Close
Menu

ਪੰਜਾਬ ਸਰਕਾਰ ਭਲਕੇ ਮਜੀਠੀਆ ਖਿਲਾਫ਼ ਧਮਕੀਆਂ ਦੇਣ ਅਤੇ ਮਾਣਹਾਨੀ ਦਾ ਕੇਸ ਦਾਇਰ ਕਰੇਗੀ

-- 13 May,2019

ਅਕਾਲੀਆਂ ਨੂੰ ਕੁੰਵਰ ਵਿਜੈ ਪ੍ਰਤਾਪ ਜਾਂ ਕਿਸੇ ਹੋਰ ਅਫਸਰ ਨੂੰ ਧਮਕਾਉਣ ਜਾਂ ਮੰਦੀ ਸ਼ਬਦਾਵਲੀ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗਾ-ਮੁੱਖ ਮੰਤਰੀ

ਚੰਡੀਗੜ, 13 ਮਈ

ਬਿਕਰਮ ਸਿੰਘ ਮਜੀਠੀਆ ਵੱਲੋਂ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਪਮਾਨਜਨਕ ਢੰਗ ਨਾਲ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਭਲਕੇ ਅਕਾਲੀ ਲੀਡਰ ਵਿਰੁੱਧ ਧਮਕਾਉਣ ਅਤੇ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ।

ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਦਾਇਰ ਕੀਤਾ ਜਾ ਰਿਹਾ ਹੈ ਜਿਨਾਂ ਨੇ ਸੂਬਾ ਸਰਕਾਰ ਦੇ ਕਾਨੰੂਨੀ ਮਾਹਿਰਾਂ ਦੀ ਟੀਮ ਨੂੰ ਅਦਾਲਤ ਕੋਲ ਇਸ ਮਾਮਲੇ ਦੀ ਪੈਰਵੀ ਕਰਨ ਲਈ ਆਖਿਆ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਕਾਲੀਆਂ ਜਾਂ ਕਿਸੇ ਹੋਰ ਵੱਲੋਂ ਉਨਾਂ ਦੇ ਅਫਸਰਾਂ ਨੂੰ ਅੱਖਾਂ ਵਿਖਾਉਣ ਜਾਂ ਧਮਕੀਆਂ ਦੇਣ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਇਹ ਪੁਰਾਣੀ ਆਦਤ ਹੈ ਕਿ ਜਿਹੜਾ ਵੀ ਇਨਾਂ ਵਿਰੁੱਧ ਜਾਣ ਦੀ ਜੁਅੱਰਤ ਕਰਦਾ ਹੈ ਤਾਂ ਇਹ ਉਨਾਂ ਨੂੰ ਧਮਕਾਉਣ ’ਤੇ ਉਤਾਰੂ ਹੋ ਜਾਂਦੇ ਹਨ। ਉਨਾਂ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਵੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਏ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੀ ਸੀ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਇੰਟਰਵਿੳੂ ਵਿੱਚ (ਇਕ ਵੀਡੀਓ ਜੋ ਵਾਇਰਲ ਹੋਈ ਹੈ) ਮਜੀਠੀਆ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਰੁੱਧ ਮੰਦੀ ਸ਼ਬਦਾਵਲੀ ਵਰਤਣਾ ਅਤੇ ਧਮਕੀਆਂ ਦੇਣਾ ਇਹ ਸਿੱਧ ਕਰਦਾ ਹੈ ਕਿ ਅਕਾਲੀ ਲੀਡਰ ਇਸ ਕਰਕੇ ਪੂਰੀ ਤਰਾਂ ਬੁਲਖਾਹਟ ਵਿੱਚ ਹਨ ਕਿ ਆਈ.ਜੀ. ਮੁੜ ਐਸ.ਆਈ.ਟੀ. ’ਚ ਪਰਤਣ ਵਾਲਾ ਹੈ ਅਤੇ ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ ’ਚ ਇਨਾਂ ਖਿਲਾਫ਼ ਜਾਂਚ ਮੁੜ ਸ਼ੁਰੂ ਹੋ ਜਾਣੀ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ,‘‘ਆਈ.ਜੀ. ਵੱਲੋਂ ਆਪਣੀ ਜਾਂਚ ਪੂਰੀ ਕੀਤੀ ਜਾਵੇਗੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨਾਂ ਵੱਲੋਂ ਮੁਕੰਮਲ ਕੀਤੀ ਜਾਂਚ ਨੂੰ ਕਾਨੂੰਨੀ ਪ੍ਰਿਆ ਰਾਹੀਂ ਸਿੱਟੇ ’ਤੇ ਲਿਜਾਇਆ ਜਾਵੇ ਤਾਂ ਕਿ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਸਕੇ।’’ 

