Close
Menu

ਦੰਗਾ ਪੀੜਤ ਮੁੜ ਵਸੇਬਾ ਫੰਡਾਂ ਦੀ ਸੀ.ਬੀ.ਆਈ ਜਾਂਚ ਜ਼ਰੂਰੀ : ਫ਼ਤਿਹ ਬਾਜਵਾ

-- 25 September,2013

24 Fateh bajwaਚੰਡੀਗੜ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਕਾਂਗਰਸ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦਾ ਘਿਰਾਓ ਕਰਨ ਦੀ ਧਮਕੀ ਦੇਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਉਹਨਾਂ ਨੂੰ ਦੰਗਾ ਪੀੜਤਾਂ ਦੇ ਮੁੜ ਵਸੇਬਾ ਰਾਸ਼ੀ ਵਿੱਚ ਘਪਲੇ ਕਰਨ ਵਾਲਿਆਂ ਨੂੰ ਸ਼ੈਅ ਦੇਣ ਅਤੇ ਪੀੜਤਾਂ ਤਕ ਗਰਾਂਟਾਂ ਨਾ ਪਹੁੰਚਾ ਸਕਣ ਲਈ ਬਾਦਲਾਂ ਦਾ ਘਿਰਾਓ ਕਰਨ ਦੀ ਸਲਾਹ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਫ਼ਤਿਹ ਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਕਵਲਜੀਤ ਸਿੰਘ ਲਾਲੀ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਤੇ ਸਕੱਤਰ ਪਰਮਜੀਤ ਸਿੰਘ ਰੰਧਾਵਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਲੋਂ ਦੰਗਾ ਪੀੜਤਾਂ ਦੇ ਮੁੜ ਵਸੇਬੇ ਲਈ ਕੇਂਦਰ ਵਲੋ ਜਾਰੀ ਫੰਡਾਂ ਵਿੱਚ ਕੀਤੀ ਗਈ ਹੇਰਾਫੇਰੀ ਸੰਬੰਧੀ ਸਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਕਾਨੂੰਨੀ ਕਟਹਿਰੇ ਵਿੱਚ ਖੜੇ ਕਰਨ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਘਪਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਕੀਤੀ ਗਈ ਮੰਗ ਦੀ ਪ੍ਰੋੜ•ਤਾ ਕੀਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਵੱਲੋਂ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਜੋ ਗੰਭੀਰਤਾ ਨਾਲ ਜਾਂਚ ਦਾ ਮੁੱਦਾ ਉਠਾਇਆ ਗਿਆ ਹੈ ਉਹ ਤੱਥਾਂ ਦੇ ਆਧਾਰਿਤ ਹੈ।
ਉਹਨਾਂ ਕਿਹਾ ਕਿ ਸੀ ਬੀ ਆਈ ਜਾਂਚ ਨਾਲ ਆਉਣ ਵਾਲੇ ਨਤੀਜਿਆਂ ਅਤੇ ਸੱਚ ਦਾ ਸਾਹਮਣਾ ਕਰਨ ਤੋਂ ਕਈ ਲੋਕ ਡਰੇ ਹੋਏ ਹਨ। ਉਹਨਾਂ ਕਿਹਾ ਅਖੌਤੀ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਅਤੇ ਅਖੌਤੀ ਦੰਗਾ ਪੀੜਤ ਸੁਸਾਇਟੀ ਦੇ ਆਪੂ ਬਣੇ ਪ੍ਰਧਾਨ ਸੁਰਜੀਤ ਸਿੰਘ ਵੱਲੋਂ ਉਕਤ ਮੰਗ ਦਾ ਵਿਰੋਧ ਕਰਨਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਕਾਲੀ ਆਗੂਆਂ ਦੀ ਬੇ ਅਸੂਲੀ ਵਕਾਲਤ ਕੀਤੀ ਜਾ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਬਾਦਲਾਂ ਦੀ ਸ਼ੈਅ ‘ਤੇ ਉਕਤ ਲੋਕਾਂ ਵੱਲੋਂ ਪੈੱ੍ਰਸ ਕਾਨਫਰੰਸ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ ਅਤੇ ਇਹ ਦਸ ਦਿੱਤਾ ਹੈ ਕਿ ਬਾਦਲਾਂ ਕੋਲ ਅਜਿਹੇ ਚਮਚਿਆਂ ਦੀ ਕੋਈ ਕਮੀ ਨਹੀਂ ਜੋ ਸੱਚ ਨੂੰ ਦਬਾਉਣ ਲਈ ਕਿਸੇ ਦਾ ਵੀ ਘਿਰਾਓ ਕਰਨ ਲਈ ਤਿਆਰ ਹਨ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਕੀ ਸੱਚ ਸਾਹਮਣੇ ਲਿਆਉਣ ਲਈ ਜਾਂਚ ਦੀ ਮੰਗ ਕਰਨੀ ਗਲਤ ਹੈ?
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 6 ਜਨਵਰੀ 2006 ਦੌਰਾਨ ਇੱਕ ਸਰਕੁਲਰ ਜਾਰੀ ਕਰਦਿਆਂ ਦੰਗਾ ਪੀੜਤਾਂ ਦੇ ਮੁੜ ਵਸੇਬੇ ਲਈ ਪ੍ਰਤੀ ਪਰਿਵਾਰ 2 ਲੱਖ ਰੁਪੈ ਦੇਣ ਦੀ ਗਲ ਕੀਤੀ ਗਈ ਜੋ ਬਾਅਦ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਹ ਰਾਸ਼ੀ ਸੰਬੰਧਿਤ ਸੂਬਾ ਸਰਕਾਰ ਪੀੜਤ ਪਰਿਵਾਰਾਂ ਨੂੰ ਲਾਲ ਕਾਰਡ ਜਾਰੀ ਕਰੇਗੀ ਤੇ ਕੇਂਦਰ ਸਰਕਾਰ ਵੱਲੋਂ ਗਰਾਂਟ ਤੇ ਲਾਭ ਦਿੱਤੇ ਜਾਣਗੇ।
ਉਹਨਾਂ ਦੋਸ਼ ਲਾਇਆ ਕਿ ਸੱਤਾਧਾਰੀ ਅਕਾਲੀ ਆਗੂਆਂ ਦੀ ਸ਼ੈਅ ਅਤੇ ਉੱਚ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਾਅਲੀ ਪਛਾਣ ਪੱਤਰਾਂ ਦੇ ਸਹਾਰੇ ਇਹਨਾਂ ਫੰਡਾਂ ਦੇ ਵੱਡੇ ਪੱਧਰ ‘ਤੇ ਘਪਲੇ ਅਤੇ ਗਬਨ ਕੀਤੇ ਗਏ।
ਇਸ ਸੰਬੰਧੀ ਸਰਕਾਰ ਦੇ ਧਿਆਨ ਵਿੱਚ ਆਉਣ ‘ ਤੇ ਰਾਜ ਸਰਕਾਰ ਵੱਲੋਂ ਵਿਜੀਲੈਂਸ ਰਾਹੀਂ ਜਾਂਚ ਪੜਤਾਲ ਕੀਤੀ ਗਈ ਜਿਸ ਵਿੱਚ ਉਕਤ ਘਪਲਿਆਂ ਦਾ ਖੁਲਾਸਾ ਹੋਇਆ ਵੀ ਪਰ ਬਾਦਲ ਸਰਕਾਰ ਵੱਲੋਂ ਤੁਰੰਤ ਜਾਂਚ ਰੋਕ ਦਿੱਤੀ ਗਈ।  ਜਿਸ ਕਾਰਨ ਦੰਗਾ ਪੀੜਤ ਮੁੜ ਵਸੇਬਾ ਰਾਸ਼ੀ ਵਿੱਚ ਹੋਏ ਗਬਨ ਦਾ ਪੂਰਾ ਸੱਚ ਲੋਕਾਂ ਸਾਹਮਣੇ ਨਹੀਂ ਆ ਸਕਿਆ।
ਇਸ ਮੌਕੇ ਉਹਨਾਂ ਨਾਲ ਕੁਲਦੀਪ ਸਿੰਘ ਸੰਦਲ, ਗੁਰਤੇਜ ਸਿੰਘ ਪੰਨੂੰ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Facebook Comment
Project by : XtremeStudioz