Close
Menu

ਨਾਜਾਇਜ਼ ਮਾਈਨਿੰਗ ਨਾ ਰੁਕੀ ਤਾਂ ‘ਆਪ’ ਸਿੱਧੀ ਕਾਰਵਾਈ ਕਰੇਗੀ: ਸੰਧਵਾਂ

-- 21 April,2019

ਜਲੰਧਰ, 21ਅਪਰੈਲ
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤੇ ਖਾਸ ਕਰਕੇ ਰੋਪੜ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦਿੱਤੇ ਸਮੇਂ ਵਿੱਚ ਮਾਈਨਿੰਗ ਨਾ ਰੋਕੀ ਗਈ ਤਾਂ ਪਾਰਟੀ ਸਿੱਧੀ ਕਾਰਵਾਈ ਕਰੇਗੀ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਪਾਰਟੀ ਨਾਜਾਇਜ਼ ਮਾਈਨਿੰਗ ਰੁਕਵਾਉਣ ਦੇ ਵਾਅਦੇ ਤੋਂ ਭੱਜ ਗਈ ਹੈ।
ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ’ਤੇ ‘ਆਪ’ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਖਹਿਰਾ ਸਿਰਫ ਰਾਜਨੀਤਕ ਮੁਫਾਦ ਲਈ ਹੀ ਮੁੱਦਿਆਂ ਨੂੰ ਵਰਤਦੇ ਹਨ। ਬਰਗਾੜੀ ਮੋਰਚੇ ਦੌਰਾਨ ਸਿਆਸੀ ਲਾਹਾ ਲੈਣ ਲਈ ਖਹਿਰਾ ਧੱਕੇ ਨਾਲ ਮੂਹਰੇ ਹੁੰਦੇ ਰਹੇ ਪਰ 1986 ਵਿੱਚ ਵਾਪਰੇ ਨਕੋਦਰ ਬੇਅਦਬੀ ਕਾਂਡ ਵਿੱਚ ਇਨ੍ਹਾਂ ਦੇ ਹੀ ਪਿੰਡ ਰਾਮਗੜ੍ਹ ਦਾ ਇਕ ਨੌਜਵਾਨ ਬਲਧੀਰ ਸਿੰਘ ਸ਼ਹੀਦ ਹੋ ਗਿਆ ਸੀ, ਜਿਸ ਦਾ ਜ਼ਿਕਰ ਖਹਿਰਾ ਨੇ ਕਦੇ ਨਹੀਂ ਕੀਤਾ।
ਉਨ੍ਹਾਂ ਅਕਾਲੀ ਦਲ ’ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਨਕੋਦਰ ਕਾਂਡ ਦੌਰਾਨ ਉਸ ਵੇਲੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੀ ਭੂਮਿਕਾ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ, ਜਿਸ ਦਾ ਜ਼ਿਕਰ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਵਿੱਚ ਵਾਰ-ਵਾਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਮਾਮਲੇ ਵਿੱਚ ਢਿੱਲ ਵਰਤ ਕੇ ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ।
ਇਸ ਮੌਕੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਰਿਪੋਰਟ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਾਗੂ ਕਰਵਾ ਦਿੰਦੇ ਤਾਂ ਸਾਰੇ ਦੋਸ਼ੀ ਹੁਣ ਤੱਕ ਜੇਲ੍ਹ ਵਿੱਚ ਹੋਣੇ ਸਨ।
ਦੋਵਾਂ ਆਗੂਆਂ ਨੇ ਬੀਤੇ ਦਿਨੀਂ ਝੱਖੜ ਨਾਲ ਕਣਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਲੀ ਦੀ ‘ਆਪ’ ਸਰਕਾਰ ਦੀ ਤਰਜ਼ ’ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਸ਼ਾਹਕੋਟ ਹਲਕੇ ਤੋਂ ਚੋਣ ਲੜਨ ਵਾਲੇ ਬਾਬਾ ਪਾਲ ਸਿੰਘ ਮਾਣਕ ਆਪਣੇ ਸਾਥੀਆਂ ਸਮੇਤ ‘ਆਪ’ ਵਿਚ ਸ਼ਾਮਲ ਹੋ ਗਏ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ ਤੇ ਹੋਰ ਆਗੂ ਹਾਜ਼ਰ ਸਨ।

Facebook Comment
Project by : XtremeStudioz