Close
Menu

ਪੰਜਾਬੀਆਂ ਦੀਆਂ ਨਜ਼ਰਾਂ ਵਿੱਚੋਂ ਹੀ ਡਿਗ ਗਏ ਹਨ ਬਾਦਲ : ਭਗਵੰਤ ਮਾਨ

-- 29 March,2019

– ਬਾਦਲਾਂ ਦੇ ਮਾਫ਼ੀਆ ਰਾਜ ਦਾ ਸੰਤਾਪ ਕਈ ਦਹਾਕੇ ਤੱਕ ਨਹੀਂ ਭੁੱਲਦੇ ਪੰਜਾਬ ਦੇ ਲੋਕ
– ਕੈਪਟਨ ਨੇ ਬਾਦਲਾਂ ਦੇ ਰਾਹ ਚੱਲ ਕੇ ਪੰਜਾਬ ਦੇ ਲੋਕਾਂ ਨੂੰ ਹੋਰ ਜ਼ਿਆਦਾ ਕੀਤਾ ਨਿਰਾਸ਼
– ਹਰ ਰੋਜ਼ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਮੌਤਾਂ ‘ਤੇ ਕਿਉਂ ਚੁੱਪ ਹਨ ਕੈਪਟਨ ਤੇ ਬਾਦਲ?

ਚੰਡੀਗੜ੍ਹ 29 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬਾਦਲ ਪਰਿਵਾਰ ਹੁਣ ਪੰਜਾਬੀਆਂ ਦੀਆਂ ਨਜ਼ਰਾਂ ਵਿੱਚੋਂ ਹੀ ਡਿੱਗ ਚੁੱਕਿਆ ਹੈ। ਇਸ ਲਈ ਬਾਦਲਾਂ ਦਾ ਟੱਬਰ ਹੁਣ ਜਿੰਨੀ ਮਰਜ਼ੀ ਭੱਜ-ਨੱਠ ਕਰਦਾ ਫਿਰੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੇ ਬਾਦਲ ਸਰਕਾਰ ਦੇ 10 ਸਾਲਾ ਮਾਫ਼ੀਆ ਰਾਜ ਨੇੜਿਓਂ ਦੇਖਿਆ ਹੈ ਅਤੇ ਉਸ ਦਾ ਸੰਤਾਪ ਪੰਜਾਬ ਦੇ ਲੋਕ ਕਈ ਦਹਾਕਿਆਂ ਤੱਕ ਨਹੀਂ ਭੁੱਲ ਸਕਦੇ।
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਪੰਜਾਬ ਦੀ ਕਮਾਨ ਸੌਂਪੀ ਸੀ, ਪ੍ਰੰਤੂ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੂਬਹੂ ਬਾਦਲਾਂ ਦਾ ਰਾਹ ਫੜ ਕੇ ਪੰਜਾਬ ਦੇ ਲੋਕਾਂ ਨੂੰ ਹੋਰ ਜ਼ਿਆਦਾ ਨਿਰਾਸ਼ ਕਰ ਦਿੱਤਾ ਹੈ। ਇਸ ਲਈ ਸੂਬੇ ਦੇ ਲੋਕ ਬਾਦਲਾਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਵੀ ਸਬਕ ਸਿਖਾਉਣਗੇ।
ਭਗਵੰਤ ਮਾਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਕੱਲ੍ਹ ਇਹ ਟੱਬਰ ਕਦੇ ਗੰਨੇ ਦੇ ਬਕਾਏ ਲਈ ਧਰਨੇ ‘ਤੇ ਬੈਠੇ ਕਿਸਾਨਾਂ ਕੋਲ ਅਤੇ ਕਦੇ ਸੰਘਰਸ਼ ਕਰ ਰਹੀਆਂ ਨਰਸਾਂ ਕੋਲ ਜਾ ਕੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ। ਪਰ ਪੰਜਾਬ ਦੇ ਲੋਕ ਨਾ ਤਾਂ ਏਨੇ ਭੁਲੱਕੜ ਅਤੇ ਨਾ ਹੀ ਬੇਸਮਝ ਹਨ। ਹੱਕਾਂ ਲਈ ਸੰਘਰਸ਼ ਕਰਦੇ ਕਿਸਾਨਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕਾ ਭਰਤੀ ਕਰਮਚਾਰੀਆਂ ਉੱਤੇ ਬਾਦਲ ਸਰਕਾਰ ਦੇ ਪ੍ਰਸ਼ਾਸਨ ਅਤੇ ਮੰਤਰੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਅੱਜ ਵੀ ਬੱਚੇ-ਬੱਚੇ ਦੇ ਜ਼ਿਹਨ ਵਿੱਚ ਉਸੇ ਤਰ੍ਹਾਂ ਹੀ ਤਾਜ਼ਾ ਹੈ ਜਿਵੇਂ ਹਾਲ ਹੀ ਦੌਰਾਨ ਕੈਪਟਨ ਸਰਕਾਰ ਵੱਲੋਂ ਪਟਿਆਲਾ ਵਿਖੇ ਮਹਿਲਾ ਅਧਿਆਪਕਾਂ ਉੱਤੇ ਢਾਹਿਆ ਜ਼ੁਲਮ ਚੇਤੇ ਹੈ।
ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ਾਂ ‘ਚ ਘਿਰੇ ਸਮੁੱਚੀ ਕੌਮ ਦੀਆਂ ਨਜ਼ਰਾਂ ਚੋਂ ਡਿੱਗ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਜੱਗ ਜ਼ਾਹਿਰ ਹਨ।
ਭਗਵੰਤ ਮਾਨ ਨੇ ਹਰ ਰੋਜ਼ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਬਾਦਲ ਵੀ ਪੂਰੀ ਤਰ੍ਹਾਂ ਚੁੱਪ ਹਨ। ਜਦ ਕਿ ਕਰਜ਼ੇ ਕਾਰਨ ਪ੍ਰੇਸ਼ਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਆਤਮ ਹੱਤਿਆਵਾਂ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨਾਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਅੱਜ ਫਿਰ ਤਿੰਨ ਕਿਸਾਨਾਂ ਵੱਲੋਂ ਆਤਮ ਹੱਤਿਆ ਅਤੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਦੀ ਖ਼ਬਰ ਹੈ।

Facebook Comment
Project by : XtremeStudioz