Close
Menu

ਨੀਰਵ ਖ਼ਿਲਾਫ਼ ਸੁਣਵਾਈ ’ਚ ਸਹਿਯੋਗ ਲਈ ਸੀਬੀਆਈ-ਈਡੀ ਟੀਮ ਲੰਡਨ ਰਵਾਨਾ

-- 28 March,2019

ਨਵੀਂ ਦਿੱਲੀ, 28 ਮਾਰਚ
ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਪ੍ਰਕਿਰਿਆ ਵਿਚ ਸਹਿਯੋਗ ਦੇ ਮੰਤਵ ਨਾਲ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇਕ ਸਾਂਝੀ ਟੀਮ ਜਲਦੀ ਲੰਡਨ ਲਈ ਰਵਾਨਾ ਹੋਵੇਗੀ। ਮੋਦੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਲੰਡਨ ਦੀ ਅਦਾਲਤ ਵਿਚ ਸ਼ੁੱਕਰਵਾਰ ਨੂੰ ਹੋਵੇਗੀ ਤੇ ਜਾਂਚ ਏਜੰਸੀਆਂ ਦੀ ਸਾਂਝੀ ਟੀਮ ਇਸ ਦੌਰਾਨ ਸਥਾਨਕ ਅਥਾਰਿਟੀ ਦਾ ਸਹਿਯੋਗ ਕਰੇਗੀ। ਸੀਬੀਆਈ ਤੇ ਈਡੀ ਨਾਲ ਸਬੰਧਤ ਡਾਇਰੈਕਟਰ ਰੈਂਕ ਦੇ ਅਧਿਕਾਰੀ ਅੱਜ ਲੰਡਨ ਲਈ ਰਵਾਨਾ ਹੋ ਗਏ ਹਨ ਤੇ ਆਪਣੇ ਨਾਲ ਲੋੜੀਂਦੇ ਦਸਤਾਵੇਜ਼ ਲੈ ਕੇ ਜਾ ਰਹੇ ਹਨ। ਈਡੀ ਅਧਿਕਾਰੀ ਆਪਣੇ ਨਾਲ ਏਜੰਸੀ ਵੱਲੋਂ ਮੋਦੀ ਦੀ ਪਤਨੀ ਐਮੀ ਖ਼ਿਲਾਫ਼ ਦਾਖ਼ਲ ਕੀਤੀ ਤਾਜ਼ਾ ਚਾਰਜਸ਼ੀਟ ਤੇ ਹੋਰ ਕਾਗਜ਼ਾਤ ਲੈ ਕੇ ਜਾਵੇਗਾ। ਇਸ ਦੌਰਾਨ ਭਾਰਤੀ ਅਧਿਕਾਰੀ ਉੱਥੋਂ ਦੇ ਵੱਖ-ਵੱਖ ਅਫ਼ਸਰਾਂ ਨਾਲ ਮੁਲਾਕਾਤ ਵੀ ਕਰਨਗੇ ਤੇ ਉਨ੍ਹਾਂ ਨੂੰ ਨੀਰਵ ਤੇ ਉਸ ਦੇ ਪਰਿਵਾਰ ਨਾਲ ਸਬੰਧਤ ਮਾਮਲੇ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਸਬੂਤ ਵੀ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਮੋਦੀ ਤੇ ਉਸ ਦਾ ਰਿਸ਼ਤੇਦਾਰ ਮੇਹੁਲ ਚੌਕਸੀ ਭਾਰਤ ਵਿਚ ਬੈਂਕਿੰਗ ਧੋਖਾਧੜੀ ਦੇ ਦੋਸ਼ਾਂ ’ਚ ਘਿਰੇ ਹੋਏ ਹਨ। ਮੋਦੀ ਨੂੰ ਹਾਲ ਹੀ ਵਿਚ ਲੰਡਨ ’ਚ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਨੀਰਵ ਨੇ ਆਪਣੀ ਹਵਾਲਗੀ ਦਾ ਅਦਾਲਤ ਵਿਚ ਵਿਰੋਧ ਕੀਤਾ ਸੀ। ਜੱਜ ਨੇ ਮੋਦੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ 29 ਮਾਰਚ ਤੱਕ ਹਿਰਾਸਤ ਵਿਚ ਭੇਜ ਦਿੱਤਾ ਸੀ।

ਪੇਂਟਿੰਗਜ਼ ਦੀ ਨਿਲਾਮੀ: ਆਈਟੀ ਵਿਭਾਗ ਨੂੰ ਜਵਾਬ ਦਾਖ਼ਲ ਕਰਨ ਦੀ ਹਦਾਇਤ
ਮੁੰਬਈ: ਬੰਬੇ ਹਾਈ ਕੋਰਟ ਨੇ ਨੀਰਵ ਮੋਦੀ ਦੀ ਕੰਪਨੀ ਕੈਮਲੋਟ ਐਂਟਰਪ੍ਰਾਈਜ਼ਿਜ਼ ਵੱਲੋਂ ਉਸ ਦੀਆਂ 68 ਕਲਾਕ੍ਰਿਤੀਆਂ (ਪੇਂਟਿੰਗਜ਼) ਦੀ ਨਿਲਾਮੀ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ ਦਾ ਜਵਾਬ ਆਮਦਨ ਕਰ ਵਿਭਾਗ ਨੂੰ ਦੇਣ ਲਈ ਕਿਹਾ ਹੈ। ਅਦਾਲਤੀ ਬੈਂਚ ਨੇ ਆਈਟੀ ਵਿਭਾਗ ਨੂੰ ਪਹਿਲੀ ਅਪਰੈਲ ਤੱਕ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਇੱਥੋਂ ਦੀ ਇਕ ਅਦਾਲਤ ਨੇ ਆਈਟੀ ਵਿਭਾਗ ਨੂੰ ਨੀਰਵ ਦੀਆਂ ਪੇਂਟਿੰਗਜ਼ ਦੀ ਨਿਲਾਮੀ ਕਰਨ ਦੀ ਇਜਾਜ਼ਤ ਦਿੱਤੀ ਸੀ।

Facebook Comment
Project by : XtremeStudioz