Close
Menu

ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ : ਪੰਜਾਬ ਸਰਕਾਰ ਵੱਲੋਂ 51 ਖੇਤੀ ਵਿਗਿਆਨੀਆਂ ਦਾ ਸਨਮਾਨ

-- 18 February,2014

4 (2)ਚੱਪੜਚਿੜੀ (ਐਸ.ਏ.ਐਸ. ਨਗਰ) ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਖੇਤੀ ਵਿਗਿਆਨੀਆਂ ਤੇ ਮਾਹਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਅਜੋਕੇ ਖੇਤੀ ਸੰਕਟ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਦਾ ਮਾਰਗ ਦਰਸ਼ਨ ਕਰਨ।
ਸ. ਬਾਦਲ ਅੱਜ ਇੱਥੇ ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ ਦੇ ਦੂਜੇ ਦਿਨ ਸੂਬਾ ਸਰਕਾਰ ਵੱਲੋਂ ਖੇਤੀ ਖੋਜ, ਵਿਕਾਸ ਤੇ ਆਰਥਿਕਤਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ 51 ਵਿਗਿਆਨੀਆਂ ਅਤੇ ਖੇਤੀ ਨਾਲ ਸਬੰਧਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਹਾਜ਼ਰ ਵਿਗਿਆਨੀਆਂ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਇਸ ਮੌਕੇ ਦਿੱਤੇ ਗਏ ਬਹੁਤ ਹੀ ਪ੍ਰਭਾਵਸ਼ਾਲੀ ਤੇ ਦਿਲ ਟੁੰਬਵੇਂ ਭਾਸ਼ਣ ਵਿੱਚ ਆਖਿਆ ਕਿ ਕਿਸੇ ਸਮੇਂ ਬਹੁਤ ਹੀ ਉੱਤਮ ਅਤੇ ਲਾਹੇਵੰਦ ਸਮਝਿਆ ਜਾਂਦਾ ਖੇਤੀ ਦਾ ਕਿੱਤਾ ਅੱਜ ਘੋਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਖੇਤੀ ਪੈਦਾਵਾਰ ਖੜ੍ਹੋਤ ਦੇ ਉਸ ਪੜਾਅ ‘ਤੇ ਪਹੁੰਚ ਚੁੱਕੀ ਹੈ ਜਿਸ ਇਸ ਤੋਂ ਅਗਾਂਹ ਵਧਾਉਣਾ ਆਮ ਕਿਸਾਨ ਦੇ ਵੱਸ ਵਿੱਚ ਨਹੀਂ ਰਿਹਾ। ਉਨ੍ਹਾਂ ਖੇਤੀ ਵਿਗਿਆਨੀਆਂ ਤੇ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਪੈਦਾਵਾਰ ਵਿੱਚ ਆਈ ਖੜ੍ਹੋਤ ਨੂੰ ਤੋੜਣ ਅਤੇ ਖੇਤੀ ਲਾਗਤਾਂ ਨੂੰ ਘਟਾਉਣ ਦੇ ਢੰਗ-ਤਰੀਕਿਆਂ ਬਾਰੇ ਖੋਜ ਕਰਨ ਤਾਂ ਕਿ ਘਾਟੇ ਦਾ ਸੌਦਾ ਬਣ ਚੁੱਕੇ ਇਸ ਕਿੱਤੇ ਨੂੰ ਮੁੜ ਲਾਹੇਵੰਦ ਧੰਦਾ ਬਣਾ ਕੇ ਕਿਸਾਨਾਂ ਦੀ ਪਹਿਲੀ ਵਾਲੀ ਆਨ-ਸ਼ਾਨ ਬਹਾਲ ਕੀਤੀ ਜਾ ਸਕੇ।
ਸ. ਬਾਦਲ ਨੇ ਖੇਤੀ ਸੰਕਟ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਵਿੱਚ ਬਣੀਆਂ ਬਹੁਤੀਆਂ ਸਰਕਾਰਾਂ ਨੇ ਮੁਲਕ ਦੇ ਫੈਡਰਲ ਢਾਂਚੇ ਨੂੰ ਤਹਿਸ-ਨਹਿਸ ਕਰਕੇ ਸਾਰੇ ਅਧਿਕਾਰਾਂ ਦਾ ਕੇਂਦਰੀਕਰਨ ਹੋਣ ਨਾਲ ਖੇਤੀਬਾੜੀ ਖੇਤਰ ਦੇ ਲੜਖੜਾਉਣ ਦਾ ਵੱਡਾ ਕਾਰਨ ਬਣਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਇਕ ਆਮ ਜਿਹਾ ਖੇਤਰ ਸਮਝ ਕੇ ਇਸ ਵੱਲ ਲੋੜੀਂਦੀ ਤਵੱਜੋ ਨਹੀਂ ਦਿੱਤੀ ਗਈ। ਸ. ਬਾਦਲ ਨੇ ਕਿਹਾ ਕਿ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ ਖੇਤੀ ਖੇਤਰ ਵੱਲ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮੁਲਕ ਦੀ ਤਕਰੀਬਨ 65 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਦੇ ਇਸ ਸਾਧਨ ਨੂੰ ਬਚਾਇਆ ਜਾ ਸਕੇ।
ਮੁੱਖ ਮੰਤਰੀ ਨੇ ਖੇਤੀ ਵਿਗਿਆਨੀਆਂ, ਮਾਹਿਰਾਂ ਅਤੇ ਕਿਸਾਨਾਂ ਦੇ ਆਪਸੀ ਤਾਲਮੇਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਤਜਰਬੇ ਤੇ ਮੁਹਾਰਤ ਅਤੇ ਖੇਤੀ ਮਾਹਿਰਾਂ ਦੇ ਤਕਨੀਕੀ ਤੇ ਵਿਗਿਆਨਕ ਗਿਆਨ ਦੇ ਸੁਮੇਲ ਨਾਲ ਬਹੁਤ ਹੀ ਚੰਗੇ ਅਤੇ ਸਾਰਥਕ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਸੇਵਾ-ਮੁਕਤ ਹੋ ਚੁੱਕੇ ਖੇਤੀ ਵਿਗਿਆਨੀਆਂ ਤੇ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ਸਿਰ ਪੰਜਾਬ ਸਰਕਾਰ ਨੂੰ ਆਪਣੇ ਕੀਮਤੀ ਸੁਝਾਅ ਤੇ ਮਸ਼ਵਰੇ ਜ਼ਰੂਰ ਦਿੰਦੇ ਰਿਹਾ ਕਰਨ ਤਾਂ ਕਿ ਖੇਤੀ ਬਾਰੇ ਨੀਤੀਆਂ ਤੇ ਪ੍ਰੋਗਰਾਮ ਉਲੀਕਣ ਵਿੱਚ ਉਨ੍ਹਾਂ ਦੀ ਮੁਹਾਰਤ ਦਾ ਲਾਹਾ ਲਿਆ ਜਾ ਸਕੇ। ਮੁੱਖ ਮੰਤਰੀ ਨੇ ਆਖਿਆ ਕਿ ਖੇਤੀ ਵਿਗਿਆਨੀਆਂ ਨੂੰ ਮੱਕੀ ਤੇ ਹੋਰ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਹੋਰ ਵਧੇਰੇ ਖੋਜ ਕਰਨੀ ਚਾਹੀਦੀ ਹੈ।
ਖੇਤੀ ਵਿਗਿਆਨੀਆਂ ਤੇ ਮਾਹਿਰਾਂ ਵੱਲੋਂ ਖੇਤੀ ਦੇ ਵਿਕਾਸ ਵਿੱਚ ਪਾਏ ਗਏ ਭਰਪੂਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਇਨ੍ਹਾਂ ਵਿਗਿਆਨੀਆਂ ‘ਤੇ ਬਹੁਤ ਫਖ਼ਰ ਹੈ ਜਿਨ੍ਹਾਂ ਨੇ ਨਾ ਸਿਰਫ ਮੁਲਕ ਵਿੱਚ ਹੀ ਸਗੋਂ ਦੁਨੀਆ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਵਿਗਿਆਨੀਆਂ ਦੇ ਅੱਜ ਕੀਤੇ ਸਨਮਾਨ ਨੂੰ ਉਨ੍ਹਾਂ ਦਾ ਇਕ ਬਹੁਤ ਹੀ ਨਿਮਾਣਾ ਜਿਹਾ ਉਪਰਾਲਾ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਪਾਏ ਗਏ ਯੋਗਦਾਨ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ-ਪਾਣੀ ਦੀ ਸਹੂਲਤ ਨੂੰ ਬਿਲਕੁਲ ਵਾਜਬ ਕਰਾਰ ਦਿੰਦਿਆਂ ਕਿਹਾ ਕਿ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ ਖੇਤੀ ਨੂੰ ਬਹੁਤ ਵੱਡੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਸਬਸਿਡੀਆਂ ਦੇਣ ਤੋਂ ਬਿਨਾਂ ਖੇਤੀ ਬਚ ਹੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਬਸਿਡੀਆਂ ਦੇਣ ਨਾਲ ਖੇਤੀ ਦੀ ਪੈਦਾਵਾਰ ਵਧਣ ਦੇ ਨਾਲ-ਨਾਲ ਖੇਤੀ ਦੀ ਲਾਗਤ ਵੀ ਘਟਦੀ ਹੈ ਅਤੇ ਸਿੱਟੇ ਵਜੋਂ ਕਿਸਾਨ ਨੂੰ ਥੋੜ੍ਹਾ-ਬਹੁਤ ਫਾਇਦਾ ਹੋ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕਿਹਾ ਕਿ ਇਸ ਵੇਲੇ ਖੇਤੀਬਾੜੀ ਖਾਸ ਕਰਕੇ ਛੋਟੇ ਕਿਸਾਨਾਂ ਦੀ ਭਲਾਈ ਬਾਰੇ ਨੀਤੀਆਂ ਨੂੰ ਮੁੜ ਵਿਉਂਤ ਕੇ ਇਨ੍ਹਾਂ ਨੂੰ ਕਿਸਾਨ ਪੱਖੀ ਬਣਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਦਾ ਬੋਝ ਹਲਕਾ ਕਰਨ ਲਈ ਕੇਂਦਰ ਸਰਕਾਰ ਨੂੰ ਖੇਤੀ ਕਾਰਜਾਂ ਲਈ ਜ਼ੀਰੋ ਫੀਸਦੀ ਦੀ ਦਰ ‘ਤੇ ਕਰਜ਼ਾ ਮੁਹੱਈਆ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਸ. ਬਾਦਲ ਨੇ ਇਸ ਖੇਤੀ ਸੰਮੇਲਨ ਦੀ ਕਾਮਯਾਬੀ ‘ਤੇ ਆਪਣੀ ਖੁਸ਼ੀ ਤੇ ਤਸੱਲੀ ਪ੍ਰਗਟ ਕਰਦਿਆਂ ਸੂਬਾ ਸਰਕਾਰ ਦੇ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਜਿਸ ਨੇ ਬਹੁਤ ਹੀ ਥੋੜ੍ਹੇ ਸਮੇਂ ਅਤੇ ਬਹੁਤ ਹੀ ਚੁਣੌਤੀਆਂ ਦੇ ਬਾਵਜੂਦ ਸਮਾਗਮ ਲਈ ਸ਼ਾਨਦਾਰ ਪ੍ਰਬੰਧ ਕੀਤੇ।
ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਭਾਵਪੂਰਤ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਦੀ ਅਗਵਾਈ ਪਿਛਲੇ 60 ਸਾਲਾਂ ਤੋਂ ਸ. ਬਾਦਲ ਵਰਗੇ ਬਹੁਤ ਹੀ ਜਾਗਰੂਕ, ਸੁਲਝੇ ਅਤੇ ਗਤੀਸ਼ੀਲ ਆਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਇਹ ਵਿਲੱਖਣ ਖੇਤੀਬਾੜੀ ਸੰਮੇਲਨ ਦੂਜੇ ਸੂਬਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗਾ।
ਸਮਾਗਮ ਦੀ ਸ਼ੁਰੂਆਤ ਵਿੱਚ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਨੇ ਵਿਗਿਆਨੀਆਂ ਤੇ ਖੇਤੀ ਮਾਹਿਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸੰਮੇਲਨ ਦੀ ਰੂਪ-ਰੇਖਾ ਵਿਉਂਤਣ ਵੇਲੇ ਹੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਸੀ ਕਿ ਖੇਤੀ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਮਾਹਿਰਾਂ ਦਾ ਸਨਮਾਨ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਖੇਤੀ ਸੰਮੇਲਨ ਮਾਹਿਰਾਂ, ਕਿਸਾਨਾਂ ਅਤੇ ਵਿਗਿਆਨੀਆਂ ਦੇ ਪਰਿਵਾਰਾਂ ਨੂੰ ਵੀ ਸੱਦਿਆ ਜਾਇਆ ਕਰੇਗਾ। ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸੰਮੇਲਨ ਦੇ ਹਿੱਸੇ ਵਜੋਂ ਲਾਈਆਂ ਗਈਆਂ ਵੱਖ-ਵੱਖ ਪ੍ਰਦਰਸ਼ਨੀਆਂ ਵਿੱਚ ਕਿਸਾਨਾਂ ਨੇ ਗਹਿਰੀ ਦਿਲਚਸਪੀ ਦਿਖਾਈ ਹੈ ਅਤੇ ਇਨ੍ਹਾਂ ਦੋ ਦਿਨਾਂ ਵਿੱਚ ਹੀ ਤਕਰੀਬਨ 20 ਹਜ਼ਾਰ ਕਿਸਾਨਾਂ ਨੇ ਇਨ੍ਹਾਂ ਨੁਮਾਇਸ਼ਾ ਦੌਰਾ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਹੈ।
ਇਸ ਮੌਕੇ ਬੋਰਲੌਗ ਇੰਸਟੀਚਿਊਟ ਆਫ ਸਾਊਥ ਏਸ਼ੀਆ, ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚਕਾਰ ਤਿੰਨ ਸਾਲਾਂ ਦੇ ਅਰਸੇ ਲਈ ਤਿੰਨ ਧਿਰੀ ਇਕਰਾਰਨਾਮਾ ਵੀ ਹੋਇਆ ਜਿਸ ਤਹਿਤ ਪੰਜਾਬ ਵਿੱਚ ਕਿਸਾਨੀ ਨੂੰ ਪਾਣੀ ਦੀ ਸਤਹਿ ਨੀਵੀਂ ਹੋਣ, ਮੌਸਮ ਵਿੱਚ ਗੜਬੜੀ, ਮਜ਼ਦੂਰਾਂ ਦੀ ਕਿੱਲਤ ਅਤੇ ਖਾਦਾਂ ਦੀਆਂ ਦਿਨੋ-ਦਿਨ ਵਧ ਰਹੀਆਂ ਕੀਮਤਾਂ ਵਰਗੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਖੋਜ ਕੀਤੀ ਜਾਵੇਗੀ। ਇਸ ਇਕਰਾਰਨਾਮੇ ‘ਤੇ ਬੋਰਲੌਗ ਦੇ ਡਾਇਰੈਕਟਰ ਜਨਰਲ ਸ੍ਰੀ ਥਾਮਸ ਏ. Ñਲੰਪਕਿਨ ਅਥੇ ਪੰਜਾਬ ਸਰਕਾਰ ਵੱਲੋਂ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ ਨੇ ਹਸਤਾਖ਼ਰ ਕੀਤੇ।
ਇਸ ਮੌਕੇ ‘ਤੇ ਪੰਜਾਬ ਦੀ ਤਜਵੀਜ਼ਤ ਖੇਤੀ ਨੀਤੀ-2013 ਤਹਿਤ ਇੰਡੀਆਨ ਸਕੂਲ ਆਫ਼ ਬਿਜ਼ਨਸ, ਮੁਹਾਲੀ ਦੇ ਪ੍ਰਾਜੈਕਟ ਕੋਆਰਡੀਨੇਟਰ ਸ੍ਰੀ ਸੁਖਮੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਕਿਨੂੰ, ਮੱਕੀ, ਜੰਗਲਾਤ, ਹਲਦੀ ਤੇ ਮੂੰਗ ਦੀਆਂ ਫਸਲਾਂ ਹੇਠ ਰਕਬੇ ਦੇ ਵਾਧੇ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦੀ ਇਕ ਰਿਪੋਰਟ ਵੀ ਜਾਰੀ ਕੀਤੀ ਗਈ।
Êਪੰਜਾਬ ਸਰਕਾਰ ਵੱਲੋਂ ਅੱਜ ਜਿਹੜੇ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਡਾ. ਐਮ.ਐਸ. ਸਵਾਮੀਨਾਥਨ, ਡਾ. ਜੀ.ਐਸ. ਖੁਸ਼, ਡਾ. ਜੇ.ਐਸ. ਕੰਵਰ, ਡਾ. ਡੀ.ਆਰ. ਭੁੰਬਲਾ, ਡਾ. ਜੇ.ਐਸ. ਕਾਲਕਟ, ਡਾ.ਬੀ.ਐਲ. ਚੋਪੜਾ, ਡਾ. ਐਸ. ਅਈਅੱਪਨ, ਡਾ. ਦੀਪਕ ਪੇਂਟਲ, ਡਾ. ਗੁਰਬਚਨ ਸਿੰਘ, ਡਾ.ਆਰ.ਐਮ. ਅਚਾਰੀਆ, ਡਾ. ਬੀ.ਐਨ. ਭੱਟ, ਡਾ. ਕੇ.ਐਲ. ਚੱਢਾ, ਡ. ਐਮ.ਵੀ.