Close
Menu

ਪੰਜਾਬ ਸਰਕਾਰ ਵਲੋਂ ਮਾਲਵਾ ਖੇਤਰ ਨੂੰ ਤੋਹਫ਼ਾ ਸੰਗਰੂਰ-ਖ਼ਨੌਰੀ ਮਾਰਗ ਹੋਵੇਗਾ ਚਾਰ ਮਾਰਗੀ : ਢਿੱਲੋਂ

-- 03 December,2013

roaddਚੰਡੀਗੜ੍ਹ,3 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਸਰਕਾਰ ਵਲੋਂ ਸੰਗਰੂਰ-ਖ਼ਨੌਰੀ ਸੜਕੀ ਮਾਰਗ (ਕੌਮੀ ਸ਼ਾਹਰਾਹ-71) ਨੂੰ ਚਾਰ ਮਾਰਗੀ ਕੀਤਾ ਜਾਵੇਗਾ ਅਤੇ ਇਸ ਸਬੰਧੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਾਜੈਕਟ 600 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਪੂਰਾ ਕੀਤਾ ਜਾਵੇਗਾ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਾਲਵਾ ਖੇਤਰ ਦਾ ਕੇਂਦਰੀ ਰਾਜਧਾਨੀ ਨਾਲ ਸੰਪਰਕ ਹੋਰ ਮਜ਼ਬੂਤ ਕਰਨ ਲਈ 60 ਕਿਲੋਮੀਟਰ ਲੰਬਾਈ ਵਾਲੇ ਕੌਮੀ ਸ਼ਾਹਰਾਹ-71 ਸੰਗਰੂਰ-ਖ਼ਨੌਰੀ ਸੜਕੀ ਮਾਰਗ ਨੂੰ ਚਾਰ ਮਾਰਗੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਜੂਨ 2016 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਇਸ ਪ੍ਰਾਜੈਕਟ ਨੂੰ ਮਾਲਵਾ ਖੇਤਰ ਲਈ ਤੋਹਫ਼ਾ ਦੱਸਦਿਆਂ ਕਿਹਾ ਕਿ ਹਰਿਆਣਾ ਸੂਬੇ ਰਾਹੀਂ ਦਿੱਲੀ ਨਾਲ ਜੁੜਦੇ ਇਸ ਅਤਿਅੰਤ ਲੋੜੀਂਦੇ ਪ੍ਰਾਜੈਕਟ ਦੇ ਬਣਨ ਨਾਲ ਮਾਲਵਾ ਖੇਤਰ ਦਾ ਸੜਕੀ ਨੈੱਟਵਰਕ ਮਜ਼ਬੂਤ ਹੋਵੇਗਾ।
ਸ. ਢਿਲੋਂ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੁਯੋਗ ਅਗਵਾਈ ਅਤੇ ਰਹਿਨੁਮਾਈ ‘ਚ ਸਰਕਾਰ ਵਲੋਂ ਸੂਬੇ ‘ਚ ਨਿਰੰਤਰ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 565 ਕਰੋੜ ਰੁਪਏ ਦੀ ਲਾਗਤ ਨਾਲ 33 ਰੇਲਵੇ ਓਵਰ ਅਤੇ ਅੰਡਰ ਬ੍ਰਿਜ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 110 ਕਰੋੜ ਰੁਪਏ ਦੀ ਲਾਗਤ ਨਾਲ 6 ਰੇਲਵੇ ਓਵਰ ਅਤੇ ਅੰਡਰ ਬ੍ਰਿਜਾਂ ਦਾ ਕੰਮ ਪ੍ਰਗਤੀ ਅਧੀਨ ਹੈ। ਇਹਨਾਂ ਵਿੱਚੋਂ 4 ਰੇਲਵੇ ਓਵਰ ਅਤੇ ਅੰਡਰ ਬ੍ਰਿਜਾਂ ਦਾ ਕੰਮ ਇਸੇ ਵਿੱਤੀ ਸਾਲ ਵਿੱਚ ਅਤੇ ਬਾਕੀ ਰਹਿੰਦੇ 2 ਰੇਲਵੇ ਓਵਰ ਅਤੇ ਅੰਡਰ ਬ੍ਰਿਜਾਂ ਦਾ ਕੰਮ ਅਗਲੇ ਵਿੱਤੀ ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ 95 ਕਰੋੜ ਰੁਪਏ ਦੀ ਲਾਗਤ ਨਾਲ 3 ਹੋਰ ਰੇਲਵੇ ਓਵਰ ਅਤੇ ਅੰਡਰ ਬ੍ਰਿਜਾਂ ਨੂੰ ਬਣਾਉਣ ਦੀ ਤਜਵੀਜ਼ ਹੈ, ਜਿਨ੍ਹਾਂ ‘ਤੇ ਉਸਾਰੀ ਕਾਰਜ ਅਗਲੇ ਵਿੱਤੀ ਸਾਲ ਵਿੱਚ ਸ਼ੁਰੂ ਕੀਤਾ ਜਾਵੇਗਾ।
ਸ. ਢਿਲੋਂ ਨੇ ਅੱਗੇ ਦੱਸਿਆ ਕਿ 170 ਕਰੋੜ ਰੁਪਏ ਦੀ ਲਾਗਤ ਨਾਲ 7 ਹਾਈ ਲੈਵਲ ਪੁੱਲ, ਜਿਨ੍ਹਾਂ ਵਿੱਚ ਸਰਾਏ ਕਾ ਪੱਤਣ ਅਤੇ ਮੱਖੂ ਵਿਖੇ ਸਤਲੁਜ ਦਰਿਆ ‘ਤੇ ਅਤੇ ਅੰਮ੍ਰਿਤਸਰ ਵਿਖੇ ਯੂ.ਬੀ.ਡੀ.ਸੀ. ਉੱਤੇ ਮਲਟੀਲੇਨ ਪੁੱਲ ਸਾਮਲ ਹਨ, ਮੁਕੰਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ 270 ਕਰੋੜ ਰੁਪਏ ਦੀ ਲਾਗਤ ਨਾਲ 4 ਹਾਈ ਲੈਵਲ ਪੁੱਲ, ਜਿਨ੍ਹਾਂ ਵਿੱਚ ਸਤਲੁਜ ਐਟ ਮੱਤੇਵਾੜਾ, ਰੋਪੜ ਬਾਈਪਾਸ, ਬਿਆਸ ਐਟ ਧਨੋਆ ਪੱਤਣ ਅਤੇ ਚੱਕੀ ਨੇੜੇ ਮੀਰਥਲ ਸ਼ਾਮਲ ਹਨ, ਦਾ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ 4 ਹਾਈ ਲੈਵਲ ਬ੍ਰਿਜਾਂ ਵਿੱਚੋਂ 2 ਹਾਈ ਲੈਵਲ ਬ੍ਰਿਜਾਂ ਦਾ ਕੰਮ ਚਾਲੂ ਵਿੱਤੀ ਸਾਲ ਵਿੱਚ ਅਤੇ ਬਾਕੀ 2 ਹਾਈ ਲੈਵਲ ਬ੍ਰਿਜਾਂ ਦਾ ਕੰਮ ਅਗਲੇ ਵਿੱਤੀ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

Facebook Comment
Project by : XtremeStudioz