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਨੇ ਚੋਣ ਕਮਿਸ਼ਨ ਦਾ ਸਹਾਰਾ ਲੈ ਕੇ ਕੁੰਵਰ ਵਿਜੈ ਪ੍ਰਤਾਪ ਦਾ ਐਸ.ਆਈ.ਟੀ. ’ਚੋਂ ਤਬਾਦਲਾ ਕਰਵਾਇਆ ਅਤੇ ਜਾਂਚ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਕਿਉਂ ਜੋ ਚੋਣ ਕਮਿਸ਼ਨ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਥਠੋਕੇ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਭਾਵੇਂ ਕਿ ਉਹ ਮਹਿਸੂਸ ਕਰਦੇ ਹਨ ਕਿ ਉਨਾਂ ਨੂੰ ਕੁਝ ਦਿਨ ਦਾ ਫਾਇਦਾ ਮਿਲ ਗਿਆ ਪਰ ਉਨਾਂ ਨੂੰ ਛੇਤੀ ਮੁੜ ਇਸ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਕਿਹਾ ਕਿ ਅਕਾਲੀ ਲੀਡਰ ਇਸ ਵੇਲੇ ਪੂਰੀ ਤਰਾਂ ਬੁਖਲਾਏ ਹੋਏ ਹਨ ਜਿਸ ਕਰਕੇ ਉਹ ਨਿੱਜੀ ਹਮਲਿਆਂ ਅਤੇ ਧਮਕੀਆਂ ’ਤੇ ਉੱਤਰ ਆਏ ਹਨ।

ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਅਕਾਲੀ ਆਪਣੇ ਕੀਤੇ ਹੋਏ ਕਾਰਿਆਂ ਲਈ ਕਾਨੂੰਨ ਤੋਂ ਨਹੀਂ ਬਚਣਗੇ। ਉਨਾਂ ਨੇ ਦੁਹਰਾਇਆ ਕਿ ਬੇਅਦਬੀ ਘਟਨਾਵਾਂ ਬਾਦਲਾਂ ਤੇ ਉਨਾਂ ਦੀ ਜੁੰਡਲੀਆਂ ਦੇ ਨੱਕ ਹੇਠ ਵਾਪਰੀਆਂ ਅਤੇ ਗੋਲੀ ਚੱਲਣ ਦੀ ਘਟਨਾਵਾਂ ਵੀ ਇਨਾਂ ਦੀ ਜਾਣਕਾਰੀ ਤੋਂ ਬਿਨਾਂ ਨਹੀਂ ਵਾਪਰ ਸਕਦੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਦੀ ਪ੍ਰਿਆ ਮੁੱਕਣ ਤੋਂ ਤੁਰੰਤ ਬਾਅਦ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਮੁੜ ਐਸ.ਆਈ.ਟੀ. ’ਚ ਸ਼ਾਮਲ ਹੋਵੇਗਾ ਤਾਂ ਕਿ ਜਾਂਚ ਨੂੰ ਸਿੱਟੇ ’ਤੇ ਲਿਜਾਇਆ ਜਾ ਸਕੇ।

ਮੁੱਖ ਮੰਤਰੀ ਨੇ ਐਲਾਨ ਕੀਤਾ,‘‘ਜੇਕਰ ਮਜੀਠੀਆ ਜਾਂ ਕੋਈ ਹੋਰ ਇਹ ਸੋਚਦਾ ਹੈ ਕਿ ਉਹ ਮੇਰੇ ਅਫਸਰਾਂ ਨੂੰ ਧਮਕਾ ਸਕਦੇ ਹਨ ਤਾਂ ਉਹ ਅਜਿਹਾ ਕਰਨ ਲਈ ਇਕ ਵਾਰ ਫੇਰ ਸੋਚਣ। ਮੈਂ ਆਪਣੇ ਅਫਸਰਾਂ ਨੂੰ ਧਮਕਾਉਣ ਜਾਂ ਨਿੱਜੀ ਹਮਲੇ ਨਹੀਂ ਕਰਨ ਦੇਵਾਂਗਾ। ਜਿਹੋ ਜਿਹਾ ਜੰਗਲ ਰਾਜ ਅਕਾਲੀਆਂ ਦੀ ਸਰਕਾਰ ਸਮੇਂ ਹੁੰਦਾ ਸੀ, ਅਜਿਹਾ ਰਾਜ ਮੇਰੀ ਸਰਕਾਰ ਮੌਕੇ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।’’

Facebook Comment
Project by : XtremeStudioz