ਰਾਓ, ਡਾ. ਬੀ.ਐਸ. ਪਾਠਕ, ਡਾ.ਏ.ਐਸ. ਖਹਿਰਾ, ਡਾ. ਕੇ. ਪ੍ਰਧਾਨ, ਡਾ.ਆਰ. ਨਗਰਸੇਨਕਰ, ਡਾ. ਖੇਮ ਸਿੰਘ ਗਿੱਲ, ਡਾ. ਕੇ.ਐਸ. ਨੰਦਪੁਰੀ, ਡਾ. ਬੀ.ਐਸ. ਢਿੱਲੋਂ, ਡਾ. ਵੀ.ਕੇ. ਤਨੇਜਾ, ਡਾ. ਜੇ.ਸੀ. ਬਖਸ਼ੀ, ਡਾ.ਐਸ.ਐਸ. ਪਰਿਹਾਰ, ਡਾ. ਐਸ.ਕੇ. ਵਸਲ, ਡਾ.ਐਸ.ਐਸ. ਗਰਚਾ, ਡਾ. ਟੀ.ਐਸ. ਸੋਹਲ, ਡਾ.ਐਸ.ਆਰ. ਵਰਮਾ, ਡਾ. ਐਸ.ਐਸ. ਵਿਰਮਾਨੀ, ਡਾ. ਐਸ.ਡੀ.ਖੇਪਰ, ਡਾ.ਐਮ.ਐਸ. ਬਾਜਵਾ, ਡਾ. ਜੀ.ਐਸ ਨੰਦਾ, ਡਾ. ਡੀ.ਐਸ. ਬਰਾੜ, ਡਾ. ਜੀ.ਐਸ. ਚਾਹਲ, ਡਾ.ਵੀ.ਕੇ. ਸ਼ਰਮਾ, ਡਾ.ਆਈ.ਕੇ. ਗਰਗ, ਡਾ.ਏ.ਕੇ. ਸਿੰਘ, ਡਾ. ਵੀ.ਪੀ. ਸਿੰਘ, ਡਾ. ਪੀ.ਕੇ. ਅਗਰਵਾਲ, ਡਾ. ਐਚ.ਕੇ. ਜੈਨ, ਡਾ. ਬਲਜੀਤ ਸਿੰਘ ਗਿੱਲ, ਡਾ. ਜੀ.ਐਸ. ਦੇਵ, ਡਾ. ਐਨ.ਆਰ. ਭਸੀਨ, ਡਾ. ਦਿਆਲ ਸਿੰਘ ਬਲੇਨ, ਡਾ. ਸੋਹਣ ਸਿੰਘ ਰਾਠੌਰ, ਡਾ. ਜੀ.ਐਸ. ਕੰਗ, ਡਾ. ਡੀ.ਕੇ. ਸ਼ਰਮਾ, ਡਾ. ਕੇ.ਵੀ. ਪ੍ਰਭੂ, ਡਾ. ਐਸ. ਨਾਗਾਰਾਜਨ, ਡਾ. ਰਮੇਸ਼ ਚੰਦ ਅਤੇ ਡਾ. ਭਵਰ ਲਾਲ ਜੈਨ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜਿਹੜੇ ਵਿਗਿਆਨੀ ਅੱਜ ਦੇ ਸਮਾਗਮ ਵਿੱਚ ਪਹੁੰਚ ਨਹੀਂ ਸਕੇ, ਉਨ੍ਹਾਂ ਦਾ ਸਨਮਾਨ ਉਨ੍ਹਾਂ ਨੂੰ ਪਹੁੰਚਦਾ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂੰ ਅਤੇ ਵਿਸ਼ੇਸ਼ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਸਕੱਤਰ ਮੰਡੀ ਬੋਰਡ ਸ੍ਰੀ ਦੀਪਇੰਦਰ ਸਿੰਘ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਏ.ਐਸ. ਮਿਗਲਾਨੀ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਗੁਹਾਟੀ (ਅਸਾਮ) ਵਿਖੇ ਚੱਲ ਰਹੇ ਸੂਰਾਂ ਦੇ ਕੌਮੀ ਖੋਜ ਕੇਂਦਰ ਦੇ ਪ੍ਰਮੁੱਖ ਵਿਗਿਆਨੀ ਡਾ. ਐਮ.ਕੇ. ਤਾਮੁਲੀ ਦੀ ਅਗਵਾਈ ਵਿੱਚ 30 ਸੂਰ ਪਾਲਕਾਂ ਦੇ ਵਫ਼ਦ ਨੇ ਸੰਮੇਲਨ ਦੌਰਾਨ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਨਾਂ੍ਹ ਨੂੰ ਸੂਰ ਪਾਲ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਤਜਰਬਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸੂਰ ਪਾਲਣ ਅਤੇ ਡੇਅਰੀ ਫਾਰਮਿੰਗ ਸਬੰਧੀ ਆਪਣੇ ਤਜਰਬਿਆਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।

Facebook Comment
Project by : XtremeStudioz