Close
Menu

ਨਿਮਰਤਾ ਦਾ ਫ਼ਲ

-- 07 September,2015

ਇਕ ਪਿੰਡ ਵਿਚ ਇਕ ਕਿਸਾਨ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ | ਉਸ ਦੇ ਘਰ ਵਿਚ ਉਸ ਦੀ ਪਤਨੀ ਤੇ ਉਸ ਦੇ ਦੋ ਪੁੱਤਰ ਮੰਗਾ ਤੇ ਰਾਮਾ ਰਹਿੰਦੇ ਸੀ | ਉਨ੍ਹਾਂ ਦੇ ਸੁਭਾਅ ਵਿਚ ਬਹੁਤ ਅੰਤਰ ਸੀ | ਜਿਥੇ ਰਾਮੇ ਦਾ ਸੁਭਾਅ ਕੌੜਾ ਤੇ ਗੁੱਸੇ ਵਾਲਾ ਸੀ, ਉਥੇ ਮੰਗੇ ਦਾ ਸੁਭਾਅ ਮਿੱਠਾ ਤੇ ਨਿੱਘਾ ਸੀ | ਦੋਵਾਂ ਭਰਾਵਾਂ ਦੇ ਸ਼ੌਕ ਵੀ ਵੱਖੋ-ਵੱਖਰੇ ਸੀ | ਰਾਮੇ ਨੂੰ ਫੁੱਟਬਾਲ ਖੇਡਣ ਦਾ ਬੜਾ ਸ਼ੌਕ ਸੀ ਤੇ ਮੰਗੇ ਨੂੰ ਬੰਸਰੀ ਵਜਾਉਣ ਦਾ ਬਹੁਤ ਸ਼ੌਕ ਸੀ | ਉਹ ਦੋਵੇਂ ਭਰਾ ਬਹੁਤ ਮਿਹਨਤੀ ਸੀ | ਆਪਣੇ ਪਿਤਾ ਨਾਲ ਖੇਤਾਂ ਵਿਚ ਕੰਮ ਵੀ ਕਰਵਾਉਂਦੇ ਸਨ | ਇਕ ਦਿਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ‘ਪੁੱਤ ਘਰ ਵਿਚ ਲੱਕੜੀਆਂ ਖਤਮ ਹੋ ਗਈਆਂ ਨੇ, ਤੁਸੀਂ ਦੋਵੇਂ ਭਰਾ ਜੰਗਲ ਵਿਚੋਂ ਲੱਕੜੀਆਂ ਕੱਟ ਲਿਆਓ |’ ਦੋਵੇਂ ਭਰਾ ਲੱਕੜੀਆਂ ਲਿਆਉਣ ਲਈ ਜੰਗਲ ਜਾਣ ਹੀ ਲੱਗੇ ਸੀ ਕਿ ਐਨੇ ਵਿਚ ਉਨ੍ਹਾਂ ਦੀ ਮਾਂ ਨੇ ਆਵਾਜ਼ ਮਾਰੀ, ‘ਪੁੱਤ ਮੰਗੇ, ਘਰ ਦਾ ਕੁਝ ਸਾਮਾਨ ਲਿਆਉਣ ਵਾਲਾ ਹੈ, ਤੰੂ ਦੁਕਾਨ ਤੋਂ ਜਾ ਕੇ ਫੜ ਲਿਆ |’ ਰਾਮਾ ਕਹਿੰਦਾ, ‘ਵੀਰ ਤੰੂ ਘਰ ਦਾ ਸਾਮਾਨ ਲੈ ਆ, ਮੈਂ ਜੰਗਲ ਵਿਚੋਂ ਲੱਕੜੀਆਂ ਕੱਟ ਲਿਆਉਂਦਾ ਹਾਂ |’ ਇਹ ਕਹਿ ਕੇ ਰਾਮਾ ਲੱਕੜੀਆਂ ਲੈਣ ਜੰਗਲ ਵਿਚ ਚਲਿਆ ਜਾਂਦਾ ਹੈ | ਜੰਗਲ ਵਿਚ ਜਾ ਕੇ ਉਸ ਨੇ ਇਕ ਸੁੱਕੇ ਦਰੱਖਤ ‘ਤੇ ਕੁਹਾੜੀ ਮਾਰੀ ਤੇ ਉਸ ਨੂੰ ਇਕ ਆਵਾਜ਼ ਸੁਣਾਈ ਦਿੱਤੀ, ‘ਤੰੂ ਮੇਰਾ ਘਰ ਕਿਉਂ ਉਜਾੜ ਰਿਹਾ ਏਾ?’
