

-- 21 April,2019

ਅੰਮ੍ਰਿਤਸਰ, 21 ਅਪਰੈਲ
ਆਮ ਆਦਮੀ ਪਾਰਟੀ ਦਿੱਲੀ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਅਤੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਸਮੇਤ ਪੰਜਾਬ ਦੀ ਕਿਸਾਨੀ ਤੇ ਨਸ਼ਿਆਂ ਦੇ ਮੁੱਦੇ ਆਦਿ ਦੇ ਆਧਾਰ ’ਤੇ ਪੰਜਾਬ ਵਿੱਚ ਚੋਣਾਂ ਲੜੇਗੀ। ਇਹ ਖੁਲਾਸਾ ‘ਆਪ’ ਦੇ ਵਿਧਾਇਕ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਅਮਨ ਅਰੋੜਾ ਨੇ ਕੀਤਾ ਹੈ। ਉਹ ਅੱਜ ਇਥੇ ਅੰਮ੍ਰਿਤਸਰ ਸੰਸਦੀ ਹਲਕੇ ਦਾ ਦੌਰਾ ਕਰਨ ਲਈ ਆਏ ਸਨ। ਅੱਜ ਇਸ ਮੌਕੇ ਕੁਝ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਗਿਆ। ‘ਆਪ’ ਦੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਦਿੱਲੀ ਦੀ ਸਰਕਾਰ ਦੇ ਮਾਡਲ ਨੂੰ ਲੈ ਕੇ ਲੋਕਾਂ ਵਿਚ ਜਾਵੇਗੀ। ਦਿੱਲੀ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਖੇਤਰ ਵਿਚ ‘ਆਪ’ ਨੇ ਵੱਡਾ ਮਾਅਰਕਾ ਮਾਰਿਆ ਹੈ। ਇਸ ਤੋਂ ਇਲਾਵਾ ਪੰਜਾਬ ਦੀ ਕਰਜ਼ਈ ਕਿਸਾਨੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਨ, ਨਸ਼ਿਆਂ ਦਾ ਖਾਤਮਾ, ਪੰਜਾਬ ਦੀ ਜਵਾਨੀ ਦਾ ਵਿਦੇਸ਼ਾਂ ਵੱਲ ਜਾਣਾ ਆਦਿ ਜਿਹੇ ਮੁੱਦੇ ਲੋਕਾਂ ਸਾਹਮਣੇ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਇਕ ਕੇਂਦਰੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ। ਜਦੋਂਕਿ ਪੰਜਾਬ ਲਈ ਵੀ ਇਕ ਚੋਣ ਮਨੋਰਥ ਪੱਤਰ ਤਿਆਰ ਹੋਵੇਗਾ, ਜਿਸ ਵਿੱਚ ਵੱਖ ਵੱਖ ਲੋਕ ਸਭਾ ਹਲਕਿਆਂ ਦੀਆਂ ਚਾਰ ਤੋਂ ਪੰਜ ਪ੍ਰਮੁੱਖ ਮੰਗਾਂ ਬਾਰੇ ਜ਼ਿਕਰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਸੰਸਦੀ ਹਲਕੇ ਤੋਂ ‘ਆਪ’ ਉਮੀਦਵਾਰ ਲੋਕ ਮਸਲਿਆਂ ਨੂੰ ਹੱਲ ਕਰਾਉਣ ਲਈ ਸੰਸਦ ਵਿੱਚ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਦੱਸਿਆ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਬਾਰੇ ‘ਆਪ’ ਵੱਲੋਂ ਚੋਣ ਕਮਿਸ਼ਨ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜੇਕਰ ਕੋਈ ਹਾਂ-ਪੱਖੀ ਕਾਰਵਾਈ ਨਾ ਹੋਈ ਤਾਂ ‘ਆਪ’ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਆਪਣੇ ਹਿੱਤਾਂ ਦੀ ਖਾਤਰ ਇਹ ਤਬਾਦਲਾ ਕਰਾਇਆ ਹੈ। ਖਡੂਰ ਸਾਹਿਬ ਹਲਕੇ ਤੋਂ ਜੇਕਰ ਪਰਮਜੀਤ ਕੌਰ ਖਾਲੜਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਤਾਂ ‘ਆਪ’ ਆਪਣਾ ਉਮੀਦਵਾਰ ਵਾਪਸ ਲੈ ਸਕਦੀ ਹੈ, ਬਾਰੇ ਉਨ੍ਹਾਂ ਆਖਿਆ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਬਲਕਿ ਇਹ ਮਾਮਲਾ ਕੋਰ ਕਮੇਟੀ ਵੱਲੋਂ ਹੀ ਵਿਚਾਰਿਆ ਜਾ ਸਕਦਾ ਹੈ। ਜਗਮੀਤ ਸਿੰਘ ਬਰਾੜ ਦੀ ਅਕਾਲੀ ਦਲ ਵਿੱਚ ਸ਼ਮੂਲੀਅਤ ਬਾਰੇ ਉਨ੍ਹਾਂ ਆਖਿਆ ਕਿ ਜ਼ੀਰੋ ਵਿੱਚ ਜ਼ੀਰੋ ਜਮ੍ਹਾਂ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ।

Facebook Comment
Project by : XtremeStudioz