ਰਾਮਾ ਕਹਿੰਦਾ, ‘ਕੌਣ ਹੈ? ਬਾਹਰ ਨਿਕਲ, ਮੈਂ ਤੈਨੂੰ ਦੇਖ ਲੈਂਦਾ ਹਾਂ |’ ਰਾਮੇ ਨੇ ਉਸ ਰੁੱਖ ਉੱਪਰ ਇਕ ਵਾਰ ਫਿਰ ਕੁਹਾੜੀ ਮਾਰੀ ਤਾਂ ਇਕ ਵਣ ਮਾਨਸ ਬਾਹਰ ਨਿਕਲ ਆਇਆ | ਰਾਮਾ ਉਸ ਨੂੰ ਦੇਖ ਕੇ ਘਰ ਭੱਜ ਗਿਆ, ਉਹ ਬਹੁਤ ਡਰਿਆ ਹੋਇਆ ਸੀ |
ਮੰਗਾ ਬੋਲਿਆ, ‘ਮਾਂ ਲੱਕੜੀਆਂ ਮੈਂ ਲੈ ਕੇ ਆਉਂਦਾ ਹਾਂ, ਤੰੂ ਇਸ ਦਾ ਧਿਆਨ ਰੱਖੀਂ |’ ਮੰਗਾ ‘ਕੱਲਾ ਹੀ ਆਪਣੀ ਬੰਸਰੀ ਵਜਾਉਂਦਾ ਹੋਇਆ ਜੰਗਲ ਵੱਲ ਤੁਰ ਪਿਆ ਤੇ ਜੰਗਲ ਵਿਚ ਇਕ ਰੁੱਖ ਦੇ ਥੱਲੇ ਬਹਿ ਕੇ ਕੁਝ ਦੇਰ ਲਈ ਬੰਸਰੀ ਵਜਾਉਣ ਲੱਗਾ | ਕੁਝ ਦੇਰ ਬਾਅਦ ਉਸ ਨੇ ਸੋਚਿਆ ਕਿ ਕਿਉਂ ਨਾ ਮੈਂ ਕੁਝ ਲੱਕੜੀਆਂ ਕੱਟ ਲਵਾਂ | ਐਨੇ ਵਿਚ ਉਹੀ ਵਣ ਮਾਨਸ ਬਾਹਰ ਨਿਕਲ ਆਇਆ ਤੇ ਕਹਿੰਦਾ ਐਨੀ ਮਿੱਠੀ ਧੁਨ ਤੰੂ ਬੰਦ ਕਿਉਂ ਕਰ ਦਿੱਤੀ? ਮੰਗਾ ਕਹਿੰਦਾ, ‘ਭਰਾ ਮੈਂ ਘਰ ਲੱਕੜੀਆਂ ਲੈ ਕੇ ਜਾਣੀਆਂ ਨੇ, ਇਨ੍ਹਾਂ ਤੋਂ ਬਿਨਾਂ ਮੇਰੇ ਘਰ ਦਾ ਚੁੱਲ੍ਹਾ ਨਹੀਂ ਬਲਣਾ |’ ਉਹ ਵਣ ਮਾਨਸ ਕਹਿੰਦਾ, ‘ਤੁਸੀਂ ਬਸ ਆਪਣੀ ਬੰਸਰੀ ਵਜਾਓ, ਲੱਕੜੀਆਂ ਤੁਹਾਨੂੰ ਮੈਂ ਕੱਟ ਦੇਵਾਂਗਾ |’ ਮੰਗਾ ਬੰਸਰੀ ਵਜਾਉਂਦਾ ਰਿਹਾ ਤੇ ਵਣ ਮਾਨਸ ਲੱਕੜੀਆਂ ਕੱਟਦਾ ਰਿਹਾ | ਹੁਣ ਮੰਗਾ ਕਹਿੰਦਾ, ‘ਭਰਾ ਮੈਨੂੰ ਦੇਰ ਹੋ ਰਹੀ ਹੈ, ਮੈਂ ਲੱਕੜੀਆਂ ਨੂੰ ਬੰਨ੍ਹ ਲਵਾਂ |’ ਉਹ ਜੰਗਲੀ ਜੀਵ ਕਹਿੰਦਾ, ‘ਤੰੂ ਬਸ ਬੰਸਰੀ ਵਜਾ, ਲੱਕੜੀਆਂ ਮੈਂ ਬੰਨ੍ਹ ਦੇਵਾਂਗਾ |’ ਵਣ ਮਾਨਸ ਲੱਕੜੀਆਂ ਕੱਟ ਕੇ, ਬੰਨ੍ਹ ਕੇ ਉਸ ਦੇ ਘਰ ਤੱਕ ਛੱਡ ਕੇ ਆਇਆ ਤੇ ਮੰਗੇ ਨੂੰ ਕਹਿੰਦਾ, ‘ਤੇਰੀ ਬੰਸਰੀ ਦੀ ਧੁਨ ਬਹੁਤ ਮਿੱਠੀ ਸੀ, ਇਸ ਨੇ ਮੇਰਾ ਮਨ ਮੋਹ ਲਿਆ | ਤੰੂ ਕਦੇ-ਕਦੇ ਆ ਕੇ ਆਪਣੀ ਬੰਸਰੀ ਦੀ ਮਿੱਠੀ ਧੁਨ ਮੈਨੂੰ ਸੁਣਾ ਦਿਆ ਕਰੀਂ |’ ਇਹ ਕਹਿ ਕੇ ਵਣ ਮਾਨਸ ਵਾਪਸ ਜੰਗਲ ਚਲਾ ਗਿਆ | ਮੰਗਾ ਘਰ ਪਹੁੰਚ ਗਿਆ ਤੇ ਰਾਮਾ ਕਹਿੰਦਾ, ‘ਵੀਰ ਤੰੂ ਲੱਕੜੀਆਂ ਕਿਵੇਂ ਲੈ ਆਇਆਂ? ਤੈਨੂੰ ਉਸ ਵਣ ਮਾਨਸ ਨੇ ਕੁਝ ਨਹੀਂ ਕਿਹਾ?’ ਉਹ ਕਹਿੰਦਾ, ‘ਨਹੀਂ, ਉਹ ਤਾਂ ਆਪ ਪਿਆਰ ਦਾ ਭੁੱਖਾ ਸੀ, ਬਸ ਮੈਂ ਉਸ ਨਾਲ ਪਿਆਰ ਤੇ ਨਿਮਰਤਾ ਨਾਲ ਗੱਲ ਕੀਤੀ ਤੇ ਆਪਣੀ ਬੰਸਰੀ ਦੀ ਮਿੱਠੀ ਧੁਨ ਸੁਣਾਈ ਤੇ ਬਦਲੇ ਵਿਚ ਉਹ ਆਪ ਲੱਕੜੀਆਂ ਕੱਟ ਕੇ, ਬੰਨ੍ਹ ਕੇ ਖੁਦ ਮੈਨੂੰ ਘਰ ਤੱਕ ਛੱਡ ਕੇ ਗਿਆ |’
ਦੇਖਿਆ ਦੋਸਤੋ! ਆਪਾਂ ਆਪਣੇ ਪਿਆਰ ਤੇ ਨਿੱਘੇ ਸੁਭਾਅ ਨਾਲ ਕੀ ਨਹੀਂ ਕਰ ਸਕਦੇ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੀ ਮਿੱਠੀ ਬੋਲੀ, ਨਿਮਰਤਾ ਤੇ ਨਿੱਘੇ ਸੁਭਾਅ ਨਾਲ ਕਿਸੇ ਦਾ ਵੀ ਦਿਲ ਜਿੱਤ ਸਕਦੇ ਹਾਂ |

Facebook Comment
Project by : XtremeStudioz